ਰੀਚਾਰਜ ਨਾ ਕਰਵਾਉਣ ’ਤੇ ਕੱਟੇ ਜਾ ਰਹੇ ਨੇ ਸਰਕਾਰੀ ਵਿਭਾਗਾਂ ਦੇ ਬਿਜਲੀ ਕੁਨੈਕਸ਼ਨ
ਜਾਸ, ਜਲੰਧਰ : ਸਮਾਰਟ
Publish Date: Thu, 07 May 2026 09:34 PM (IST)
Updated Date: Thu, 07 May 2026 09:35 PM (IST)

ਜਾਸ, ਜਲੰਧਰ : ਸਮਾਰਟ ਪ੍ਰੀਪੇਡ ਮੀਟਰਾਂ ਦੇ ਰੀਚਾਰਜ ਨਾ ਕਰਨ ਕਾਰਨ ਸਰਕਾਰੀ ਵਿਭਾਗਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣੇ ਸ਼ੁਰੂ ਹੋ ਗਏ ਹਨ। ਪਿਛਲੇ ਬੁੱਧਵਾਰ ਨੂੰ ਵੀ 7 ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟੇ ਗਏ ਸਨ। ਇਹ ਸਿਲਸਿਲਾ ਵੀਰਵਾਰ ਨੂੰ ਵੀ ਜਾਰੀ ਰਿਹਾ, ਜਿਸ ਦੌਰਾਨ 10 ਕੁਨੈਕਸ਼ਨ ਕੱਟੇ ਗਏ। ਇਸ ’ਚ ਸਰਕਾਰੀ ਬੀਏਡ ਐਜੂਕੇਸ਼ਨ ਕਾਲਜ ਦੇ ਨਾਲ-ਨਾਲ ਸਕੂਲਾਂ ਤੇ ਸਾਂਝੇ ਕੇਂਦਰ ਵੀ ਸ਼ਾਮਲ ਹਨ। ਪ੍ਰੀਪੇਡ ਦਾ ਰੀਚਾਰਜ ਨਾ ਕਰਨ ਕਾਰਨ ਇਹ ਕੁਨੈਕਸ਼ਨ ਕੱਟੇ ਗਏ ਹਨ। ਕੁਨੈਕਸ਼ਨ ਕੱਟੇ ਜਾਣ ਕਾਰਨ ਸਕੂਲ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪਾਵਰਕਾਮ ਦੇ ਡਵੀਜ਼ਨ ’ਚ ਜਾਣਾ ਪਿਆ। ਬਿਜਲੀ ਕੁਨੈਕਸ਼ਨ ਕੱਟਣ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਦਫਤਰ ਦੇ ਮੁਲਾਜ਼ਮ ਦਾ ਕਹਿਣਾ ਹੈ ਕਿ ਜੇ ਰੀਚਾਰਜ ਕਰਵਾ ਦਿੱਤਾ ਜਾਵੇ ਤਾਂ ਬਿੱਲ ਦੀ ਕਾਪੀ ਕਿਵੇਂ ਮਿਲੇਗੀ? ਖਜ਼ਾਨਾ ਵਿਭਾਗ ਤੋਂ ਬਿੱਲ ਦਾ ਕਲੇਮ ਕਿਵੇਂ ਲੈ ਸਕਾਂਗੇ? ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਾਵਰਕਾਮ ਕੋਲ ਸਰਕਾਰੀ ਦਫਤਰਾਂ ਦੀਆਂ ਕਰੋੜਾਂ ਦੀ ਡਿਫਾਲਟਿੰਗ ਰਕਮ ਰੁਕੀ ਪਈ ਹੈ। ਡਿਫਾਲਟਿੰਗ ਰਕਮ ਦੀ ਅਦਾਇਗੀ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਦਫਤਰਾਂ ਨੂੰ ਪ੍ਰੀਪੇਡ ਰੀਚਾਰਜ ਕਰਨ ਦੀ ਤਰੀਕ ਯਾਦ ਰੱਖਣੀ ਹੋਵੇਗੀ, ਨਹੀਂ ਤਾਂ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਪਾਵਰਕਾਮ ਵੱਲੋਂ ਸਾਰੇ ਸਰਕਾਰੀ ਦਫਤਰਾਂ ’ਚ ਸਮਾਰਟ ਪ੍ਰੀਪੇਡ ਮੀਟਰ ਲਾਏ ਜਾ ਚੁੱਕੇ ਹਨ। --- ਰੀਚਾਰਜ ਕਰਨ ਤੇ ਬਿੱਲ ਦੀ ਰਸੀਦ ਪ੍ਰਾਪਤ ਪਾਵਰਕਾਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਕਈ ਸਰਕਾਰੀ ਦਫਤਰਾਂ ਦੇ ਮੁਲਾਜ਼ਮਾਂ ਦੇ ਮਨ ’ਚ ਇਹ ਸੋਚ ਹੈ ਕਿ ਰੀਚਾਰਜ ਕਰਨ ਤੇ ਬਿੱਲ ਦਾ ਕਲੇਮ ਕਿਵੇਂ ਕਰ ਸਕਾਂਗੇ। ਮੁਲਾਜ਼ਮ ਨੂੰ ਪਾਵਰਕਾਮ ਦੀ ਵੈੱਬਸਾਈਟ ਤੇ ਜਾਣਾ ਪਵੇਗਾ। ਐਡਵਾਂਸ ਬਿੱਲ ਦਾ ਕਾਲਮ ਬਣਿਆ ਹੋਵੇਗਾ, ਜਿਸ ਤੇ ਬਿੱਲ ਦੀ ਅਦਾਇਗੀ ਕੀਤੀ ਜਾ ਸਕਦੀ ਹੈ। ਬਿੱਲ ਦੀ ਅਦਾਇਗੀ ਹੋਣ ਤੇ ਤੁਹਾਡੇ ਰਜਿਸਟਰਡ ਮੋਬਾਈਲ ਤੇ ਸੁਨੇਹਾ ਆ ਜਾਵੇਗਾ ਤੇ ਨਾਲ ਹੀ ਇਕ ਈ-ਰਸੀਦ ਬਣ ਜਾਂਦੀ ਹੈ। ਇਸ ਰਸੀਦ ਨੂੰ ਵਾਊਚਰ ਦੇ ਨਾਲ ਲਾ ਕੇ ਬਿੱਲ ਕਲੇਮ ਕੀਤਾ ਜਾ ਸਕਦਾ ਹੈ।