ਵਿਸ਼ਵ ਲਿਵਰ ਦਿਵਸ 'ਤੇ

ਵਿਸ਼ਵ ਲਿਵਰ ਦਿਵਸ 'ਤੇ ਵਿਸ਼ੇਸ਼
ਸੂਬੇ ’ਚ ਹਰ ਚੌਥਾ ਮਰੀਜ਼ ਫੈਟੀ ਲਿਵਰ ਤੋਂ ਪੀੜਤ
ਜਗਦੀਸ਼ ਕੁਮਾਰ, ਜਲੰਧਰ
ਪੰਜਾਬੀਆਂ ਵਿਚ ਪਟਿਆਲਾ ਪੈਗ ਦੇ ਸ਼ੌਕ ਦੇ ਨਾਲ-ਨਾਲ ਹੁਣ ਤੇਜ਼ੀ ਨਾਲ ਫਾਸਟ ਫੂਡ ਦਾ ਚਲਣ ਤੇ ਵਧੇਰੇ ਚਰਬੀ ਵਾਲਾ ਖਾਣਾ ਲੋਕਾਂ ਦੇ ਲਿਵਰ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ। ਦੇਸ਼ ਵਿਚ ਹਰ ਦਿਨ ਔਸਤ 713 ਮੌਤਾਂ ਲਿਵਰ ਦੀਆਂ ਬਿਮਾਰੀਆਂ ਕਾਰਨ ਹੋ ਰਹੀਆਂ ਹਨ ਤੇ ਪੰਜਾਬ ਇਸ ਵਿਚ ਅਗਵਾਈ ਕਰਨ ਵਾਲੇ ਸੂਬਿਆਂ ’ਚ ਸ਼ਾਮਲ ਹੈ। ਗੈਰ-ਸੰਚਾਰੀ ਰੋਗਾਂ ਦੇ ਵਧਦੇ ਬੋਝ ਵਿਚਾਲੇ ਲਿਵਰ ਸਿਰੋਸਿਸ ਦੇ ਮਾਮਲੇ ਪਿਛਲੇ 20 ਸਾਲਾਂ ਵਿਚ ਦੁੱਗਣੇ ਹੋ ਗਏ ਹਨ, ਜਿਨ੍ਹਾਂ ਵਿਚ 43 ਫ਼ੀਸਦੀ ਮਰੀਜ਼ ਸ਼ਰਾਬ ਦੇ ਕਾਰਨ ਬਿਮਾਰ ਹੋਏ ਹਨ। ਲੋਕਾਂ ਦੀ ਬਦਲਦੀ ਜੀਵਨ ਸ਼ੈਲੀ ਕਾਰਨ, ਵਿਸ਼ਵ ਲਿਵਰ ਦਿਵਸ 'ਤੇ "ਸਾਲਿਡ ਹੈਬਿਟਸ, ਸਟ੍ਰਾਂਗ ਲਿਵਰ" ਦਾ ਥੀਮ ਜਾਰੀ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਚੰਗੀ ਜੀਵਨ ਸ਼ੈਲੀ ਲਿਵਰ ਦੀ ਸਿਹਤ ਲਈ ਇਕ ਵੱਡਾ ਬਦਲਾਅ ਲਿਆ ਸਕਦੀ ਹੈ। ਇਸ ਖਤਰੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਪਿਛਲੇ ਸਾਲ ਮੋਹਾਲੀ ਸਥਿਤ ਪੰਜਾਬ ਇੰਸਟੀਟਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀਐੱਲਬੀਐੱਸ) ਵਿਚ ਸਰਕਾਰੀ ਖੇਤਰ ਦਾ ਪਹਿਲਾ ਸਫਲ ਲਿਵਰ ਟ੍ਰਾਂਸਪਲਾਂਟ ਕੀਤਾ ਹੈ। ਇਸ ਸੰਸਥਾਨ ’ਚ ਟ੍ਰਾਂਸਪਲਾਂਟ ਦੀ ਨਿਯਮਿਤ ਸਹੂਲਤ ਸ਼ੁਰੂ ਹੋ ਗਈ ਹੈ।
---
ਹਾਈ ਕੈਲੋਰੀ ਸ਼ੂਗਰ ਵਾਲਾ ਖਾਣਾ ਵੀ ਲਿਵਰ ਦਾ ਦੁਸ਼ਮਨ
