ਕਮਲ ਕਿਸ਼ੋਰ, ਜਾਗਰਣ ਜਲੰਧਰ

ਕਮਲ ਕਿਸ਼ੋਰ, ਜਾਗਰਣ
ਜਲੰਧਰ : ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਨਟੇਨੈਂਸ ਲਈ ਘੰਟਿਆਂ ਤੱਕ ਬਿਜਲੀ ਬੰਦ ਰੱਖੀ ਜਾ ਰਹੀ ਹੈ। ਬਿਨਾਂ ਬਿਜਲੀ ਦੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕਾਮ ਇਕ ਪਾਸੇ ਮੈਨਟੇਨੈਂਸ ਦੇ ਨਾਮ ’ਤੇ ਬਿਜਲੀ ਬੰਦ ਰੱਖ ਰਿਹਾ ਹੈ ਅਤੇ ਰਾਤ ਨੂੰ ਚਾਰ ਘੰਟਿਆਂ ਤੋਂ ਵੱਧ ਦਾ ਪਾਵਰਕਟ ਲਗਾ ਰਿਹਾ ਹੈ। ਗਰਮੀ ਦੇ ਦਿਨਾਂ ਵਿਚ ਹੀ ਪਾਵਰਕਾਮ ਨੂੰ ਮੈਨਟੇਨੈਂਸ ਦੀ ਯਾਦ ਆਉਂਦੀ ਹੈ। ਸਰਦੀ ਵਿਚ ਕਿਉਂ ਨਹੀਂ ਮੈਨਟੇਨੈਂਸ ਕੀਤੀ ਜਾਂਦੀ ਤਾਂ ਜੋ ਲੋਕਾਂ ਨੂੰ ਗਰਮੀ ਦੇ ਦਿਨਾਂ ਵਿਚ ਬਿਨਾਂ ਬਿਜਲੀ ਦੇ ਨਾ ਰਹਿਣਾ ਪਵੇ। ਆਖਿਰਕਾਰ, ਗਰਮੀ ਦੇ ਦਿਨਾਂ ਵਿਚ ਹੀ ਮੈਨਟੇਨੈਂਸ ਦੀ ਯਾਦ ਕਿਉਂ ਆਉਂਦੀ ਹੈ। ਕੀ ਆਉਣ ਵਾਲੇ ਸਮੇਂ ਵਿਚ ਮੈਨਟੇਨੈਂਸ ਦੇ ਨਾਮ ’ਤੇ ਬਿਜਲੀ ਬੰਦ ਰੱਖੀ ਜਾਵੇਗੀ। ਇਕਦਮ ਤੋਂ ਬਿਜਲੀ ਦੀ ਮੰਗ ਵਧ ਜਾਣ ਕਾਰਨ ਕੀ ਪਾਵਰਕੱਟ ਅੱਗੇ ਵੀ ਜਾਰੀ ਰਹਿਣਗੇ। ਕੀ ਬਿਜਲੀ ਕੱਟ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੈਨਟੇਨੈਂਸ ਨੂੰ ਲੈ ਕੇ ਪਾਵਰਕਾਮ ਦੀ ਤਿਆਰੀ ਕਦੋਂ ਤੱਕ ਚੱਲੇਗੀ ਅਤੇ ਬਿਜਲੀ ਕਦੋਂ ਤੱਕ ਬੰਦ ਰਹੇਗੀ। ਇਸ ’ਤੇ ਉੱਤਰੀ ਜ਼ੋਨ ਦੇ ਚੀਫ ਇੰਜੀਨੀਅਰ ਦੇਸਰਾਜ ਬਾਂਗਰ ਨੇ ‘ਜਾਗਰਣ ਗਰੁੱਪ’ ਦੇ ਕਮਲ ਕਿਸ਼ੋਰ ਨਾਲ ਗੱਲਬਾਤ ਕੀਤੀ।
------
- ਗਰਮੀ ’ਚ ਪਾਵਰਕਾਮ ਨੂੰ ਮੈਨਟੇਨੈਂਸ ਦੀ ਕਿਉਂ ਯਾਦ ਆਉਂਦੀ ਹੈ, ਘੰਟਿਆਂ ਬਿਜਲੀ ਬੰਦ ਰੱਖੀ ਜਾਂਦੀ ਹੈ
