ਇੰਟਰਵਿਊ ਦੇ ਦੂਜੇ ਦਿਨ ਦਫਤਰ ਬਾਹਰ ਲੱਗੇ ਪੱਖੇ, ਪਾਣੀ ਦਾ ਇੰਤਜ਼ਾਮ
‘ਅਦਾਰਾ ਜਾਗਰਣ’ ਵੱਲੋਂ ਪ੍ਰਮੁੱਖਤਾ
Publish Date: Sat, 16 May 2026 11:26 PM (IST)
Updated Date: Sat, 16 May 2026 11:27 PM (IST)
‘ਅਦਾਰਾ ਜਾਗਰਣ’ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ ਖ਼ਬਰ
ਜਾਗਰਣ ਸੰਵਾਦਦਾਤਾ, ਜਲੰਧਰ : ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਨਵੇਂ ਰਾਸ਼ਨ ਡੀਪੂ ਦੀ ਅਲਾਟਮੈਂਟ ਲਈ ਕੀਤੀ ਜਾ ਰਹੀ ਇੰਟਰਵਿਊ ਪ੍ਰਕਿਰਿਆ ਦੌਰਾਨ ਸ਼ਨਿਚਰਵਾਰ ਨੂੰ ਦਫਤਰ ਦੇ ਬਾਹਰ ਖੁੱਲ੍ਹੇ ਵਿਹੜੇ ’ਚ ਪੱਖੇ ਲਾ ਦਿੱਤੇ ਗਏ ਹਨ। ਨਾਲ ਹੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਇੰਟਰਵਿਊ ਦੇ ਬਿਨੈਕਾਰਾਂ ਲਈ ਪੀਣ ਵਾਲੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਸਬੰਧੀ ‘ਅਦਾਰਾ ਜਾਗਰਣ’ ਵੱਲੋਂ 16 ਮਈ ਦੇ ਐਡੀਸ਼ਨਾਂ ’ਚ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਦਾ ਖੁਰਾਕ ਤੇ ਸਪਲਾਈ ਵਿਭਾਗ ਨੇ ਨੋਟਿਸ ਲਿਆ ਹੈ। ਇਸ ਤਹਿਤ, ਜਿੱਥੇ ਦਫਤਰ ਦੇ ਬਾਹਰ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਬਿਨੈਕਾਰਾਂ ਲਈ ਟੈਂਟ ਤੇ ਪੱਖੇ ਲਾਏ ਗਏ ਹਨ, ਉਥੇ ਵਾਟਰ ਕੂਲਰ ’ਤੇ ਗਿਲਾਸ ਤੇ ਪਾਣੀ ਉਪਲੱਬਧ ਕਰਵਾਇਆ ਗਿਆ ਹੈ।
ਅਸਲ ’ਚ ਜ਼ਿਲ੍ਹੇ ਦੇ ਵਧਦੇ ਦਾਇਰੇ ਤੇ ਆਬਾਦੀ ਕਾਰਨ ਸਰਕਾਰ ਦੀ ਆਟਾ-ਦਾਲ ਸਕੀਮ ਤੇ ਆਪਣੀ ਰਸੋਈ ਯੋਜਨਾ ਤਹਿਤ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਨਵੇਂ ਰਾਸ਼ਨ ਡੀਪੂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਅਰਜ਼ੀਆਂ ਸਬੰਧੀ ਸਾਰੀ ਪ੍ਰਕਿਰਿਆ ਪਿਛਲੇ ਸਾਲ ਅਪ੍ਰੈਲ ’ਚ ਪੂਰੀ ਕਰ ਲਈ ਗਈ ਸੀ। ਇਸ ਤੋਂ ਬਾਅਦ ਹੋਰ ਦਫ਼ਤਰੀ ਕਾਰਵਾਈਆਂ ਜਾਰੀ ਰਹੀਆਂ। 15 ਮਈ ਤੋਂ 20 ਮਈ ਤੱਕ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਤੋਂ ਅਰਜ਼ੀ ਦੇਣ ਵਾਲਿਆਂ ਦਾ ਇੰਟਰਵਿਊ ਰੱਖਿਆ ਗਿਆ। ਜੋ ਸ਼ੁੱਕਰਵਾਰ ਨੂੰ ਪਹਿਲੇ ਦਿਨ ਹੀ ਬਦਇੰਤਜ਼ਾਮੀ ਦਾ ਸ਼ਿਕਾਰ ਹੋ ਗਿਆ। ਮਾਸਟਰ ਤਾਰਾ ਸਿੰਘ ਨਗਰ ਸਥਿਤ ਦਫਤਰ ’ਚ ਸਵੇਰੇ ਤੋਂ ਹੀ ਬਿਨੈਕਾਰਾਂ ਦੀ ਭੀੜ ਉਮੜ ਪਈ ਪਰ ਵਿਭਾਗ ਵੱਲੋਂ ਗਰਮੀ ਤੋਂ ਰਾਹਤ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ।
ਡੀਐੱਫਐੱਸਸੀ ਦੇ ਦਫਤਰ ਦੇ ਬਾਹਰ ਧੁੱਪ ਤੋਂ ਬਚਾਅ ਲਈ ਟੈਂਟ ਤੇ ਬੈਠਣ ਦੀ ਵਿਵਸਥਾ ਤਾਂ ਕੀਤੀ ਗਈ ਸੀ ਪਰ ਨਾ ਤਾਂ ਪੱਖਿਆਂ ਦਾ ਇੰਤਜ਼ਾਮ ਕੀਤਾ ਗਿਆ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਸੀ। ਇਸ ਲਈ ਲੋਕ ਆਪਣੇ ਪੈਸੇ ਖਰਚ ਕੇ ਪਾਣੀ ਦਾ ਪ੍ਰਬੰਧ ਕਰਦੇ ਰਹੇ, ਇਸ ਨੂੰ ਲੈ ਕੇ ‘ਅਦਾਰਾ ਜਾਗਰਣ’ ਵੱਲੋਂ ਬਿਨੈਕਾਰਾਂ ਦੀ ਪਰੇਸ਼ਾਨੀਆਂ ਬਾਰੇ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਦਾ ਵਿਭਾਗ ਨੇ ਨੋਟਿਸ ਲਿਆ ਹੈ। ਹਾਲਾਂਕਿ, ਡੀਐੱਫਐੱਸਸੀ ਨਰਿੰਦਰ ਸਿੰਘ ਅਨੁਸਾਰ, ਬਿਨੈਕਾਰਾਂ ਨਾਲ ਕਈ ਪਰਿਵਾਰਕ ਮੈਂਬਰਾਂ ਦੇ ਆ ਜਾਣ ’ਤੇ ਜਿਨ੍ਹਾਂ ਦੀ ਇੰਟਰਵਿਊ ਨਹੀਂ ਸੀ, ਉਨ੍ਹਾਂ ਕਾਰਨ ਭੀੜ ਵਧ ਗਈ ਸੀ। ਵਿਭਾਗ ਵੱਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।