12ਵੀਂ ਦੇ ਵਿਦਿਆਰਥੀ ’ਤੇ ਜਾਨਲੇਵਾ ਹਮਲਾ
-10 ਤੋਂ 15 ਨਕਾਬਪੋਸ਼ਾਂ
Publish Date: Mon, 18 May 2026 08:45 PM (IST)
Updated Date: Mon, 18 May 2026 08:48 PM (IST)
-10 ਤੋਂ 15 ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਵਾਰ, ਸੀਸੀਟੀਵੀ 'ਚ ਕੈਦ ਹੋਈ ਘਟਨਾ
ਜਾਸ, ਜਲੰਧਰ : 66 ਫੁੱਟੀ ਰੋਡ 'ਤੇ ਸਥਿਤ ਜਲੰਧਰ ਹਾਈਟਸ-1 ਸੁਸਾਇਟੀ ’ਚ ਸ਼ਾਮ ਵੇਲੇ ਕੁਝ ਨੌਜਵਾਨਾਂ ਨੇ ਇਕ ਵਿਦਿਆਰਥੀ ’ਤੇ ਹਮਲਾ ਕਰ ਦਿੱਤਾ। ਏਜੀਆਈ ਬਿਜ਼ਨਸ ਗਰੁੱਪ ਵੱਲੋਂ ਬਣਾਏ ਗਏ ਕਲੱਬ ਹਾਊਸ ਨੇੜੇ 12ਵੀਂ ਕਲਾਸ ਦੇ ਵਿਦਿਆਰਥੀ 'ਤੇ 10 ਤੋਂ 15 ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਹਮਲਾਵਰ ਬਿਨਾਂ ਨੰਬਰ ਦੀ ਸਕਾਰਪਿਓ ਤੇ ਸਵਿਫਟ ਕਾਰਾਂ ’ਚ ਆਏ ਸਨ। ਪੂਰੀ ਘਟਨਾ ਸੁਸਾਇਟੀ ’ਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।
ਜਾਣਕਾਰੀ ਅਨੁਸਾਰ, ਗੁਰਜੇਪਾਲ ਨਗਰ ਦੇ ਰਹਿਣ ਵਾਲੇ ਸੰਜੀਵ ਚੋਪੜਾ ਦਾ ਪੁੱਤਰ ਆਰੁਸ਼ ਆਪਣੇ ਇਕ ਦੋਸਤ ਨਾਲ ਮਿਲਣ ਲਈ ਜਲੰਧਰ ਹਾਈਟਸ ਆਇਆ ਸੀ। ਸੀਸੀਟੀਵੀ ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮਾਂ ਨੇ ਗੱਡੀਆਂ ਸਿੱਧੀਆਂ ਬੇਸਮੈਂਟ ’ਚ ਖੜ੍ਹੀਆਂ ਕੀਤੀਆਂ ਅਤੇ ਫਿਰ ਇਸ਼ਾਰੇ ਨਾਲ ਆਰੁਸ਼ ਨੂੰ ਬਾਹਰ ਸੱਦਿਆ। ਜਿਵੇਂ ਹੀ ਉਹ ਉੱਥੇ ਪੁੱਜਦਾ ਹੈ, ਨਕਾਬਪੋਸ਼ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਹਨ। ਅਚਾਨਕ ਹੋਏ ਹਮਲੇ ’ਚ ਆਰੁਸ਼ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ।
ਜ਼ਖਮੀ ਦੇ ਪਿਤਾ ਸੰਜੀਵ ਚੋਪੜਾ ਨੇ ਦਾਅਵਾ ਕੀਤਾ ਕਿ ਐਕਸਯੂਵੀ-700 ਗੱਡੀ ਵਿਚ ਆਏ ਨੌਜਵਾਨ ਤੇ ਉਸ ਦੇ ਸਾਥੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਸਿਰਫ ਇਸ ਗੱਲ 'ਤੇ ਹਮਲਾ ਕੀਤਾ ਕਿ ਆਰੁਸ਼ ਉਨ੍ਹਾਂ ਵੱਲ ਘੂਰ ਕੇ ਦੇਖ ਰਿਹਾ ਸੀ। ਹਮਲਾ ਕਰਨ ਮਗਰੋਂ ਮੁਲਜ਼ਮ ਵਿਦਿਆਰਥੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ।
ਘਟਨਾ ਮਗਰੋਂ ਜਲੰਧਰ ਹਾਈਟਸ ਦੀ ਸੁਰੱਖਿਆ ਪ੍ਰਣਾਲੀ 'ਤੇ ਵੀ ਸਵਾਲ ਉੱਠ ਰਹੇ ਹਨ। ਪੁਲਿਸ ਚੌਕੀ ਦੇ ਨੇੜੇ ਹੋਣ ਦੇ ਬਾਵਜੂਦ ਹਮਲਾਵਰ ਆਸਾਨੀ ਨਾਲ ਅੰਦਰ ਆ ਗਏ ਤੇ ਵਾਰਦਾਤ ਮਗਰੋਂ ਫਰਾਰ ਹੋ ਗਏ। ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਧਮਕਾ ਕੇ ਨਿਕਲ ਗਏ। ਚੌਕੀ ਇੰਚਾਰਜ ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀ ਨੂੰ ਮੁੱਢਲੇ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਰਹੀ ਹੈ।