ਪਿਮਸ ਦੀ ਲਿਵਰ ਬਿਮਾਰੀਆਂ ਦੀ ਮਾਹਿਰ ਡਾ. ਅਵਨੀਤ ਕੌਰ ਦਾ ਕਹਿਣਾ ਹੈ ਕਿ ਸੂਬੇ ’ਚ ਤਿੰਨ ਆਦਤਾਂ ਸਭ ਤੋਂ ਖਤਰਨਾਕ ਸਾਬਤ ਹੋ ਰਹੀਆਂ ਹਨ। ਇਨ੍ਹਾਂ ਵਿਚ ਸ਼ਰਾਬ ਦਾ ਸੇਵਨ, ਘੱਟ ਫੇਰਾ-ਤੋਰਾ ਤੇ ਹਾਈ ਕੈਲੋਰੀ ਸ਼ੂਗਰ ਵਾਲਾ ਭੋਜਨ ਸ਼ਾਮਲ ਹੈ। ਨਾਨ-ਅਲਕੋਹੋਲਿਕ ਫੈਟੀ ਲਿਵਰ ਬਿਮਾਰੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਹਰ 10 ਵਿੱਚੋਂ 3 ਵਿਅਕਤੀ ਇਸ ਸਮੱਸਿਆ ਨਾਲ ਜੂਝ ਰਹੇ ਹਨ ਤੇ ਪੰਜਾਬ ਦੀ ਸ਼ਹਿਰੀ ਜੀਵਨ ਸ਼ੈਲੀ ਤੇ ਖਾਣ-ਪੀਣ ਇਸ ਨੂੰ ਹੋਰ ਵਧਾ ਰਹੇ ਹਨ। ਫੈਟੀ ਲਿਵਰ ਸਾਈਲੈਂਟ ਕਿਲਰ ਬਣ ਗਿਆ ਹੈ, ਕਿਉਂਕਿ ਸ਼ੁਰੂਆਤੀ ਪੜਾਅ ’ਚ ਲੱਛਣ ਨਹੀਂ ਦਿਸਦੇ। ‘ਦਿ ਲੈਂਸੇਟ" ਦਾ ਨਵਾਂ ਅਧਿਐਨ ਦੱਸਦਾ ਹੈ ਕਿ 2050 ਤੱਕ ਦੁਨੀਆ ਦਾ ਹਰ ਚੌਥਾ ਵਿਅਕਤੀ ਲਿਵਰ ਰੋਗ ਦਾ ਮਰੀਜ਼ ਹੋ ਸਕਦਾ ਹੈ। ਦੁਨੀਆ ਭਰ ਵਿਚ ਲਿਵਰ ਰੋਗ ਕਾਰਨ ਹੋਣ ਵਾਲੀਆਂ ਮੌਤਾਂ ਵਿਚ 18 ਫ਼ੀਸਦੀ ਦੇਸ਼ ’ਚੋਂ ਹਨ, ਜੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦੋਂ ਲਿਵਰ ਪੂਰੀ ਤਰ੍ਹਾਂ ਖਰਾਬ ਹੋ ਜਾਂਦਾ ਹੈ ਤਾਂ ਲਿਵਰ ਟ੍ਰਾਂਸਪਲਾਂਟ ਹੀ ਇਕਮਾਤਰ ਬਦਲ ਰਹਿੰਦਾ ਹੈ। ਆਧੁਨਿਕ ਮੈਡੀਕਲਾ ਤਕਨੀਕਾਂ ਕਾਰਨ ਹੁਣ ਇਸ ਦੀ ਸਫਲਤਾ ਦੀ ਦਰ 90 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ।
---
ਨੌਜਵਾਨਾਂ ’ਚ ਵੀ ਤੇਜ਼ੀ ਨਾਲ ਵੱਧ ਰਿਹਾ ਇਹ ਰੋਗ
ਪਟੇਲ ਹਸਪਤਾਲ ਦੇ ਲਿਵਰ ਬਿਮਾਰੀਆਂ ਦੇ ਮਾਹਿਰ ਡਾ. ਗੁਪਤਾ ਕਹਿੰਦੇ ਹਨ ਕਿ ਫੈਟੀ ਲਿਵਰ ਇਕ ਅਜਿਹੀ ਸਥਿਤੀ ਹੈ, ਜਿਸ ’ਚ ਲਿਵਰ ਵਿਚ ਆਮ ਤੋਂ ਵੱਧ ਚਰਬੀ ਜਮ੍ਹਾਂ ਹੋ ਜਾਂਦੀ ਹੈ। ਇਹ ਸਮੱਸਿਆ ਦੋ ਕਿਸਮਾਂ ਦੀ ਹੁੰਦੀ ਹੈ : ਐਲਕੋਹੋਲਿਕ ਫੈਟੀ ਲਿਵਰ ਤੇ ਨਾਨ ਐਲਕੋਹੋਲਿਕ ਫੈਟੀ ਲਿਵਰ ਬਿਮਾਰੀ। ਜੇ ਸਮੇਂ 'ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਲਿਵਰ ਸਿਰੋਸਿਸ, ਲਿਵਰ ਫੇਲ੍ਹੀਅਰ ਤੇ ਇੱਥੇ ਤੱਕ ਕਿ ਕੈਂਸਰ ਦਾ ਕਾਰਨ ਬਣ ਸਕਦੀ ਹੈ।
ਸੂਬੇ ’ਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਪੰਜਾਬ ਦਾ ਖਾਣ-ਪੀਣ ਸੱਭਿਆਚਾਰ, ਜਿਸ ਵਿਚ ਘਿਓ, ਮੱਖਣ ਤੇ ਮਿੱਠੇ ਪਦਾਰਥਾਂ ਦੀ ਵੱਧ ਵਰਤੋਂ ਹੁੰਦੀ ਹੈ, ਵੀ ਇਸ ਸਮੱਸਿਆ ਨੂੰ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਇਹ ਬਿਮਾਰੀ ਹੁਣ ਸਿਰਫ ਸ਼ਰਾਬ ਪੀਣ ਵਾਲਿਆਂ ਤੱਕ ਸੀਮਿਤ ਨਹੀਂ ਰਹੀ, ਬਲਕਿ ਮੋਟਾਪਾ, ਡਾਇਬਟੀਜ਼, ਉੱਚ ਕੋਲੈਸਟਰੋਲ ਤੇ ਖਰਾਬ ਜੀਵਨ ਸ਼ੈਲੀ ਇਸ ਦੇ ਮੁੱਖ ਕਾਰਨ ਬਣ ਚੁੱਕੇ ਹਨ। ਮੈਡੀਕਲ ਸਾਇੰਸ ’ਚ ਇਸ ਨੂੰ ਹੁਣ ਮੈਟਾਬੋਲਿਕ ਡਿਸਫੰਕਸ਼ਨ-ਐਸੋਸੀਏਟਿਡ ਸਟੀਅਟੋਟਿਕ ਲਿਵਰ ਬਿਮਾਰੀ (ਐੱਮਏਐੱਸਐੱਲਡੀ) ਵਜੋਂ ਜਾਣਿਆ ਜਾਂਦਾ ਹੈ। ਪਹਿਲਾਂ ਲਿਵਰ ਰੋਗ 40 ਤੋਂ 50 ਸਾਲ ਦੀ ਉਮਰ ਵਿਚ ਵੱਧ ਦੇਖੇ ਜਾਂਦੇ ਸਨ ਪਰ ਹੁਣ 20–40 ਸਾਲ ਦੇ ਨੌਜਵਾਨਾਂ ਵਿਚ ਵੀ ਫੈਟੀ ਲਿਵਰ ਤੇਜ਼ੀ ਨਾਲ ਵੱਧ ਰਿਹਾ ਹੈ।
---
ਮਰੀਜ਼ਾਂ ਦੀ ਗਿਣਤੀ ਵੱਧਣ ਦੇ ਕਾਰਨ
-ਤਲੇ-ਭੁੰਨੇ ਤੇ ਹਾਈ ਕੈਲੋਰੀ ਡਾਈਟ ਦੀ ਵੱਧ ਵਰਤੋਂ।
- ਸਰੀਰਕ ਗਤੀਵਿਧੀ ’ਚ ਕਮੀ ਤੇ ਬੈਠੇ ਰਹਿਣ ਦੀ ਆਦਤ।
- ਵਧਦਾ ਮੋਟਾਪਾ ਤੇ ਸ਼ੂਗਰ।
- ਸ਼ਰਾਬ ਦਾ ਲੋੜੋਂ ਵੱਧ ਸੇਵਨ।
- ਫਾਸਟ ਫੂਡ ਤੇ ਪ੍ਰੋਸੈਸਡ ਫੂਡ ਦਾ ਵਧਦਾ ਚਲਨ।
---
ਲੱਛਣ
- ਲਗਾਤਾਰ ਥਕਾਵਟ ਮਹਿਸੂਸ ਹੋਣਾ।
- ਪੇਟ ਦੇ ਉੱਪਰਲੇ ਹਿੱਸੇ ’ਚ ਭਾਰੀਪਣ ਜਾਂ ਦਰਦ।
- ਵਜ਼ਨ ਦਾ ਤੇਜ਼ੀ ਨਾਲ ਵੱਧਣਾ।
- ਭੁੱਖ ’ਚ ਕਮੀ।
- ਚਮੜੀ ਤੇ ਅੱਖਾਂ ਵਿਚ ਪੀਲਾਪਣ।
---
ਸਮੱਸਿਆ ਦਾ ਹੱਲ
- ਫੈਟੀ ਲਿਵਰ ਤੋਂ ਬਚਾਅ ਲਈ ਜੀਵਨਸ਼ੈਲੀ ’ਚ ਬਦਲਾਅ ਸਭ ਤੋਂ ਮਹੱਤਵਪੂਰਨ ਹੈ।
- ਸੰਤੁਲਿਤ ਤੇ ਘੱਟ ਚਰਬੀ ਵਾਲੀ ਖੁਰਾਕ ਲਓ।
- ਰੋਜ਼ਾਨਾ ਘੱਟੋ-ਘੱਟ 30-45 ਮਿੰਟ ਕਸਰਤ ਕਰੋ।
- ਸ਼ਰਾਬ ਦਾ ਸੇਵਨ ਸੀਮਤ ਜਾਂ ਬੰਦ ਕਰੋ।
- ਵਜ਼ਨ ਨੂੰ ਕੰਟਰੋਲ ਰੱਖੋ।
- ਨਿਯਮਿਤ ਸਿਹਤ ਜਾਂਚ ਕਰਵਾਓ।