-ਪਠਾਨਕੋਟ ਚੌਕ ਤੋਂ ਫੋਕਲ

-ਪਠਾਨਕੋਟ ਚੌਕ ਤੋਂ ਫੋਕਲ ਪੁਆਇੰਟ ਵੱਲ ਸਰਵਿਸ ਲੇਨ ਨਾਲ ਹੀ ਲੱਗਦੀਆਂ ਹਨ ਦਰਜਨ ਦੇ ਕਰੀਬ ਕਾਲੋਨੀਆਂ
ਜਾਸ, ਜਲੰਧਰ : ਨੈਸ਼ਨਲ ਹਾਈਵੇ ’ਤੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਲਾਈਨ ਪਾਉਣ ਕਾਰਨ ਮੁੜ ਟ੍ਰੈਫਿਕ ਦੀ ਸਮੱਸਿਆ ਵਧ ਗਈ ਹੈ। ਇਸ ਲਈ ਸੋਮਵਾਰ ਦੁਪਹਿਰ ਤੋਂ ਪਠਾਨਕੋਟ ਚੌਕ ਤੋਂ ਫੋਕਲ ਪੁਆਇੰਟ ਵੱਲ ਜਾਣ ਵਾਲੀ ਸਰਵਿਸ ਲੇਨ ਬੰਦ ਕਰ ਕੇ ਪੁੱਟ-ਪੁਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਦਕਿ ਲੰਮਾ ਪਿੰਡ ਚੌਕ ਤੋਂ ਪਠਾਨਕੋਟ ਚੌਕ ਹੋ ਕੇ ਫੋਕਲ ਪੁਆਇੰਟ ਚੌਕ ਤੱਕ ਦੀ ਸਰਵਿਸ ਲੇਨ ਪਹਿਲਾਂ ਹੀ ਪਾਈਪ ਲਾਈਨ ਪਾਉਣ ਲਈ ਪੁੱਟੀ ਜਾ ਚੁੱਕੀ ਹੈ। ਸਰਵਿਸ ਲੇਨ ਬੰਦ ਕਰਨ ਕਾਰਨ ਦੋਆਬਾ ਚੌਕ ਵੱਲੋਂ ਨੈਸ਼ਨਲ ਹਾਈਵੇ ਤੱਕ ਜਾਣ ਵਾਲੇ ਟ੍ਰੈਫਿਕ ਦਾ ਸਾਰਾ ਦਬਾਅ ਮੇਨ ਹਾਈਵੇ 'ਤੇ ਵਧ ਗਿਆ ਹੈ। ਇਸ ਕਾਰਨ ਦੁਪਹਿਰ ਸਮੇਂ ਪਠਾਨਕੋਟ ਚੌਕ ਤੋਂ ਪਹਿਲਾਂ ਕੇਐੱਮਵੀ ਕਾਲਜ ਤੱਕ ਵਾਹਨਾਂ ਦੀ ਲੰਬੀ ਕਤਾਰ ਬਣ ਗਈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਚੌਕ ਨੂੰ ਪਾਰ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਵਿਸ ਲੇਨ ’ਤੇ ਪਾਈਪ ਲਾਈਨ ਪਾਉਣ ਦਾ ਕੰਮ ਜਾਰੀ ਰਹਿਣ ਤੱਕ ਟ੍ਰੈਫਿਕ ਦੀ ਸਮੱਸਿਆ ਜਾਰੀ ਰਹੇਗੀ।
-------------
ਨਹਿਰ ਤੱਕ ਦੋਵੇਂ ਪਾਸੇ ਪਾਈ ਜਾਵੇਗੀ ਪਾਈਪ ਲਾਈਨ
ਭਗਤ ਸਿੰਘ ਕਾਲੋਨੀ ਤੋਂ ਪਹਿਲਾਂ ਨਹਿਰ ਤੱਕ ਨੈਸ਼ਨਲ ਹਾਈਵੇ ਕੰਢੇ ਦੋਵੇਂ ਪਾਸੇ ਦੀ ਸਰਵਿਸ ਲੇਨ 'ਤੇ ਪਾਣੀ ਦੀ ਪਾਈਪ ਲਾਈਨ ਪਾਉਣ ਦਾ ਕੰਮ ਕੀਤਾ ਜਾਵੇਗਾ। ਦੂਜੇ ਪਾਸੇ ਫੋਕਲ ਪੁਆਇੰਟ ਤੱਕ ਪਾਈਪ ਪਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਅਗਲੀ ਸਰਵਿਸ ਲੇਨ 'ਤੇ ਪੁੱਟ-ਪੁਟਾਈ ਦਾ ਕੰਮ ਜਲਦ ਸ਼ੁਰੂ ਹੋ ਸਕਦਾ ਹੈ। ਇਸ ਦਾ ਕਾਰਨ ਪਠਾਨਕੋਟ ਚੌਕ ਤੋਂ ਨਹਿਰ ਤੱਕ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਸਰਵਿਸ ਲੇਨ 'ਤੇ ਪਾਣੀ ਦੀਆਂ ਪਾਈਪਾਂ ਪਾਉਣੀਆਂ ਹਨ, ਜਦਕਿ ਪਠਾਨਕੋਟ ਚੌਕ ਤੋਂ ਲੰਮਾ ਪਿੰਡ ਹੋ ਕੇ ਸੂਰੀਆ ਐਨਕਲੇਵ ਦੇ ਸਾਹਮਣੇ ਤੱਕ ਪਾਈਪ ਲਾਈਨ ਪਾਉਣੀ ਹੈ, ਜਿਸ ਲਈ ਪੁਟਾਈ ਦਾ ਕੰਮ ਸੁੱਚੀ ਪਿੰਡ ਦੇ ਸਾਹਮਣੇ ਤੱਕ ਪੁੱਜ ਚੁੱਕਾ ਹੈ।
------------
ਦਰਜਨ ਭਰ ਇਲਾਕੇ ਦੇ ਲੋਕਾਂ ਨੂੰ ਹੋਵੇਗੀ ਮੁਸ਼ਕਲ
ਪਠਾਨਕੋਟ ਚੌਕ ਤੋਂ ਨਹਿਰ ਤੱਕ ਸਰਵਿਸ ਲੇਨ ਕੰਢੇ ਦਰਜਨ ਦੇ ਕਰੀਬ ਸੰਘਣੀ ਆਬਾਦੀ ਵਾਲੇ ਇਲਾਕੇ ਹਨ, ਜਿਨ੍ਹਾਂ ਦੇ ਲੋਕਾਂ ਨੂੰ ਖਾਸ ਕਰ ਕੇ ਸਵੇਰੇ ਤੇ ਸ਼ਾਮ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਇਸ ’ਚ ਅਮਨ ਨਗਰ, ਅਮਰ ਗਾਰਡਨ, ਨਿਊ ਗੋਬਿੰਦ ਨਗਰ, ਗੁੱਜਾ ਪੀਰ ਰੋਡ, ਸੈਣੀ ਕਾਲੋਨੀ, ਵੱਡਾ ਸਈਪੁਰ ਰੋਡ, ਸੰਜੇ ਗਾਂਧੀ ਨਗਰ ਤੇ ਕਨਾਲ ਰੋਡ ਦਾ ਇਲਾਕਾ ਸ਼ਾਮਲ ਹੈ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਮੇਨ ਹਾਈਵੇ ਜਾਂ ਸਰਵਿਸ ਲੇਨ ’ਤੇ ਆਉਣ ਦੀ ਬਜਾਏ ਦੋਆਬਾ ਚੌਕ ਤੋਂ ਪਠਾਨਕੋਟ ਚੌਕ ਵਿਚਾਲੇ ਅਰਥਾਤ ਕੇਐੱਮਵੀ ਰੋਡ ਰਾਹੀਂ ਜਾਣਾ ਚਾਹੀਦਾ ਹੈ ਤਾਂ ਜੋ ਟ੍ਰੈਫਿਕ ਤੋਂ ਬਚ ਸਕਣ।
------------
ਟੁਕੜਿਆਂ ’ਚ ਪੁੱਟਿਆ ਜਾਵੇਗਾ ਸਰਵਿਸ ਰੋਡ
ਪ੍ਰੋਜੈਕਟ ਦੀ ਠੇਕੇਦਾਰ ਕੰਪਨੀ ਦੇ ਸਾਈਟ ਸਟਾਫ ਰਾਹੁਲ ਦੂਬੇ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੂੰ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦਿਆਂ ਟੁਕੜਿਆਂ ’ਚ ਪੁਟਾਈ ਦਾ ਕੰਮ ਕੀਤਾ ਜਾਵੇਗਾ। ਪਹਿਲਾਂ ਅਮਨ ਨਗਰ ਤੱਕ ਦੀ ਸੜਕ, ਫਿਰ ਨਿਊ ਗੋਬਿੰਦ ਨਗਰ ਤੱਕ, ਅੱਗੇ ਗੁੱਜਾ ਪੀਰ ਰੋਡ, ਫਿਰ ਵੱਡੇ ਸਈਪੁਰ ਤੱਕ ਤੇ ਅੰਤ ’ਚ ਕਨਾਲ ਰੋਡ ਨੂੰ ਜਾਣ ਵਾਲੇ ਰਸਤੇ ਨੂੰ ਬੰਦ ਕਰ ਕੇ ਪੁੱਟਣ ਦਾ ਕੰਮ ਜਾਵੇਗਾ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਘੱਟ ਕਰਨਾ ਪਵੇ।
------------
ਜ਼ਰੂਰਤ ਪੈਣ 'ਤੇ ਰਾਤ ਨੂੰ ਚੱਲੇਗਾ ਕੰਮ : ਐੱਸਡੀਓ
ਸਰਫੇਸ ਵਾਟਰ ਪ੍ਰੋਜੈਕਟ ਦੀ ਨੋਡਲ ਏਜੰਸੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਐੱਸਡੀਓ ਪਦਮਦੀਪ ਸਿੰਘ ਨੇ ਦੱਸਿਆ ਕਿ ਅਗਲੇ ਕਰੀਬ ਦੋ ਮਹੀਨਿਆਂ ’ਚ ਨੈਸ਼ਨਲ ਹਾਈਵੇ 'ਤੇ ਪਾਣੀ ਦੀ ਪਾਈਪ ਪਾਉਣ ਦਾ ਕੰਮ ਪੂਰਾ ਹੋ ਜਾਵੇਗਾ। ਜਿੱਥੇ ਟ੍ਰੈਫਿਕ ਦੀ ਸਮੱਸਿਆ ਵੱਧ ਹੋਵੇਗੀ, ਉਸ ਦੀ ਥਾਂ 'ਤੇ ਦਿਨ ਦੀ ਬਜਾਏ ਰਾਤ ਵੇਲੇ ਸੜਕ ਪੁੱਟਣ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਠਾਨਕੋਟ ਚੌਕ ਤੋਂ ਫੋਕਲ ਪੁਆਇੰਟ ਤੱਕ ਦੀ ਸਰਵਿਸ ਲੇਨ 'ਤੇ ਵੱਧ ਟ੍ਰੈਫਿਕ ਹੋਣ ਕਾਰਨ ਰਾਤ ਨੂੰ ਪੁੱਟਣ ਦਾ ਕੰਮ ਕੀਤਾ ਗਿਆ ਸੀ। ਨਾਲ ਹੀ ਮੌਸਮ ਨੂੰ ਦੇਖਦਿਆਂ ਦਿਨ ਵੇਲੇਂ ਧੂੜ ਭਰੀ ਹਵਾ ਦੀ ਸਮੱਸਿਆ ਨੂੰ ਘੱਟ ਕਰਨ ਲਈ ਪੁੱਟਣ ਵਾਲੀ ਸੜਕ ’ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇਗਾ।