ਫ਼ੌਜੀ ਹਵਾਈ ਅੱਡਿਆਂ ਦੇ

ਫ਼ੌਜੀ ਹਵਾਈ ਅੱਡਿਆਂ ਦੇ ਇਸਤੇਮਾਲ ’ਤੇ ਅਮਰੀਕਾ ਨਾਲ ਸਮਝੌਤੇ ਲਾਗੂ ਕਰਨ ਦੀ ਤਿਆਰੀ
ਸਪੇਨ ਨੂੰ ਛੱਡ ਕੇ ਜ਼ਿਆਦਾਤਰ ਨਾਟੋ ਦੇਸ਼ ਸਹਿਯੋਗ ਦੇ ਪੱਖ ’ਚ
ਯੇਰੇਵਨ (ਆਰਮੇਨੀਆ) ਏਜੰਸੀ : ਨਾਟੋ ਦੇ ਜਨਰਲ ਸਕੱਤਰ ਮਾਰਕ ਰੂਟ ਨੇ ਕਿਹਾ ਹੈ ਕਿ ਯੂਰਪੀ ਦੇਸ਼ਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੰਦੇਸ਼ ਸਮਝ ਲਿਆ ਹੈ ਤੇ ਹੁਣ ਉਹ ਫ਼ੌਜੀ ਯੋਗਦਾਨ ਵਧਾਉਣ ਤੇ ਅਮਰੀਕੀ ਫ਼ੌਜ ਨੂੰ ਫ਼ੌਜੀ ਹਵਾਈ ਅੱਡਿਆਂ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਲਈ ਅੱਗੇ ਵਧ ਰਹੇ ਹਨ। ਅਲ ਜ਼ਜ਼ੀਰਾ ਅਨੁਸਾਰ ਰੂਟ ਨੇ ਸੰਕੇਤ ਦਿੱਤਾ ਕਿ ਮਹਾਦੀਪ ’ਚ ਫ਼ੌਜੀ ਅੱਡਿਆਂ ਦੇ ਇਸਤੇਮਾਲ ਨਾਲ ਜੁੜੇ ਸਮਝੌਤਿਆਂ ਨੂੰ ਲਾਗੂ ਕਰਨ ਦੀ ਦਿਸ਼ਾ ’ਚ ਠੋਸ ਕਦਮ ਚੁੱਕੇ ਜਾ ਰਹੇ ਹਨ। ਆਰਮੇਨੀਆ ’ਚ ਆਯੋਜਿਤ ਯੂਰਪੀ ਰਾਜਨੀਤਿਕ ਭਾਈਚਾਰਾ ਸਿਖਰ ਸੰਮੇਲਨ ਦੌਰਾਨ ਰੂਟ ਨੇ ਮੰਨਿਆ ਕਿ ਟ੍ਰਾਂਸ-ਅਟਲਾਂਟਿਕ ਸਾਂਝੇਦਾਰਾਂ ਵਿਚਾਲੇ ਹਾਲ ਦੇ ਦਿਨਾਂ ’ਚ ਤਣਾਅ ਰਿਹਾ ਹੈ ਪਰ ਹੁਣ ਯੂਰਪੀ ਦੇਸ਼ ਵਾਸ਼ਿੰਗਟਨ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਕੁਝ ਨਿਰਾਸ਼ਾ ਜ਼ਰੂਰ ਸੀ ਪਰ ਯੂਰਪ ਨੇ ਉਸ ਨੂੰ ਸੁਣਿਆ ਹੈ। ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦ ਟਰੰਪ ਨੇ ਈਰਾਨ ਨਾਲ ਜਾਰੀ ਸੰਘਰਸ਼ ਵਿਚਾਲੇ ਕੁਝ ਨਾਟੋ ਦੇਸ਼ਾਂ ’ਤੇ ਲੁੜੀਂਦਾ ਸਮਰਥਨ ਨਾ ਦੇਣ ਦਾ ਦੋਸ਼ ਲਗਾਇਆ ਸੀ। ਇਸ ਰਣਨੀਤਿਕ ਦਬਾਅ ਦਾ ਅਸਰ ਯੂਰਪੀ ਦੇਸ਼ਾਂ ਦੇ ਰੁਖ਼ ’ਚ ਬਦਲਾਅ ਦੇ ਰੂਪ ’ਚ ਦਿਸਣ ਲੱਗਾ ਹੈ।
ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ ਨੇ ਹਾਲ ਹੀ ’ਚ ਅਮਰੀਕਾ ਨੂੰ ਨਾਟੋ ’ਚ ਸਭ ਤੋਂ ਮਹੱਤਵਪੂਰਨ ਸਾਂਝੇਦਾਰ ਦਸਿਆ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਮੁੱਦੇ ’ਤੇ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਸੀ। ਮਰਜ ਨੇ ਇੰਟਰਨੈੱਟ ਮੀਡੀਆ ’ਤੇ ਵੀ ਕਿਹਾ ਕਿ ਦੋਵੇਂ ਦੇਸ਼ਾਂ ਦਾ ਸਾਂਝਾ ਮਕਸਦ ਹੈ, ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਨਾ।
ਹਾਲਾਂਕਿ ਦੋਵੇਂ ਨੇਤਾਵਾਂ ਵਿਚਾਲੇ ਵਿਅਕਤੀਗਤ ਤੇ ਸਿਆਸੀ ਮਤਭੇਦ ਵੀ ਉੱਭਰ ਕੇ ਸਾਹਮਣੇ ਆਏ ਹਨ। ਟਰੰਪ ਨੇ ਓਵਲ ਆਫਿਸ ’ਚ ਇਕ ਪ੍ਰੋਗਰਾਮ ਦੌਰਾਨ ਮਰਜ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਰਮਲ ਚਾਂਸਲਰ ਖਰਾਬ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਤੇ ਊਰਜਾ ਵਰਗੇ ਘਰੇਲੂ ਮੁੱਦਿਆਂ ’ਤੇ ਧਿਆਨ ਦੇਣਾ ਚਾਹੀਦਾ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨ ਦੇ ਪ੍ਰਮਾਣੂ ਮੁੱਦੇ ’ਤੇ ਗੱਲਬਾਤ ’ਚ ਉਨ੍ਹਾਂ ਦੀ ਸਥਿਤੀ ਸਹੀ ਹੈ।
ਇਸ ਦੌਰਾਨ ਵ੍ਹਾਈਟ ਹਾਊਸ ਨੇ ਯੂਰਪ ’ਚ ਅਮਰੀਕੀ ਫ਼ੌਜੀ ਮੌਜੂਦਗੀ ਘਟਾਉਣ ਦਾ ਸੰਕੇਤ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਜਰਮਨੀ ਤੋਂ ਪਹਿਲਾਂ ਪ੍ਰਸਤਾਵਿਤ 5,000 ਫ਼ੌਜੀਆਂ ਤੋਂ ਵੀ ਵੱਧ ਗਿਣਤੀ ’ਚ ਫ਼ੌਜੀਆਂ ਦੀ ਵਾਪਸੀ ’ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਸਹਿਯੋਗੀ ਦੇਸ਼ਾਂ ’ਤੇ ਰੱਖਿਆ ਜ਼ਿੰਮੇਵਾਰੀਆਂ ਵਧਾਉਣ ਦਾ ਦਬਾਅ ਹੋਰ ਵੀ ਵਧ ਗਿਆ ਹੈ। ਨਾਟੋ ਸਹਿਯੋਗੀਆਂ ਵਿਚਾਲੇ ਚੱਲ ਰਹੇ ਇਸ ਤਣਾਅ ਦੇ ਵਿਚਾਲੇ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਚੇਤਾਵਨੀ ਦਿੱਤੀ ਹੈ ਕਿ ਗੱਠਜੋੜ ਦੇ ਸਾਹਮਣੇ ਸਭ ਤੋਂ ਵੱਡਾ ਖਤਰਾ ਬਾਹਰੀ ਨਹੀਂ ਸਗੋਂ ਅੰਦਰੂਨੀ ਬਟਵਾਰਾ ਹੈ। ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਦੂਰ ਕਰਕੇ ਸੰਗਟਨ ਦੀ ਇਕਜੁੱਟਤਾ ਬਣਾਏ ਰੱਖਣ।
ਜ਼ਿਕਰਯੋਗ ਹੈ ਕਿ 1949 ’ਚ ਸਥਾਪਿਤ ਨਾਟੋ 32 ਦੇਸ਼ਾਂ ਦਾ ਫ਼ੌਜੀ ਗੱਠਜੋੜ ਹੈ, ਜਿਸ ਦਾ ਮਕਸਦ ਸਿਆਸੀ ਤੇ ਫ਼ੌਜੀ ਸਹਿਯੋਗ ਰਾਹੀਂ ਮੈਂਬਰ ਦੇਸ਼ਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ।