ਨਸ਼ਾ ਮੁਕਤ ਪੰਜਾਬ’ ਦਾ ਵਾਅਦਾ ਭਾਜਪਾ ਦੇ ਚੋਣ ਮੈਨੀਫੈਸਟੋ ’ਚ ਹੋਵੇ ਸ਼ਾਮਲ : ਰਾਜਪੂਤ
ਨਸ਼ਾ ਮੁਕਤ ਪੰਜਾਬ ਲਈ ਭਾਵੁਕ ਅਪੀਲ
Publish Date: Tue, 05 May 2026 07:21 PM (IST)
Updated Date: Tue, 05 May 2026 07:23 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ :
ਭਾਰਤੀ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਪ੍ਰਧਾਨ ਅਤੇ ਭਾਜਪਾ ਦੀ ਮਹਿਲਾ ਮੋਰਚਾ ਦੀ ਸਾਬਕਾ ਸੂਬਾ ਪ੍ਰਧਾਨ ਆਰਤੀ ਰਾਜਪੂਤ ਨੇ ਪੰਜਾਬ ਵਿਚ ਵਧਦੇ ਨਸ਼ੇ ਦੇ ਸੰਕਟ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਹਾਈ ਕਮਾਂਡ ਨੂੰ ਭਾਵੁਕ ਪੱਤਰ ਲਿਖ ਕੇ ਸੁਝਾਅ ਦਿੱਤਾ ਹੈ ਕਿ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ 'ਨਸ਼ਾ ਮੁਕਤ ਪੰਜਾਬ' ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ। ਆਰਤੀ ਰਾਜਪੂਤ ਨੇ ਕਿਹਾ ਕਿ ਜਿਸ ਮੋੜ ’ਤੇ ਅੱਜ ਪੰਜਾਬ ਖੜ੍ਹਾ ਹੈ, ਨਸ਼ੇ ਹੁਣ ਸਿਰਫ਼ ਇੱਕ ਸਮੱਸਿਆ ਨਹੀਂ ਰਹੇ ਸਗੋਂ ਇੱਕ ਮਹਾਂਮਾਰੀ ਵਿਚ ਵਿਕਸਤ ਹੋ ਗਏ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਹਰ ਪਿੰਡ ਵਿੱਚ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਡੁੱਬ ਰਿਹਾ ਹੈ। ਹਜ਼ਾਰਾਂ ਪਰਿਵਾਰ ਟੁੱਟ ਗਏ ਹਨ ਅਤੇ ਮਾਵਾਂ ਆਪਣੇ ਬੱਚਿਆਂ ਨੂੰ ਗੁਆਉਣ ਦੇ ਡਰ ਵਿੱਚ ਰਹਿੰਦੀਆਂ ਹਨ। ਇਹ ਸਹੀ ਸਮਾਂ ਹੈ ਕਿ ਇਸ ਜਾਲ ਨੂੰ ਤੋੜਿਆ ਜਾਵੇ।
ਉਨ੍ਹਾਂ ਭਾਜਪਾ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਚੋਣ ਮੈਨੀਫੈਸਟੋ ’ਚ ਪਿੰਡ ਪੱਧਰ 'ਤੇ ਪੁਨਰਵਾਸ, ਹਰ ਪਿੰਡ ਵਿੱਚ ਆਧੁਨਿਕ ਨਸ਼ਾ ਮੁੜ ਵਸੇਬਾ ਕੇਂਦਰਾਂ ਦੀ ਸਥਾਪਨਾ,ਸਿਖਲਾਈ ਪ੍ਰਾਪਤ ਡਾਕਟਰਾਂ, ਸਲਾਹਕਾਰਾਂ ਅਤੇ ਸਮਾਜਿਕ ਵਰਕਰਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ। ਨਸ਼ਿਆਂ ਤੋਂ ਦੂਰ ਰਹਿਣ ਵਾਲੇ ਨੌਜਵਾਨਾਂ ਲਈ ਵਿਸ਼ੇਸ਼ ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਨੌਕਰੀ ਦੇ ਮੌਕਿਆਂ ਦੀ ਵਿਵਸਥਾ ਕੀਤੀ ਜਾਵੇ। ਸਕੂਲਾਂ ਅਤੇ ਕਾਲਜਾਂ ਵਿੱਚ 'ਨਸ਼ਾ ਵਿਰੋਧੀ ਸਿੱਖਿਆ' ਨੂੰ ਪਾਠਕ੍ਰਮ ਦਾ ਲਾਜ਼ਮੀ ਹਿੱਸਾ ਬਣਾਇਆ ਜਾਵੇ। ਜ਼ੀਰੋ-ਟਾਲਰੈਂਸ ਨੀਤੀ ਤਹਿਤ ਨਸ਼ਾ ਤਸਕਰੀ ਤੇ ਸਿੰਡੀਕੇਟਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ। ਖੇਡਾਂ, ਯੋਗਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇ।