-ਰਾਜਸਥਾਨ ਤੋਂ ਜੰਮੂ ਜਾ

-ਰਾਜਸਥਾਨ ਤੋਂ ਜੰਮੂ ਜਾ ਰਹੀ ਔਰਤ ਦੇ ਪਰਸ ’ਚ ਸਨ 14 ਲੱਖ ਦੇ ਗਹਿਣੇ
-ਸਟੇਸ਼ਨ ’ਤੇ ਪਹਿਲਾਂ ਵੀ ਆਉਂਦੇ ਸਨ ਮੁਲਜ਼ਮ, ਸੀਸੀਟੀਵੀ ਤੋਂ ਮਿਲਿਆ ਸੁਰਾਗ
ਜਾਸ, ਜਲੰਧਰ : ਰਾਜਸਥਾਨ ਤੋਂ ਜੰਮੂ ਪੇਕੇ ਪਰਿਵਾਰ ਦੇ ਵਿਆਹ ਸਮਾਗਮ ਲਈ ਜਾ ਰਹੀ ਔਰਤ ਦਾ ਪਰਸ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਹੋ ਗਿਆ। ਔਰਤ ਨੇ ਰੇਲਵੇ ਪੁਲਿਸ ਨੂੰ ਜਾਣਕਾਰੀ ਦਿੱਤੀ ਪਰ ਜੰਮੂ ਜਾਣ ਕਾਰਨ ਉਸ ਨੇ ਜੰਮੂ ਪੁੱਜ ਕੇ ਰੇਲਵੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜੰਮੂ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਜੀਆਰਪੀ ਤੇ ਆਰਪੀਐੱਫ ਨੇ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਖੰਘਾਲੇ ਤੇ ਸਟੇਸ਼ਨ ’ਤੇ ਭੀਖ ਮੰਗਣ ਵਾਲਿਆਂ ਤੇ ਸਾਮਾਨ ਵੇਚਣ ਵਾਲਿਆਂ ਦੇ ਰਿਕਾਰਡ ਦੀ ਜਾਂਚ ਕੀਤੀ। ਦੋ ਨਾਬਾਲਿਗ ਸ਼ੱਕੀ ਸੀਸੀਟੀਵੀ 'ਚ ਨਜ਼ਰ ਆਏ, ਇਕ ਦੇ ਹੱਥ ’ਚ ਔਰਤ ਦਾ ਪਰਸ ਸੀ। ਇਸੇ ਆਧਾਰ 'ਤੇ ਪੁਲਿਸ ਨੇ ਰਿਕਾਰਡ ਖੰਘਾਲ ਕੇ ਗਹਿਣਿਆਂ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਮਗਰੋਂ ਉਨ੍ਹਾਂ ਦੇ ਸਰਗਨੇ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਤਿੰਨੇ ਮੁਲਜ਼ਮ ਜਲੰਧਰ ਰੇਲਵੇ ਸਿਟੀ ਸਟੇਸ਼ਨ ਨੇੜੇ ਰਹਿੰਦੇ ਹਨ।
5 ਮਈ ਨੂੰ ਸ਼ਿਕਾਇਤਕਰਤਾ ਸੰਜੋਗਿਤਾ ਰਾਣਾ ਵਾਸੀ ਅਸ਼ਵਨੀ ਅਮਰਬਾਗ, ਥਾਣਾ ਕੁੜੀ ਭਗਤਾਸਨੀ, ਜ਼ਿਲਾ ਜੋਧਪੁਰ ਰਾਜਸਥਾਨ, ਟ੍ਰੇਨ ਨੰਬਰ 14803 ਭਗਤ ਕੀ ਕੋਠੀ ’ਚ ਜੋਧਪੁਰ ਰੇਲਵੇ ਸਟੇਸ਼ਨ ਤੋਂ ਜੰਮੂ ਤਵੀ ਰੇਲਵੇ ਸਟੇਸ਼ਨ ਤੱਕ ਸਫਰ ਕਰ ਰਹੀ ਸਨ। ਸਫ਼ਰ ਦੌਰਾਨ ਰਾਤ ਦੇ ਕਰੀਬ ਪੌਣੇ 12 ਵਜੇ ਸਿਟੀ ਰੇਲਵੇ ਸਟੇਸ਼ਨ ਜਲੰਧਰ 'ਤੇ ਕਿਸੇ ਅਣਪਛਾਤੇ ਨੇ ਪਰਸ ਚੋਰੀ ਕਰ ਲਿਆ। ਸ਼ਿਕਾਇਤਕਰਤਾ ਅਨੁਸਾਰ ਉਸ ’ਚ ਇਕ ਸੋਨੇ ਦਾ ਨੈਕਲੇਸ ਸੈੱਟ, ਇਕ ਡੋਗਰੀ ਗੋਲਡ ਸੈੱਟ, ਇਕ ਸੋਨੇ ਦੀ ਚੇਨ, 4 ਸੋਨੇ ਦੇ ਕੰਗਣ, ਸੋਨੇ ਤੇ ਹੀਰੇ ਦੀ ਅੰਗੂਠੀ, ਇਕ ਗੋਲਡ ਪਲੇਟਿਡ ਘੜੀ, ਚਾਂਦੀ ਦੀ ਰਾਜਸਥਾਨੀ ਪਾਇਲ (ਝਾਂਜਰ), ਗੁੱਚੀ ਸ਼ੇਡਸ ਦੀਆਂ ਐਨਕਾਂ ਜਿਸਦੀ ਕੀਮਤ ਲਗਪਗ 30-35 ਹਜ਼ਾਰ ਰੁਪਏ ਸੀ, 20 ਤੋਂ 25 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਅਹਿਮ ਦਸਤਾਵੇਜ਼ ਸ਼ਾਮਲ ਸਨ। ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਕੀਮਤ ਲਗਪਗ 14 ਲੱਖ ਸੀ। ਚੋਰਾਂ ਨੇ ਉਨ੍ਹਾਂ 15 ਲੱਖ ਦੇ ਕਰੀਬ ਨਕਦੀ ਤੇ ਸਾਮਾਨ ਚੋਰੀ ਕੀਤਾ ਸੀ।
ਜੰਮੂ ਤੋਂ ਮਿਲੀ ਜਾਣਕਾਰੀ ਅਨੁਸਾਰ, ਜਲੰਧਰ ਜੀਆਰਪੀ ਪੁਲਿਸ ਨੇ 8 ਮਈ ਨੂੰ ਮਾਮਲਾ ਦਰਜ ਕੀਤਾ ਪਰ ਇਸ ਤੋਂ ਪਹਿਲਾਂ ਹੀ ਮੁਲਜ਼ਮ ਦੀ ਭਾਲ ਜਾਰੀ ਸੀ। ਜੀਆਰਪੀ ਸਟੇਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਰਪੀਐੱਫ ਦੇ ਇੰਚਾਰਜ ਰਵਿੰਦਰ ਸਿੰਘ ਦੇ ਨਾਲ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਟੀਮਾਂ ਨੇ ਜਿੱਥੇ ਟ੍ਰੇਨ ਦੀ ਬੋਗੀ ਰੁਕੀ ਸੀ, ਉਥੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤੇ ਸ਼ੱਕੀਆਂ ਦੀ ਪਛਾਣ ਕੀਤੀ। ਜਾਂਚ ਦੇ ਆਧਾਰ 'ਤੇ ਦੋ ਨਾਬਾਲਿਗ ਮੁਲਜ਼ਮ ਜੋ ਸਟੇਸ਼ਨ ਨੇੜੇ ਹੀ ਰਹਿੰਦੇ ਹਨ, ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ’ਚ ਉਨ੍ਹਾਂ ਤੋਂ ਚੋਰੀ ਕੀਤੇ ਗਏ ਸੋਨੇ ਦੇ ਗਹਿਣੇ ਬਰਾਮਦ ਹੋਏ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਤੀਜੇ ਮੁਲਜ਼ਮ ਜਤਿੰਦਰ ਉਰਫ਼ ਸਾਬੀ, ਵਾਸੀ ਆਸ਼ੂ ਮੁਹੱਲਾ, ਕਾਜ਼ੀ ਮੰਡੀ, ਥਾਣਾ ਰਾਮਾ ਮੰਡੀ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕੀਤਾ ਤੇ ਬਾਕੀ ਦੇ ਗਹਿਣਏ ਵੀ ਬਰਾਮਦ ਕਰ ਲਏ।