ਜਾਸ, ਜਲੰਧਰ : ਕਪੂਰਥਲਾ

ਜਾਸ, ਜਲੰਧਰ : ਕਪੂਰਥਲਾ ਰੋਡ ’ਤੇ ਵਰਿਆਣਾ ਪਿੰਡ ਸਥਿਤ ਕੂੜੇ ਦੇ ਡੰਪ 'ਤੇ ਮੰਗਲਵਾਰ ਸ਼ਾਮ ਨੂੰ ਦੁਬਾਰਾ ਅੱਗ ਭੜਕ ਉਠੀ। ਇਸ ਡੰਪ ਸਾਈਟ ’ਤੇ ਲਗਪਗ 40 ਸਾਲਾਂ ਤੋਂ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਕੂੜੇ ’ਚ ਪਲਾਸਟਿਕ ਤੇ ਸੁੱਕੇ ਕੂੜੇ ਕਾਰਨ ਅੱਗ ਲੱਗਦੀ ਹੈ। ਕੂੜਾ ਮੱਠੀ ਰਫ਼ਤਾਰ ਨਾਲ ਪ੍ਰੋਸੈਸ ਹੋ ਰਿਹਾ ਹੈ, ਜਿਸ ਕਾਰਨ ਇਸ ਤੋਂ ਕਈ ਕਿਸਮ ਦੀਆਂ ਗੈਸਾਂ ਪੈਦਾ ਹੁੰਦੀਆਂ ਹਨ। ਹੁਣ ਵਧੀ ਗਰਮੀ ’ਚ ਇਨ੍ਹਾਂ ਗੈਸਾਂ ਨਾਲ ਵਾਰ-ਵਾਰ ਅੱਗ ਲੱਗ ਰਹੀ ਹੈ। ਕੂੜੇ ਦੇ ਢੇਰ ਹੇਠਾਂ ਸੜਨ ਨਾਲ ਮੀਥੇਨ ਗੈਸ ਬਣਦੀ ਹੈ, ਜੋ ਕਿ ਬਹੁਤ ਜਲਣਸ਼ੀਲ ਹੁੰਦੀ ਹੈ। ਇਕ ਛੋਟੀ ਜਿਹੀ ਚੰਗਿਆੜੀ ਨਾਲ ਵੀ ਅੱਗ ਭੜਕ ਸਕਦੀ ਹੈ ਤੇ ਧਮਾਕੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਗਰਮੀਆਂ ’ਚ ਇਹ ਖ਼ਤਰਾ ਹੋਰ ਵਧ ਜਾਂਦਾ ਹੈ।
ਇਕ ਹਫ਼ਤਾ ਪਹਿਲਾਂ ਵੀ ਡੰਪ ਸਾਈਟ ’ਤੇ ਅੱਗ ਲੱਗੀ ਸੀ। ਉਸ ਵਕਤ ਲੋਕਾਂ ਦੀ ਸੂਚਨਾ 'ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਲਗਪਗ 6 ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਸੀ। ਹੁਣ ਦੁਬਾਰਾ ਅੱਗ ਲੱਗ ਗਈ ਹੈ ਤੇ ਇਸ ਨਾਲ ਆਸ-ਪਾਸ ਦੇ ਕਈ ਪਿੰਡ ਤੇ ਕਾਲੋਨੀਆਂ ਪ੍ਰਭਾਵਿਤ ਹੋ ਰਹੀਆਂ ਹਨ। ਆਸ-ਪਾਸ ਦੇ ਇਲਾਕਿਆਂ ਵਿਚ ਧੂੰਆਂ ਫੈਲ ਗਿਆ ਹੈ ਤੇ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਕਈ ਘੰਟਿਆਂ ਤੋਂ ਲਗਾਤਾਰ ਧੂੰਆਂ ਉੱਠ ਰਿਹਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕ ਵਰਿਆਣਾ ਪਿੰਡ, ਗੌਤਮ ਨਗਰ, ਨਿਊ ਗੌਤਮ ਨਗਰ, ਕਬੀਰ ਵਿਹਾਰ, ਲੈਦਰ ਕੰਪਲੈਕਸ ਤੇ ਮਾਤਾ ਸੰਤ ਕੌਰ ਨਗਰ ਦੇ ਲੋਕ ਹਨ। ਡੰਪ 'ਤੇ ਅੱਗ ਕਾਰਨ ਡੰਪ 'ਤੇ ਕੂੜਾ ਸੁੱਟਣ ਵਾਲੇ ਵਾਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਇਸ ਨਾਲ ਵਾਹਨਾਂ ਨੂੰ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਵਰਿਆਣਾ ਡੰਪ ਸ਼ਹਿਰ ਦਾ ਸਭ ਤੋਂ ਵੱਡਾ ਕੂੜਾ ਡੰਪ ਹੈ, ਜਿੱਥੇ ਹਰ ਰੋਜ਼ ਲਗਪਗ 450 ਟਨ ਕੂੜਾ ਸੁੱਟਿਆ ਜਾਂਦਾ ਹੈ। ਡੰਪ ਤੋਂ ਉੱਠੇ ਧੂੰਏਂ ਦਾ ਅਸਰ 3 ਤੋਂ 4 ਕਿੱਲੋਮੀਟਰ ਦੇ ਦਾਇਰੇ ’ਚ ਵੇਖਿਆ ਜਾ ਰਿਹਾ ਹੈ। ਹਾਲਾਂਕਿ ਧੂੰਆਂ ਆਸ-ਪਾਸ ਦੇ ਇਲਾਕੇ ’ਚ ਹੀ ਫੈਲਿਆ ਹੈ, ਜਦਕਿ ਪਿਛਲੀ ਵਾਰੀ ਇਹ ਦੂਰ-ਦੁਰਾਡੇ ਦੇ ਇਲਾਕਿਆਂ ’ਚ ਪੁੱਜ ਗਿਆ ਸੀ। ਲਗਪਗ 75 ਹਜ਼ਾਰ ਲੋਕ ਧੂੰਏਂ ਕਾਰਨ ਪ੍ਰਭਾਵਿਤ ਹੋ ਰਹੇ ਹਨ। ਕੂੜੇ ’ਚ ਪਲਾਸਟਿਕ, ਰਬੜ, ਮੈਡੀਕਲ ਵੈਸਟ ਤੇ ਈ-ਵੈਸਟ ਵੀ ਹੁੰਦੇ ਹਨ। ਇਨ੍ਹਾਂ ਦੇ ਸੜਨ ਨਾਲ ਕਾਰਬਨ ਮੋਨੋਆਕਸਾਈਡ, ਡਾਇਓਕਸਿਨ ਤੇ ਹੋਰ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ। ਇਸ ਨਾਲ ਅੱਖਾਂ ’ਚ ਜਲਨ, ਸਾਹ ਲੈਣ ’ਚ ਤਕਲੀਫ, ਖੰਘ ਤੇ ਸਿਰਦਰਦ ਦੀ ਸ਼ਿਕਾਇਤ ਵਧ ਰਹੀ ਹੈ। ਡੰਪ ਕਾਰਨ ਪਹਿਲਾਂ ਹੀ ਇਲਾਕੇ ’ਚ ਹਵਾ ਪਦੂਸ਼ਣ ਹੈ ਤੇ ਹੁਣ ਇਸ ਨਾਲ ਪਦੂਸ਼ਣ ਹੋਰ ਵਧ ਰਿਹਾ ਹੈ। ਵਰਿਆਣਾ ਡੰਪ 'ਤੇ ਕੂੜਾ ਖਤਮ ਕਰਨ ਲਈ ਬਾਇਓਮਾਈਨਿੰਗ ਪ੍ਰੋਜੈਕਟ ਚੱਲ ਰਿਹਾ ਹੈ ਪਰ ਇਸ ਦਾ ਕੰਮ ਕਾਫੀ ਢਿੱਲਾ ਹੈ। ਇਸ ਨਾਲ ਜਿੰਨਾ ਕੂੜਾ ਖਤਮ ਹੁੰਦਾ ਹੈ, ਉਸ ਤੋਂ ਜ਼ਿਆਦਾ ਨਵਾਂ ਕੂੜਾ ਆ ਜਾਂਦਾ ਹੈ। ਡੰਪ ਦੇ ਆਸ-ਪਾਸ ਵੱਸਦੇ ਲੋਕਾਂ ਦੀ ਮੰਗ ਹੈ ਕਿ ਡੰਪ ਨੂੰ ਪੱਕੇ ਤੌਰ 'ਤੇ ਖਤਮ ਕੀਤਾ ਜਾਵੇ। ਡੰਪ ਕਾਰਨ ਆਸ-ਪਾਸ ਦੇ ਇਲਾਕਿਆਂ ’ਚ ਜ਼ਮੀਨ ਦੀਆਂ ਕੀਮਤਾਂ ਵੀ ਡਿੱਗ ਗਈਆਂ ਹਨ।