ਕਮਲ ਕਿਸ਼ੋਰ, ਜਾਗਰਣ ਗਰਮੀ ਦੇ

ਕਮਲ ਕਿਸ਼ੋਰ, ਜਾਗਰਣ
ਗਰਮੀ ਦੇ ਮੌਸਮ ਨਾਲ ਹੀ ਬਿਜਲੀ ਦੀ ਖਪਤ ਵਧ ਗਈ ਹੈ। ਬਿਜਲੀ ਦੇ ਫਾਲਟ ਆਉਣ ਸ਼ੁਰੂ ਹੋ ਗਏ ਹਨ, ਇਸ ਨਾਲ ਨਾਲ ਬਿਜਲੀ ਦੀ ਲੁਕਣ ਮੀਟੀ ਜਾਰੀ ਹੈ। ਟ੍ਰਾਂਸਫਾਰਮਰ 'ਤੇ ਵਧੇਰੇ ਲੋਡ ਪੈਣ ਕਾਰਨ ਤਾਰਾਂ ਸੜ ਰਹੀਆਂ ਹਨ ਤੇ ਫਿਊਜ਼ ਵੀ ਉੱਡ ਰਹੇ ਹਨ। ਇਸ ਤੋਂ ਇਲਾਵਾ ਵਾਰ-ਵਾਰ ਟ੍ਰਿੰਪਿੰਗ ਹੋ ਰਹੀ ਹੈ। ਇਸ ਕਾਰਨ ਕਈ ਇਲਾਕਿਆਂ ਨੂੰ ਦੋ ਤੋਂ ਤਿੰਨ ਘੰਟੇ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਇਸ ਸਮੇਂ ਜਲੰਧਰ ਸਰਕਲ ’ਚ ਬਿਜਲੀ ਦੀ ਖਪਤ 780 ਮੈਗਾਵਾਟ ਹੈ, ਜਦਕਿ ਅਪ੍ਰੈਲ ਦੇ ਅੰਤ ’ਚ ਇਹ ਖਪਤ 700 ਮੈਗਾਵਾਟ ਨੇੜੇ ਸੀ। ਝੋਨੇ ਦੇ ਸੀਜ਼ਨ ਦੌਰਾਨ ਜਲੰਧਰ ਸਰਕਲ ਦੀ ਬਿਜਲੀ ਦੀ ਖਪਤ 1100 ਤੋਂ 1200 ਮੈਗਾਵਾਟ ਤੱਕ ਪੁੱਜਣ ਦੀ ਉਮੀਦ ਹੈ। ਇਸ ਸਮੇਂ ਪਾਵਰਕਾਮ ਟ੍ਰਾਂਸਫਾਰਮਰ, ਫੀਡਰ ਤੇ ਸਬ ਸਟੇਸ਼ਨ ਦੀ ਮੁਰੰਮਤ ਕਰਨ ’ਚ ਲੱਗਾ ਹੋਇਆ ਹੈ। ਜਲੰਧਰ ਸਰਕਲ ’ਚ 8000 ਤੋਂ ਵੱਧ ਵੱਖ-ਵੱਖ ਕੇਵੀਏ ਦੇ ਟ੍ਰਾਂਸਫਾਰਮਰ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ 'ਤੇ ਅਪਗ੍ਰੇਡ ਵੀ ਕੀਤਾ ਜਾ ਰਿਹਾ ਹੈ।
---
2 ਤੋਂ 3 ਘੰਟੇ ’ਚ ਠੀਕ ਹੋ ਰਿਹੈ ਫਾਲਟ
ਲੋਡ ਵਧਣ ਨਾਲ ਟ੍ਰਾਂਸਫਾਰਮਰ ’ਚ ਫਾਲਟ ਦੇ ਨਾਲ-ਨਾਲ ਤਾਰ ਵੀ ਸੜ ਰਹੀ ਹੈ। ਫਾਲਟ ਨੂੰ ਠੀਕ ਕਰਨ ਵਿਚ ਇਕ ਤੋਂ ਦੋ ਘੰਟੇ ਦਾ ਸਮਾਂ ਲੱਗ ਰਿਹਾ ਹੈ। ਬੁੱਧਵਾਰ ਨੂੰ ਸਪੋਰਟਸ ਮਾਰਕੀਟ ’ਚ ਦੁਪਹਿਰ 2 ਤੋਂ 3 ਵਜੇ ਤੱਕ ਬਿਜਲੀ ਦੀ ਲੁਕਣ ਮੀਟੀ ਜਾਰੀ ਰਹੀ। ਇਕ ਘੰਟਾ ਬਿਜਲੀ ਬੰਦ ਰਹੀ। ਗੁਰੂ ਨਾਨਕਪੁਰਾ ਵੈਸਟ ’ਚ ਸਵੇਰੇ ਅੱਠ ਤੋਂ 10 ਵਜੇ ਤੱਕ ਬਿਜਲੀ ਦੀ ਲੁਕਣ ਮੀਟੀ ਜਾਰੀ ਰਹੀ। ਮਾਡਲ ਹਾਊਸ, ਆਬਾਦਪੁਰਾ, ਸੰਜੈ ਗਾਂਧੀ, ਅਰਬਨ ਅਸਟੇਟ, ਜਲੰਧਰ ਕੈਂਟ, ਬਾਬਾ ਦੀਪ ਸਿੰਘ ਨਗਰ, ਮਿੱਠਾਪੁਰ, ਚੀਮਾ ਨਗਰ ’ਚ ਬਿਜਲੀ ਸਵੇਰੇ 12 ਤੋਂ ਇਕ ਵਜੇ ਤੱਕ ਬੰਦ ਰਹੀ।
---
ਜਲੰਧਰ ਸਰਕਲ ’ਚ 8000 ਤੋਂ ਵੱਧ ਟ੍ਰਾਂਸਫਾਰਮਰ ਲੱਗੇ ਹਨ
ਜਲੰਧਰ ਸਰਕਲ ’ਚ 8000 ਤੋਂ ਵੱਧ ਵੱਖ-ਵੱਖ ਕੇਵੀਏ ਦੇ ਟ੍ਰਾਂਸਫਾਰਮਰ ਲੱਗੇ ਹਨ। ਇਲਾਕਿਆਂ ’ਚ 500 ਕੇਵੀਏ, 300 ਕੇਵੀਏ, 200 ਕੇਵੀਏ, 100 ਕੇਵੀਏ ਦੇ ਟ੍ਰਾਂਸਫਾਰਮਰ ਲੱਗੇ ਹੋਏ ਹਨ। ਜਦੋਂ ਇਨ੍ਹਾਂ ਟ੍ਰਾਂਸਫਾਰਮਰ 'ਤੇ ਲੋਡ ਵਧ ਜਾਂਦਾ ਹੈ ਤਾਂ ਫਾਲਟ ਆ ਜਾਂਦੇ ਹਨ। ਇਸ ਤੋਂ ਇਲਾਵਾ, 400 ਤੋਂ ਵੱਧ ਫੀਡਰ ਵੀ ਹਨ।
---
ਫਾਲਟ ਨੂੰ ਕੀਤਾ ਜਾ ਰਿਹਾ ਹੈ ਠੀਕ : ਚੁਟਾਨੀ
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਬਿਜਲੀ ਦੀ ਖਪਤ ਵਧਣ ਨਾਲ ਲੋਡ ਇਕਦਮ ਵਧ ਗਿਆ ਹੈ, ਜਿਸ ਕਾਰਨ ਫਾਲਟ ਪੈ ਰਹੇ ਹਨ। ਇਨ੍ਹਾਂ ਫਾਲਟਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਮੁਲਾਜ਼ਮ ਫਾਲਟਾਂ ਨੂੰ ਠੀਕ ਕਰਨ ’ਚ ਲੱਗੇ ਰਹਿੰਦੇ ਹਨ। ਸ਼ਿਕਾਇਤ ਕੇਂਦਰਾਂ ’ਚ ਪੁੱਜੀਆਂ ਸ਼ਿਕਾਇਤਾਂ ਦਾ ਨਿਬੇੜਾ ਸਮੇਂ 'ਤੇ ਕੀਤਾ ਜਾ ਰਿਹਾ ਹੈ। ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਘਰਾਂ ਨੇ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਚਲਾ ਰਹੇ ਹਨ, ਉਹ ਲੋਡ ਨੂੰ ਘਟਾਉਣ ਤਾਂ ਜੋ ਇਲਾਕੇ ’ਚ ਵੱਧ ਸਮਰੱਥਾ ਵਾਲਾ ਟ੍ਰਾਂਸਫਾਰਮਰ ਲਾਇਆ ਜਾ ਸਕੇ। ਇਸ ਸਮੇਂ ਜਿਨ੍ਹਾਂ ਇਲਾਕਿਆਂ ਦੇ ਟ੍ਰਾਂਸਫਾਰਮਰ ਦਾ ਲੋਡ ਵੱਧ ਚੱਲ ਰਿਹਾ ਹੈ, ਉਨ੍ਹਾਂ ਨੂੰ ਡੀਲੋਡ ਕੀਤਾ ਜਾ ਰਿਹਾ ਹੈ।