ਸਰਦੀ ਅਤੇ ਗਰਮੀ ਦੋਵਾਂ ਵਿਚ ਮੈਨਟੇਨੈਂਸ ਕੀਤੀ ਜਾਂਦੀ ਹੈ। ਪਾਵਰਕਾਮ ਦੇ 12 ਮਹੀਨੇ ਪ੍ਰਾਜੈਕਟ ’ਤੇ ਕੰਮ ਚੱਲਦਾ ਰਹਿੰਦਾ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਤਹਿਤ ਸ਼ਹਿਰ ਦੀਆਂ ਤਾਰਾਂ ਬਦਲਣ, ਟਰਾਂਸਫਾਰਮਰ ਦੀ ਸਮਰੱਥਾ ਵਧਾਉਣ, ਸਬ ਸਟੇਸ਼ਨ ਵਿਚ ਨਵਾਂ ਟਰਾਂਸਫਾਰਮਰ ਲਗਾਉਣ ਦੇ ਕੰਮ ਕੀਤੇ ਜਾਂਦੇ ਹਨ। ਬਿਜਲੀ ਉਨ੍ਹਾਂ ਇਲਾਕਿਆਂ ਵਿਚ ਬੰਦ ਕੀਤੀ ਜਾਂਦੀ ਹੈ ਜੋ ਫੀਡਰ ਅਧੀਨ ਆਉਂਦੇ ਹਨ। ਜਲੰਧਰ ਸਰਕਲ ਦੇ ਸਾਰੇ ਇਲਾਕਿਆਂ ਵਿਚ ਬਿਜਲੀ ਬੰਦ ਨਹੀਂ ਰਹਿੰਦੀ। ਜੇਕਰ ਸੱਤੋਂ ਦਿਨ ਫੀਡਰ ਚੱਲਦੇ ਰਹਿਣਗੇ, ਮੈਨਟੇਨੈਂਸ ਨਹੀਂ ਹੋਵੇਗੀ ਤਾਂ ਗਰਿੱਡ ਵਿਚ ਵੱਡਾ ਫਾਲਟ ਆ ਸਕਦਾ ਹੈ। ਮੈਨਟੇਨੈਂਸ ਸਮੇਂ-ਸਮੇਂ ’ਤੇ ਕਰਨਾ ਜ਼ਰੂਰੀ ਹੁੰਦਾ ਹੈ। ਉਦਾਹਰਨ ਵਜੋਂ ਕਈ ਲੋਕਾਂ ਵਿਚ 100 ਕੇਵੀਏ ਦਾ ਟਰਾਂਸਫਾਰਮਰ ਲੱਗਿਆ ਹੈ, ਲੋਡ ਵੱਧ ਹੈ, ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਲਈ ਬਿਜਲੀ ਬੰਦ ਰੱਖਣੀ ਪੈਂਦੀ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਗਰਮੀ ਵਿਚ ਹੀ ਮੈਨਟੇਨੈਂਸ ਹੁੰਦੀ ਹੈ।
ਆਮ ਦਿਨਾਂ ’ਚ ਕਿੰਨੀ ਬਿਜਲੀ ਖਪਤ ਹੁੰਦੀ ਹੈ, ਸੀਜ਼ਨ ’ਚ ਕਿੰਨੀ ਖਪਤ ਵਧ ਜਾਂਦੀ ਹੈ : ਸਰਦੀ ਦੀ ਗੱਲ ਕਰੀਏ ਤਾਂ 450 ਮੈਗਾਵਾਟ ਬਿਜਲੀ ਦੀ ਖਪਤ ਹੁੰਦੀ ਹੈ। ਮਈ ਅਤੇ ਜੂਨ ਦੀ ਗੱਲ ਕਰੀਏ ਤਾਂ ਬਿਜਲੀ ਦੀ ਖਪਤ 600 ਤੋਂ 700 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ। ਬਿਜਲੀ ਫਾਲਟ ਠੀਕ ਕਰਨ ਵਿਚ ਦੇਰੀ ਦਾ ਕੀ ਕਾਰਨ ਹੈ, 1912 ’ਤੇ ਫੋਨ ਨਹੀਂ ਉਠਾਉਂਦੇ, ਡਵੀਜ਼ਨ ਪੱਧਰ ’ਤੇ ਵੀ ਸ਼ਿਕਾਇਤ ਕੇਂਦਰ ’ਤੇ ਮੁਲਾਜ਼ਮ ਫੋਨ ਨਹੀਂ ਚੁੱਕਦੇ। ਕਈ ਵਾਰ ਵੱਧ ਸ਼ਿਕਾਇਤਾਂ ਆਉਣ ਕਾਰਨ ਨੰਬਰ ਵਿਅਸਤ ਰਹਿੰਦਾ ਹੈ। ਅਜਿਹਾ ਨਹੀਂ ਹੈ ਕਿ ਸ਼ਿਕਾਇਤ ਦਰਜ ਹੋਣ ’ਤੇ ਫਾਲਟ ਦੇਰੀ ਨਾਲ ਠੀਕ ਹੁੰਦਾ ਹੈ। ਸ਼ਿਕਾਇਤ ਮਿਲਣ ਦੇ ਬਾਅਦ ਤੁਰੰਤ ਫਾਲਟ ਨੂੰ ਠੀਕ ਕਰਵਾ ਕੇ ਬਿਜਲੀ ਸੁਚਾਰੂ ਕੀਤੀ ਜਾਂਦੀ ਹੈ।
-----
- ਗਰਮੀ ’ਚ ਬਿਜਲੀ ਦੇ ਫਾਲਟ ਵਧ ਜਾਂਦੇ ਹਨ, ਇਸ ਦਾ ਕੀ ਕਾਰਨ ਹੈ
ਗਰਮੀ ’ਚ ਬਿਜਲੀ ਦੇ ਫਾਲਟ ਵਧਣ ਦਾ ਕਾਰਨ ਖ਼ਪਤਕਾਰਾਂ ਵੱਲੋਂ ਵਧਾਏ ਗਏ ਲੋਡ ਦੀ ਜਾਣਕਾਰੀ ਪਾਵਰਕਾਮ ਨੂੰ ਨਾ ਦੇਣਾ ਹੈ। ਲੋਡ ਵਧਣ ਨਾਲ ਟਰਾਂਸਫਾਰਮਰ ’ਤੇ ਵਾਧੂ ਬੋਝ ਪੈ ਜਾਂਦਾ ਹੈ ਅਤੇ ਸਮੱਸਿਆ ਆਉਂਦੀ ਹੈ। ਜ਼ਿਆਦਾਤਰ ਖ਼ਪਤਕਾਰਾਂ ਨੇ ਦੋ ਕਿਲੋਵਾਟ ਦੇ ਲੋਡ ’ਚ ਤਿੰਨ-ਤਿੰਨ ਏਸੀ ਚਲਾਉਂਦੇ ਹਨ। ਜਿਸ ਦਾ ਦਬਾਅ ਟਰਾਂਸਫਾਰਮਰ ’ਤੇ ਪੈਂਦਾ ਹੈ। ਬਿਜਲੀ ਫਾਲਟ ਆਉਂਦਾ ਹੈ। ਟਰਾਂਸਫਾਰਮਰ ਵਿਚ ਖ਼ਰਾਬੀ ਆਉਣ ’ਤੇ ਪੂਰੇ ਮੁਹੱਲੇ ਦੇ ਲੋਕ ਪਰੇਸ਼ਾਨ ਹੁੰਦੇ ਹਨ।
------
- ਬਿਨਾਂ ਮਨਜ਼ੂਰੀ ਦੇ ਲੋਡ ਵਧਾਉਣ ਲਈ ਪਾਵਰਕਾਮ ਕੀ ਕਾਰਵਾਈ ਕਰ ਰਿਹਾ ਹੈ
ਬਿਨਾਂ ਮਨਜ਼ੂਰੀ ਲੋਡ ਵਧਾਉਣ ਲਈ ਪਾਵਰਕਾਮ ਆਉਣ ਵਾਲੇ ਦਿਨਾਂ ’ਚ ਵੱਖ-ਵੱਖ ਘਰਾਂ ਦੇ ਲੋਡ ਦੀ ਚੈਕਿੰਗ ਕਰੇਗਾ। ਜਿਸ ਇਲਾਕੇ ਦੇ ਟਰਾਂਸਫਾਰਮਰ ਵਿਚ ਵਾਰ-ਵਾਰ ਫਾਲਟ ਆ ਰਿਹਾ ਹੈ, ਉਸ ਨਾਲ ਲੱਗਦੇ ਇਲਾਕਿਆਂ ਦੇ ਘਰਾਂ ਦੇ ਲੋਡ ਦੀ ਚੈਕਿੰਗ ਕੀਤੀ ਜਾਵੇਗੀ। ਜੇਕਰ ਲੋਡ ਵੱਧ ਪਾਇਆ ਗਿਆ ਤਾਂ ਮੌਕੇ ’ਤੇ ਜੁਰਮਾਨਾ ਲਾਇਆ ਜਾਵੇਗਾ। ਸਰਕਾਰ ਵੱਲੋਂ ਤਿੰਨ ਸੌ ਯੂਨਿਟ ਬਿਜਲੀ ਮਾਫ਼ ਹੈ। ਯੂਨਿਟ ਦਾ ਲਾਭ ਲੈਣ ਲਈ ਹਰ ਘਰ ਵਿਚ ਏਸੀ ਲੱਗਣੇ ਸ਼ੁਰੂ ਹੋ ਗਏ ਹਨ। ਏਸੀ ਤਾਂ ਲਗਾ ਲਿਆ ਪਰ ਘਰ ਦੇ ਲੋਡ ਇਕ ਤੋਂ ਕਿਲੋਵਾਟ ਹੀ ਰੱਖੇ ਹਨ। ਵੱਧ ਲੋਡ ਦਾ ਅਸਰ ਟਰਾਂਸਫਾਰਮਰ ’ਤੇ ਪਵੇਗਾ। ਜੇਕਰ ਲੋਡ ਵੱਧ ਹੋਵੇਗਾ ਤਾਂ ਟਰਾਂਸਫਾਰਮਰ ਦੀ ਵਾਇਰਿੰਗ ਜਲਣੀ ਸ਼ੁਰੂ ਹੋ ਜਾਵੇਗੀ। ਫਾਲਟ ਠੀਕ ਕਰਨ ਲਈ ਇਕ ਤੋਂ ਦੋ ਘੰਟੇ ਬਿਜਲੀ ਬੰਦ ਰੱਖੀ ਜਾਵੇਗੀ।
-----
- ਕੀ ਆਉਣ ਵਾਲੇ ਦਿਨਾਂ ’ਚ ਮੈਨਟੇਨੈਂਸ ਦੇ ਨਾਂ ’ਤੇ ਬਿਜਲੀ ਬੰਦ ਰੱਖੀ ਜਾ ਰਹੀ ਹੈ
ਫਿਲਹਾਲ ਸੋਮਵਾਰ ਨੂੰ ਮੈਨਟੇਨੈਂਸ ਦੇ ਨਾਮ ’ਤੇ ਬਿਜਲੀ ਬੰਦ ਨਹੀਂ ਰੱਖੀ ਜਾ ਰਹੀ ਹੈ। ਇਕ ਮਈ ਨੂੰ ਰੀਸ਼ਡਿਊਲ ਜਾਰੀ ਕੀਤਾ ਜਾਵੇਗਾ। ਫਿਲਹਾਲ ਅਜੇ ਮੈਨਟੇਨੈਂਸ ਨੂੰ ਲੈ ਕੇ ਬਿਜਲੀ ਬੰਦ ਨਹੀਂ ਕੀਤੀ ਜਾਵੇਗੀ। ਗਰਮੀ ਵਧਣ ਨਾਲ ਲੋਡ ਵਧਣ ਨਾਲ ਫਾਲਟ ਆਉਂਦੇ ਹਨ। ਖ਼ਪਤਕਾਰਾਂ ਤੋਂ ਅਪੀਲ ਹੈ ਕਿ ਬਿਜਲੀ ਚੋਰੀ ਨਾ ਕਰਨ ਅਤੇ ਘਰ ਦਾ ਲੋਡ ਨਾ ਵਧਾਉਣ।
-----
- ਰਾਤ ਨੂੰ ਦੋ ਤੋਂ ਤਿੰਨ ਵਾਰੀ ਪੂਰੇ ਸ਼ਹਿਰ ’ਚ ਬਿਜਲੀ ਕੱਟ ਲੱਗ ਰਿਹਾ, ਜਿਸ ਦੀ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ
ਇਹ ਅਣਸ਼ਡਿਊਲ ਕੱਟ ਹੁੰਦਾ ਹੈ, ਜਿਸ ਨੂੰ ਐਮਰਜੈਂਸੀ ਕੱਟ ਕਿਹਾ ਜਾਂਦਾ ਹੈ। ਲੋਕਾਂ ਨੂੰ ਜਾਣਕਾਰੀ ਦੇਣ ਲਈ ਸਮਾਂ ਨਹੀਂ ਮਿਲਦਾ। ਜੇਕਰ ਯੋਜਨਾ ਮੁਤਾਬਿਕ ਬਿਜਲੀ ਕੱਟ ਲਾਇਆ ਜਾਂਦਾ ਹੈ, ਤਾਂ ਪਹਿਲਾਂ ਹੀ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ। ਇਹ ਬਿਜਲੀ ਕੱਟ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ।