ਪੀਡਬਲਿਊਡੀ ਦਫ਼ਤਰ ਅੱਗੇ ਭੜਕਿਆ ਲੋਕਾਂ ਦਾ ਗੁੱਸਾ
ਝੂਠੇ ਵਿਕਾਸ ਦੇ ਦਾਅਵੇ ਬੇਨਕਾਬ, ਜਲੰਧਰ ਕੈਂਟ 'ਚ ਟੁੱਟੀਆਂ ਸੜਕਾਂ ਦਾ ਹਾਲ-ਬੇਹਾਲ
Publish Date: Thu, 21 May 2026 07:21 PM (IST)
Updated Date: Thu, 21 May 2026 07:25 PM (IST)

-ਬੀਕੇਯੂ ਦੋਆਬਾ ਦੇ ਸੱਦੇ ’ਤੇ ਹਰਜਾਪ ਸਿੰਘ ਸੰਘਾ ਸਮੇਤ ਵੱਡੀ ਗਿਣਤੀ ’ਚ ਰੋਸ ਮੁਜ਼ਾਹਰਾ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ’ਚ ਸੜਕਾਂ ਦੀ ਬਦਹਾਲੀ, ਝੂਠੇ ਵਿਕਾਸ ਦੇ ਦਾਅਵਿਆਂ ਤੇ ਸਰਕਾਰ ਦੀ ਨਾਕਾਮੀ ਖ਼ਿਲਾਫ਼ ਵੀਰਵਾਰ ਪੀਡਬਲਿਊਡੀ ਦਫ਼ਤਰ ਜਲੰਧਰ ਕੈਂਟ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਬੀਕੇਯੂ ਦੋਆਬਾ ਦੇ ਸੱਦੇ ’ਤੇ ਕੀਤਾ ਗਿਆ, ਜਿਸ ’ਚ ਹਰਜਾਪ ਸਿੰਘ ਸੰਘਾ ਆਪਣੇ ਸਾਥੀਆਂ ’ਤੇ ਵੱਡੀ ਗਿਣਤੀ ਵਿੱਚ ਵਰਕਰਾਂ ਸਮੇਤ ਸ਼ਾਮਲ ਹੋਏ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ ਤੇ ਜਲੰਧਰ ਕੈਂਟ ਦੀਆਂ ਟੁੱਟੀਆਂ ਸੜਕਾਂ ਨੂੰ ਲੈ ਕੇ ਸਰਕਾਰ ਖਿਲਾਫ਼ ਗੰਭੀਰ ਰੋਸ ਜਤਾਇਆ। ਇਸ ਮੌਕੇ ਅਲੀਪੁਰ, ਮਿੱਠਾਪੁਰ, ਫੋਲੜੀਵਾਲ, ਕਾਦੀਆਂਵਾਲੀ, ਜਗਰਾਲ, ਉਦੋਪੁਰ, ਬਰਸਾਲ, ਸਪਰਾਏ, ਧਨਾਲ ਕਲਾਂ, ਧਨਾਲ ਖੁਰਦ, ਫੁੱਲਪੁਰ, ਫਤਿਹਪੁਰ, ਹਮੀਰੀ ਖੇੜਾ, ਮੀਰਾਪੁਰ, ਖੁਨਖੁਨ, ਜਮਸ਼ੇਰ, ਧੀਨਾ, ਸੰਸਾਰਪੁਰ, ਖੁਸਰੋਪੁਰ, ਅਲਾਦੀਨਪੁਰ, ਬੰਬੀਆਂਵਾਲ, ਸੂਫੀ ਪਿੰਡ, ਕੋਟ ਕਲਾਂ, ਕੋਟ ਖੁਰਦ, ਰਾਏਪੁਰ, ਦਾਦੂਵਾਲ ਸਮੇਤ ਕੈਂਟ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਤੋਂ ਵੱਡੀ ਗਿਣਤੀ ’ਚ ਲੋਕ ਤੇ ਪਾਰਟੀ ਵਰਕਰ ਹਾਜ਼ਰ ਰਹੇ। ਇਸ ਪ੍ਰਦਰਸ਼ਨ ਦੌਰਾਨ ਸ਼੍ਰੋ.ਅ.ਦ ਤੋਂ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਪੰਜਾਬ ਦੀ ਮੌਜੂਦਾ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਨੇ ਵਿਕਾਸ ਦੇ ਨਾਮ ‘ਤੇ ਪੰਜਾਬ ਦੇ ਲੋਕਾਂ ਨਾਲ ਸਿਰਫ਼ ਤੇ ਸਿਰਫ਼ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਕੈਂਟ ਦੀਆਂ ਸੜਕਾਂ ਦੀ ਹਾਲਤ ਦੇਖ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਨੂੰ ਨਾ ਲੋਕਾਂ ਦੀਆਂ ਮੁਸ਼ਕਲਾਂ ਦੀ ਪਰਵਾਹ ਹੈ ਤੇ ਨਾ ਹੀ ਸਰਕਾਰੀ ਪੈਸੇ ਦੀ ਕਦਰ। ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਸਿਰਫ਼ ਇਸ਼ਤਿਹਾਰਾਂ ਅਤੇ ਝੂਠੇ ਦਾਅਵਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਜਲੰਧਰ ਕੈਂਟ ਦੀਆਂ ਸੜਕਾਂ ਖੱਡਿਆਂ ਵਿੱਚ ਤਬਦੀਲ ਹੋ ਚੁੱਕੀਆਂ ਹਨ ਅਤੇ ਲੋਕ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ । ਕਰੋੜਾਂ ਰੁਪਏ ਦੇ ਟੈਂਡਰਾਂ ਦੇ ਬਾਵਜੂਦ ਸੜਕਾਂ ਬਣਦੇ ਹੀ ਉਖੜ ਰਹੀਆਂ ਹਨ। ਇਹ ਸਿਰਫ਼ ਲਾਪਰਵਾਹੀ ਨਹੀਂ, ਸਗੋਂ ਖੁੱਲ੍ਹਾ ਭ੍ਰਿਸ਼ਟਾਚਾਰ ਹੈ। ਸਰਕਾਰ ਅਤੇ ਉਸਦੇ ਨੁਮਾਇੰਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਪਰ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਹਨ। ਪਿੰਡਾਂ ਤੇ ਵਾਰਡਾਂ ਦੇ ਲੋਕਾਂ ਵਿੱਚ ਭਾਰੀ ਗੁੱਸਾ ਹੈ, ਕਿਉਂਕਿ ਹਰ ਚੋਣ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਚੋਣਾਂ ਮਗਰੋਂ ਲੋਕਾਂ ਨੂੰ ਟੁੱਟੀਆਂ ਸੜਕਾਂ, ਗੰਦਗੀ ਅਤੇ ਪ੍ਰਸ਼ਾਸਨਿਕ ਅਣਦੇਖੀ ਤੋਂ ਇਲਾਵਾ ਕੁਝ ਨਹੀਂ ਮਿਲਦਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਲੰਧਰ ਕੈਂਟ ਦੀਆਂ ਸੜਕਾਂ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਘਟੀਆ ਕੰਮ ਕਰਨ ਵਾਲੇ ਠੇਕੇਦਾਰਾਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਹਲਕੇ ਦੀਆਂ ਸੜਕਾਂ ਨੂੰ ਸਹੀ ਢੰਗ ਨਾਲ ਮੁੜ ਤਿਆਰ ਕੀਤਾ ਜਾਵੇ। ਪ੍ਰਦਰਸ਼ਨ ਦੌਰਾਨ ਵਰਕਰਾਂ ਤੇ ਲੋਕਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।