ਇਲਾਜ ਕਰਵਾਉਣ ਆ ਰਹੇ ਹਰ ਪੰਜਵੇਂ ਬੱਚੇ ਨੂੰ ਛਾਤੀ ਦੀ ਬਿਮਾਰੀ
ਇਲਾਜ ਕਰਵਾਉਣ ਆ ਰਹੇ ਹਰ ਪੰਜਵੇਂ ਬੱਚੇ ਨੂੰ ਛਾਤੀ ਦੀ ਬਿਮਾਰੀ
Publish Date: Sat, 13 Dec 2025 08:18 PM (IST)
Updated Date: Sat, 13 Dec 2025 08:21 PM (IST)

ਨਿੱਜੀ ਤੇ ਸਰਕਾਰੀ ਹਸਪਤਾਲਾਂ ’ਚ ਖੰਘ, ਜੁਕਾਮ ਤੇ ਛਾਤੀ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਪਹੁੰਚ ਰਹੇ ਮਰੀਜ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਹਨਾਂ ਤੋਂ ਹੋ ਰਹੇ ਪ੍ਰਦੂਸ਼ਣ ਤੇ ਹਵਾ ’ਚ ਟਿਕੇ ਹੋਏ ਦੂਸ਼ਿਤ ਕਣਾਂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਜੋ ਲੋਕਾਂ, ਖ਼ਾਸ ਕਰ ਕੇ ਬੱਚਿਆਂ ਦੀ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ। ਸਰਦੀ ਵਧਣ ਦੇ ਨਾਲ-ਨਾਲ ਹਵਾ ’ਚ ਮੌਜੂਦ ਪੀਐੱਮ 2.5 ਤੇ ਪੀਐੱਮ 10 ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਪਹੁੰਚਣ ਨਾਲ ਠੰਢ ਵਧੀ ਹੈ, ਉੱਥੇ ਹੀ ਵੱਧਦਾ ਏਅਰ ਕੁਆਲਿਟੀ ਇੰਡੈਕਸ ਵੀ ਘਾਤਕ ਸਾਬਤ ਹੋ ਰਿਹਾ ਹੈ। ਸਰਕਾਰੀ ਤੇ ਨਿੱਜੀ ਹਸਪਤਾਲਾਂ ਅਨੁਸਾਰ ਓਪੀਡੀ ’ਚ ਆਉਣ ਵਾਲੇ ਬੱਚਿਆਂ ’ਚ ਹਰ ਪੰਜਵਾਂ ਮਰੀਜ਼ ਛਾਤੀ ਦੀਆਂ ਬਿਮਾਰੀਆਂ ਕਾਰਨ ਪੀੜਤ ਹੈ। ਬੱਚੇ ਖੰਘ, ਜੁਕਾਮ ਦੇ ਨਾਲ-ਨਾਲ ਬੁਖਾਰ ਕਾਰਨ ਵੀ ਪਰੇਸ਼ਾਨ ਹੋ ਰਹੇ ਹਨ। ਇਲਾਜ ’ਚ ਲਾਪਰਵਾਹੀ ਕਰਨ ਵਾਲਿਆਂ ’ਚੋਂ ਲਗਪਗ 20 ਫੀਸਦੀ ਬੱਚਿਆਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਨਾ ਪੈ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹਵਾ ’ਚ ਰਾਈਨੋ ਤੇ ਇੰਫਲੂਐਂਜ਼ਾ ਵਾਇਰਸ ਮੌਜੂਦ ਹੋਣ ਕਾਰਨ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਭੁਟਾਨੀ ਹਸਪਤਾਲ ਦੇ ਐੱਮਡੀ ਤੇ ਆਈਐੱਮਏ ਦੇ ਪ੍ਰਧਾਨ ਡਾ. ਐੱਮਐੱਸ ਭੁਟਾਨੀ ਨੇ ਦੱਸਿਆ ਕਿ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ਮਰੀਜ਼ਾਂ ਦੀ ਗਿਣਤੀ ਲਗਪਗ ਦੁੱਗਣੀ ਹੋ ਗਈ ਹੈ। ਇਨ੍ਹਾਂ ’ਚ ਹਰ ਉਮਰ ਵਰਗ ਦੇ ਬੱਚੇ ਸ਼ਾਮਲ ਹਨ, ਪਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੱਧ ਪਰੇਸ਼ਾਨੀ ਆ ਰਹੀ ਹੈ। ਪਿੰਡ ਜਮਸ਼ੇਰ ਤੋਂ ਛੇ ਮਹੀਨੇ ਦੇ ਬੱਚੇ ਪ੍ਰਭਦੀਪ ਨੂੰ ਹਾਲਤ ਗੰਭੀਰ ਹੋਣ ’ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਕਰੀਬ ਦੋ ਹਫ਼ਤੇ ਪਹਿਲਾਂ ਉਸਨੂੰ ਖੰਘ, ਜੁਕਾਮ ਤੇ ਬੁਖਾਰ ਸੀ। ਸਥਾਨਕ ਡਾਕਟਰ ਤੋਂ ਇਲਾਜ ਕਰਵਾਉਣ ਨਾਲ ਠੀਕ ਹੋ ਗਿਆ ਸੀ, ਪਰ ਪਿਛਲੇ ਦੋ ਦਿਨਾਂ ਤੋਂ ਹਾਲਤ ਵਿਗੜਣ ’ਤੇ ਦਾਖ਼ਲ ਕਰਨਾ ਪਿਆ। ਬੱਚੇ ਨੂੰ ਛਾਤੀ ਦੀ ਇਨਫੈਕਸ਼ਨ ਪਾਈ ਗਈ ਹੈ ਤੇ ਨਿਮੋਨੀਆ ਦੀ ਸ਼ੰਕਾ ਕਾਰਨ ਟੈਸਟ ਕਰਵਾਏ ਜਾ ਰਹੇ ਹਨ। ਪਿਮਜ਼ ਦੇ ਬਾਲ ਰੋਗ ਵਿਭਾਗ ਦੇ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਠੰਢ ਤੇ ਪ੍ਰਦੂਸ਼ਣ ਕਾਰਨ ਹਵਾ ’ਚ ਮੌਜੂਦ ਦੂਸ਼ਿਤ ਕਣ ਬੱਚਿਆਂ ਲਈ ਨੁਕਸਾਨਦਾਇਕ ਸਾਬਤ ਹੋ ਰਹੇ ਹਨ। ਪੀਐੱਮ 2.5 ਦੀ ਮਾਤਰਾ ਵੱਧ ਹੋਣ ਕਾਰਨ ਇਹ ਕਣ ਸਾਹ ਰਾਹੀਂ ਮੂੰਹ ਦੇ ਜ਼ਰੀਏ ਸਰੀਰ ’ਚ ਦਾਖ਼ਲ ਹੋ ਕੇ ਫੇਫੜਿਆਂ ਨੂੰ ਜਕੜ ਲੈਂਦੇ ਹਨ। ਫੇਫੜਿਆਂ ’ਚ ਸੋਜ ਆਉਣ ਨਾਲ ਬੱਚਿਆਂ ਨੂੰ ਛਾਤੀ ਦੀਆਂ ਬਿਮਾਰੀਆਂ ਤੇ ਸਾਹ ਲੈਣ ’ਚ ਦਿੱਕਤ ਆ ਰਹੀ ਹੈ। ਹਸਪਤਾਲ ’ਚ ਆਉਣ ਵਾਲੇ ਬੱਚਿਆਂ ’ਚੋਂ ਕਰੀਬ 25 ਫੀਸਦੀ ਛਾਤੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਦਕਿ ਠੀਕ ਸਮੇਂ ’ਤੇ ਇਲਾਜ ਨਾ ਹੋਣ ਕਾਰਨ ਲਗਪਗ 20 ਫੀਸਦੀ ਬੱਚਿਆਂ ਨੂੰ ਦਾਖ਼ਲ ਕਰਨਾ ਪੈ ਰਿਹਾ ਹੈ। ਸ਼ਹਿਰੀ ਇਲਾਕਿਆਂ ਖ਼ਾਸ ਕਰ ਕੇ ਮਾਡਲ ਟਾਊਨ, ਅਰਬਨ ਐਸਟੇਟ ਤੇ ਪਿਮਜ਼ ਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਵੀ ਮਰੀਜ਼ ਪਹੁੰਚ ਰਹੇ ਹਨ। ਦੋ ਹਫ਼ਤੇ ਪਹਿਲਾਂ ਇਕ ਮਹਿਲਾ ਆਪਣੇ ਸੱਤ ਸਾਲਾ ਬੱਚੇ ਨੂੰ ਖੰਘ ਤੇ ਜੁਕਾਮ ਦੀ ਸਮੱਸਿਆ ਨਾਲ ਇਲਾਜ ਲਈ ਲੈ ਕੇ ਆਈ। ਉਸਨੇ ਦੱਸਿਆ ਕਿ ਬੱਚੇ ਨੂੰ ਸਰਦੀ ਤੋਂ ਬਚਾਉਣ ਤੇ ਟੀਕਾਕਰਨ ਪੂਰਾ ਹੋਣ ਦੇ ਬਾਵਜੂਦ ਸਮੱਸਿਆ ਆ ਰਹੀ ਹੈ। ਜਾਂਚ ’ਚ ਪਤਾ ਲੱਗਾ ਕਿ ਬੱਚੇ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣ ਕਾਰਨ ਸਕੂਲ ’ਚ ਕਿਸੇ ਹੋਰ ਬੱਚੇ ਦੀ ਬਿਮਾਰੀ ਦੀ ਲਪੇਟ ’ਚ ਆ ਗਿਆ। ਪ੍ਰਦੂਸ਼ਿਤ ਵਾਤਾਵਰਨ ਤੇ ਰਾਈਨੋ ਤੇ ਇੰਫੂਐਂਜ਼ਾ ਵਾਇਰਸ ਕਾਰਨ ਇਨ੍ਹਾਂ ਦਿਨਾਂ ਜੁਕਾਮ ਤੇ ਖੰਘ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਵਰਖਾ ਨਾ ਹੋਣ ਕਾਰਨ ਭਵਿੱਖ ’ਚ ਮਰੀਜ਼ਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਦੂਸ਼ਿਤ ਕਣ ਹਵਾ ਰਾਹੀਂ ਨੱਕ ਤੇ ਮੂੰਹ ਦੇ ਜ਼ਰੀਏ ਸਰੀਰ ’ਚ ਦਾਖ਼ਲ ਹੋ ਕੇ ਸਮੱਸਿਆਵਾਂ ਪੈਦਾ ਕਰ ਰਹੇ ਹਨ। ਬੱਚਿਆਂ ’ਚ ਸਰਦੀ ਦੇ ਲੱਛਣ ਵਗਦੀ ਜਾਂ ਭਰੀ ਨੱਕ ਛਿੱਕਾਂ ਆਉਣਾ ਖੰਘ ਗਲੇ ’ਚ ਖਾਰਸ਼ ਹਲਕਾ ਸਿਰਦਰਦ ਹਲਕਾ ਬੁਖਾਰ ਸਰੀਰ ਦਰਦ ਥਕਾਵਟ --------------- ਬੱਚਿਆਂ ’ਚ ਸਰਦੀ ਦੇ ਕਾਰਨ ਇਨਫੈਕਟਿਡ ਵਿਅਕਤੀ ਦੇ ਸੰਪਰਕ ’ਚ ਆਉਣਾ ਦੂਸ਼ਿਤ ਸਤਹਾਂ ਨੂੰ ਛੂਹਣਾ ------------------ ਬੱਚਿਆਂ ਨੂੰ ਸਰਦੀ ਤੋਂ ਬਚਾਅ ਵਾਰ-ਵਾਰ ਹੱਥ ਧੋਣ ਲਈ ਕਹੋ ਬਿਮਾਰ ਲੋਕਾਂ ਦੇ ਸੰਪਰਕ ਤੋਂ ਬਚੋ ਵਾਰ-ਵਾਰ ਛੂਹਣ ਵਾਲੀਆਂ ਸਤਹਾਂ ਨੂੰ ਸਾਫ਼ ਕਰੋ ਭੀੜ ਤੋਂ ਬਚਾਓ ਸਿਹਤਮੰਦ ਭੋਜਨ ਤੇ ਪੂਰੀ ਨੀਂਦ ਰਾਹੀਂ ਬੱਚੇ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਕਰੋ