ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ, ਗਵਰਨਰ ਤੇ ਭਾਜਪਾ ਦੇ ਪੁਤਲੇ ਫੂਕੇ
ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ, ਪੰਜਾਬ ਦੇ ਗਵਰਨਰ ਤੇ ਭਾਜਪਾ ਦੇ ਪੁਤਲੇ ਸਾੜੇ ਗਏ
Publish Date: Sun, 17 May 2026 08:51 PM (IST)
Updated Date: Mon, 18 May 2026 04:16 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਅਗਵਾਈ ਹੇਠ ਤਿੰਨਾਂ ਜ਼ਿਲ੍ਹਿਆਂ ’ਚ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਗਵਰਨਰ ਤੇ ਭਾਜਪਾ ਦੇ ਪੁਤਲੇ ਫੂਕੇ ਗਏ। ਵੱਖ-ਵੱਖ ਥਾਵਾਂ ’ਤੇ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ 15 ਮਈ ਨੂੰ ਆਪਣੀਆਂ ਮੰਗਾਂ ਸਬੰਧੀ ਗਵਰਨਰ ਪੰਜਾਬ ਨੂੰ ਮੰਗ-ਪੱਤਰ ਦੇਣ ਜਾ ਰਹੇ ਸ਼ਾਂਤਮਈ ਮੁਜ਼ਾਹਰੇ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ’ਚ ਇਹ ਮੁਜ਼ਾਹਰੇ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੁਜ਼ਾਹਰੇ ਦੌਰਾਨ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਕਈ ਕਿਸਾਨਾਂ ਨੂੰ ਹਿਰਾਸਤ ’ਚ ਲਿਆ ਗਿਆ। ਉਨ੍ਹਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨਾਲ ਕੀਤਾ ਗਿਆ ਇਹ ਵਿਹਾਰ ਅਣ-ਮਨੁੱਖੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਮੀਤ ਪ੍ਰਧਾਨ ਹਰਵਿੰਦਰ ਪਾਲ ਸਿੰਘ ਡੱਲੀ, ਜਨ. ਸਕੱਤਰ ਦਵਿੰਦਰ ਸਿੰਘ ਧਾਰੀਵਾਲ ਤੇ ਕੈਸ਼ੀਅਰ ਬਲਜੀਤ ਸਿੰਘ ਘੋੜਾਵਾਹੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਪੰਜਾਬ ਭਰ ’ਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ, ਪੰਜਾਬ ਦੇ ਪਾਣੀਆਂ ਦੇ ਹੱਕ ਰਿਪੇਰੀਅਨ ਸਿਧਾਂਤ ਅਨੁਸਾਰ ਨਿਰਧਾਰਤ ਕਰਨ, ਹਰ ਖੇਤ ਨੂੰ ਨਹਿਰੀ ਪਾਣੀ ਤੇ ਹਰ ਘਰ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਪੰਜਾਬ ਪੁਨਰ-ਗਠਨ ਐਕਟ ਦੀਆਂ ਧਾਰਾਵਾਂ 78, 79 ਤੇ 80 ਨੂੰ ਰੱਦ ਕਰਨ, ਕੇਂਦਰ ਵੱਲੋਂ ਰੋਕੇ ਗਏ ਫੰਡ ਜਾਰੀ ਕਰਨ ਤੇ ਤੇਲ-ਗੈਸ ਦੀਆਂ ਕੀਮਤਾਂ ਵਾਪਸ ਲੈਣ ਦੀ ਵੀ ਮੰਗ ਕੀਤੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਡੈਮ ਸੇਫਟੀ ਐਕਟ ਤੇ ਜਲ ਸੋਧ ਐਕਟ ਬਾਰੇ ਚੁੱਪ ਰਹਿਣ ਦੀ ਵੀ ਨਿੰਦਾ ਕੀਤੀ ਤੇ ਕਿਹਾ ਕਿ ਸਰਕਾਰ ਕਿਸਾਨ ਹਿੱਤਾਂ ਦੀ ਅਣਦੇਖੀ ਕਰ ਰਹੀ ਹੈ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਹ ਪ੍ਰਦਰਸ਼ਨ ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਦਰਾਵਾਂ, ਜਸਵਿੰਦਰ ਸਿੰਘ ਜਡੀਰ, ਨਰਿੰਦਰ ਸਿੰਘ ਘੋੜਾ ਬਾਈ, ਬਲਜਿੰਦਰ ਸਿੰਘ ਲਾਦੜਾ, ਬਲਵਿੰਦਰ ਸਿੰਘ ਇੱਟਾਂ ਬੱਧੀ, ਕਾਕਾ ਸੰਘਾ ਸਮੇਤ ਹੋਰ ਆਗੂਆਂ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ’ਤੇ ਕੀਤਾ ਗਿਆ।