ਫਾਕਲੈਂਡ ’ਤੇ ਬ੍ਰਿਟੇਨ ਸਖ਼ਤ, ਕਿਹਾ-ਖੁਦਮੁਖ਼ਤਿਆਰੀ ’ਤੇ ਕੋਈ ਸਮਝੌਤਾ ਨਹੀਂ
ਲੰਡਨ (ਰਾਇਟਰ) : ਫਾਕਲੈਂਡ
Publish Date: Sat, 25 Apr 2026 09:01 PM (IST)
Updated Date: Sat, 25 Apr 2026 09:04 PM (IST)
ਲੰਡਨ (ਰਾਇਟਰ) : ਫਾਕਲੈਂਡ ਦੀਪ ਨੂੰ ਲੈ ਕੇ ਬ੍ਰਿਟੇਨ ਨੇ ਇਕ ਵਾਰ ਫਿਰ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਅਤੇ ਅਮਰੀਕਾ ਨੂੰ ਸਾਫ਼ ਸੰਦੇਸ਼ ਦਿੱਤਾ ਹੈ ਕਿ ਦੀਪਾਂ ਦੀ ਖੁਦਮੁਖ਼ਤਿਆਰੀ ਪੂਰੀ ਤਰ੍ਹਾਂ ਉਨ੍ਹਾਂ ਕੋਲ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਬੁਲਾਰੇ ਨੇ ਕਿਹਾ ਕਿ ਇਸ ਮੁੱਦੇ ’ਤੇ ਬ੍ਰਿਟੇਨ ਦਾ ਰੁਖ਼ ਪੂਰੀ ਤਰ੍ਹਾਂ ਸਪਸ਼ਟ, ਪੁਰਾਨਾ ਤੇ ਅਡਿੱਗ ਹੈ ਤੇ ਇਸ ’ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਣ ਵਾਲਾ। ਉਨ੍ਹਾਂ ਨੇ ਜ਼ੋਰ ਦੇ ਕਿਹਾ ਕਿ ਫਾਕਲੈਂਡ ਦੀਪਾਂ ਦੀ ਖੁਦਮੁਖ਼ਤਿਆਰੀ ਬ੍ਰਿਟੇਨ ਕੋਲ ਹੈ ਤੇ ਉਥੋਂ ਦੇ ਲੋਕਾਂ ਦੇ ਆਤਮ ਫੈਸਲੇ ਦਾ ਅਧਿਕਾਰ ਸਰਵਉੱਚ ਹੈ। ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦ ਇਕ ਕਥਿਤ ਪੇਂਟਾਗਨ ਈਮੇਲ ’ਚ ਸੁਝਾਅ ਦਿੱਤਾ ਗਿਆ ਸੀ ਕਿ ਈਰਾਨ ਜੰਗ ’ਚ ਸਹਿਯੋਗ ਨਾ ਦੇਣ ਵਾਲੇ ਨਾਟੋ ਸਹਿਯੋਗੀਆਂ ’ਤੇ ਦਬਾਅ ਬਣਾਉਣ ਲਈ ਅਮਰੀਕਾ ਆਪਣੀਆਂ ਨੀਤੀਆਂ ਦੀ ਸਮੀਖਿਆ ਕਰ ਸਕਦਾ ਹੈ, ਜਿਸ ’ਚ ਫਾਕਲੈਂਡ ਵਰਗੇ ਯੂਰਪੀ ਵਿਦੇਸ਼ੀ ਖੇਤਰਾਂ ਨੂੰ ਲੈ ਕੇ ਰੁਖ਼ ਬਦਲਣ ਦਾ ਬਦਲ ਵੀ ਸ਼ਾਮਲ ਹੈ। ਹਾਲਾਂਕਿ ਬ੍ਰਿਟੇਨ ਨੇ ਸਾਫ਼ ਕਰ ਦਿੱਤਾ ਕਿ ਉਸ ਨੇ ਆਪਣੇ ਇਸ ਰੁਖ਼ ਨੂੰ ਲਗਾਤਾਰ ਹਰ ਅਮਰੀਕੀ ਪ੍ਰਸ਼ਾਸਨ ਦੇ ਸਾਹਮਣੇ ਸਪਸ਼ਟ ਤੌਰ ’ਤੇ ਰੱਖਿਆ ਹੈ ਤੇ ਅੱਗੇ ਵੀ ਇਹੀ ਸਥਿਤੀ ਬਣੀ ਰਹੇਗੀ।