ਜਾਸ, ਜਲੰਧਰ : ਨਗਰ

ਜਾਸ, ਜਲੰਧਰ : ਨਗਰ ਨਿਗਮ ਜਲੰਧਰ ਦੀਆਂ ਯੂਨੀਅਨਾਂ ਦੇ ਇਕ ਗੁੱਟ ਦੀ ਵਾਰ-ਵਾਰ ਹੜਤਾਲਾਂ ਕਾਰਨ ਸ਼ਹਿਰ ’ਚ ਕੂੜਾ ਚੁੱਕਣ ਤੇ ਸਫਾਈ ਪ੍ਰਬੰਧ 'ਤੇ ਪ੍ਰਭਾਵ ਪੈ ਰਿਹਾ ਹੈ। ਨਵੇਂ ਸਾਲ ਦੇ ਪੰਜ ਮਹੀਨਿਆਂ ’ਚ ਇਹ ਪੰਜਵੀਂ ਵਾਰ ਹੈ ਜਦੋਂ ਯੂਨੀਅਨਾਂ ਨੇ ਕੰਮ ਬੰਦ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਬੰਟੂ ਸਭਰਵਾਲ ਤੇ ਸ਼ੰਮੀ ਲੂਥਰਾ ਦੇ ਅਗਵਾਈ ’ਚ ਯੂਨੀਅਨਾਂ ਨੇ ਤਹਿਬਾਜ਼ਾਰੀ ਬ੍ਰਾਂਚ ਤੇ ਹੈਲਥ ਬ੍ਰਾਂਚ ਦੇ ਬਿਲ ਕਲਰਕਾਂ ਦੇ ਤਬਾਦਲਿਆਂ ਦੇ ਵਿਰੋਧ ’ਚ ਕੰਮ ਰੋਕਿਆ ਹੈ। ਯੂਨੀਅਨ ਨਾਲ ਜੁੜੇ ਮੁਲਾਜ਼ਮਾਂ ਨੇ ਨਿਗਮ ਹੈੱਡ ਕੁਆਰਟਰ ਦੇ ਸਾਹਮਣੇ ਨਿਗਮ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਤੇ ਕੰਪਨੀ ਬਾਗ ਚੌਕ ’ਚ ਸਰਕਾਰ ਦਾ ਪੁਤਲਾ ਫੂਕਿਆ। ਮੁਲਾਜ਼ਮ ਪਿਛਲੇ ਵੀਰਵਾਰ ਤੋਂ ਹੜਤਾਲ 'ਤੇ ਹਨ। ਹੜਤਾਲ ਕਾਰਨ ਸ਼ਹਿਰ ’ਚ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਬਾਜ਼ਾਰਾਂ, ਬਸਤੀਆਂ ਤੇ ਤੰਗ ਇਲਾਕਿਆਂ ’ਚ ਕੂੜਾ ਸੜਕਾਂ 'ਤੇ ਖਿਲਰ ਗਿਆ ਹੈ। ਹਾਲਾਂਕਿ ਯੂਨੀਅਨ ਦਾ ਦੂਜਾ ਗੁੱਟ ਕੁਝ ਪ੍ਰਮੁੱਖ ਡੰਪਾਂ ਨੂੰ ਸਾਫ ਕਰ ਰਿਹਾ ਹੈ ਪਰ ਮੈਨਪਾਵਰ ਦੀ ਕਮੀ ਕਾਰਨ ਛੋਟੇ ਡੰਪ ਤੇ ਗਲੀਆਂ ਦੀ ਸਫਾਈ ਨਹੀਂ ਹੋ ਰਹੀ। ਯੂਨੀਅਨਾਂ ਨੇ ਇਸ ਸਾਲ ਜਨਵਰੀ ਤੋਂ ਮਈ ਤੱਕ ਪੰਜ ਵਾਰ ਹੜਤਾਲ ਕੀਤੀ ਹੈ। ਕਦੇ ਆਊਟਸੋਰਸ ਮੁਲਾਜ਼ਮਾਂ ਦੀ ਤਨਖ਼ਾਹ ’ਚ ਦੇਰੀ, ਕਦੇ 1196 ਦਰਜਾ-4 ਮੁਲਾਜ਼ਮਾਂ ਦੀ ਭਰਤੀ ਦੀ ਮੰਗ ਤੇ ਹੁਣ ਬਿਲ ਕਲਰਕਾਂ ਅਤੇ ਤਹਿਬਾਜ਼ਾਰੀ ਬ੍ਰਾਂਚ ਦੇ ਸਟਾਫ ਦੇ ਤਬਾਦਲਿਆਂ ਦੇ ਵਿਰੋਧ ’ਚ ਕੰਮ ਰੋਕਿਆ ਹੈ। ਹਰ ਵਾਰੀ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਹੁੰਦਾ ਹੈ ਤੇ ਸ਼ਹਿਰ ’ਚ ਕੂੜੇ ਦੇ ਢੇਰ ਲੱਗ ਜਾਂਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਦੀ ਹੜਤਾਲ ਕਾਰਨ ਰੂਟੀਨ ਸਫਾਈ ਦਾ ਸ਼ਡਿਊਲ ਖਰਾਬ ਹੋ ਰਿਹਾ ਹੈ। ਇਸ ਸਮੇਂ ਸਵੱਛਤਾ ਸਰਵੇਖਣ ਲਈ ਕੇਂਦਰ ਦੀਆਂ ਟੀਮਾਂ ਆਉਂਦੀਆਂ ਹਨ ਤੇ ਜੇ ਹੁਣ ਟੀਮਾਂ ਆ ਗਈਆਂ ਤਾਂ ਸਵੱਛਤਾ ਸਰਵੇਖਣ ਦਰਜਾਬੰਦੀ 'ਤੇ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ, ਹੜਤਾਲ ਕਾਰਨ ਨਿਗਮ ਹੈੱਡ ਕੁਆਰਟਰ ’ਚ ਵੀ ਕੂੜੇ ਦੇ ਢੇਰ ਲੱਗ ਰਹੇ ਹਨ। ਨਿਗਮ ਹੈੱਡ ਕੁਆਰਟਰ ’ਚ ਸਾਰੇ ਕੂੜਾਦਾਨ ਭਰੇ ਹੋਏ ਹਨ।
---
ਵਾਲਮੀਕਿ ਸਮਾਜ ਨੂੰ ਨਿਸ਼ਾਨਾ ਬਣਾਉਣ ਦਾ ਲਾਇਆ ਦੋਸ਼ : ਯੂਨੀਅਨ ਦੇ ਆਗੂ ਬੰਟੂ ਸਭਰਵਾਲ ਅਤੇ ਸ਼ੰਮੀ ਲੂਥਰਾ ਦਾ ਦੋਸ਼ ਹੈ ਕਿ ਨਿਗਮ ਪ੍ਰਸ਼ਾਸਨ ਜਾਣਬੁੱਝ ਕੇ ਵਾਲਮੀਕਿ ਸਮਾਜ ਦੇ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਤਬਾਦਲੇ ਕਰ ਰਿਹਾ ਹੈ। ਉਨ੍ਹਾਂ ਨੇ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦੇ ਕੇ ਆਰਡਰ ਰੱਦ ਕਰਨ ਦੀ ਮੰਗ ਕੀਤੀ। ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਹੜਤਾਲ 'ਤੇ ਰਹਿਣਗੇ। ਇਸ ਤਰ੍ਹਾਂ, ਹੜਤਾਲ ਲੰਬੀ ਖਿੱਚ ਸਕਦੀ ਹੈ। ਦੂਜੇ ਪਾਸੇ, ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਬਾਦਲੇ ਪ੍ਰਸ਼ਾਸਨਿਕ ਜ਼ਰੂਰਤ ਤਹਿਤ ਨਿਯਮਾਂ ਮੁਤਾਬਕ ਕੀਤੇ ਗਏ ਹਨ।
---
ਕਮਿਸ਼ਨਰ ਦੇ ਚੇਅਰਮੈਨ ਫੀਲਡ ’ਚ ਉਤਰੇ : ਪੰਜਾਬ ਸਫਾਈ ਮਜ਼ਦੂਰ ਮੁਲਾਜ਼ਮ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਸੋਮਵਾਰ ਨੂੰ ਖ਼ੁਦ ਫੀਲਡ ’ਚ ਉਤਰੇ ਅਤੇ ਕੂੜਾ ਚੁੱਕਣ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਹੌਸਲਾ ਵਧਾਇਆ ਤੇ ਕਿਹਾ ਕਿ ਲੋਕਾਂ ਦੇ ਹਿੱਤਾਂ ਲਈ ਕੂੜਾ ਚੁੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਬਿਨਾਂ ਠੋਸ ਕਾਰਨ ਕੰਮ ਵਿਚ ਰੁਕਾਵਟ ਨਾ ਪਾਈ ਜਾਵੇ। ਗਰੇਵਾਲ ਨੇ ਕਿਹਾ ਕਿ ਜੋ ਲੋਕ ਕੰਮ ਕਰ ਰਹੇ ਹਨ, ਉਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਉਹ ਜ਼ਿਆਦਾ ਤੋਂ ਜ਼ਿਆਦਾ ਇਲਾਕਿਆਂ ’ਚ ਡੰਪ ਸਾਫ ਕਰ ਰਹੇ ਹਨ। ਇਸ ਦੌਰਾਨ ਯੂਨੀਅਨ ਦੇ ਦੂਜੇ ਗੁੱਟ ਨੇ ਕਈ ਡੰਪਾਂ ਤੋਂ ਕੂੜਾ ਚੁੱਕਿਆ ਹੈ। ਇਸ ਨਾਲ ਨਿਗਮ ਪ੍ਰਸ਼ਾਸਨ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।