ਆਖਰੀ ਦਿਨ 330 ਸਮੇਤ ਕੁੱਲ 452 ਨਾਮਜ਼ਦਗੀਆਂ ਦਾਖ਼ਲ
ਪਰਮਵੀਰ ਸਿੰਘ ਆਈਏਐੱਸ ਚੋਣ
Publish Date: Sat, 16 May 2026 08:52 PM (IST)
Updated Date: Sun, 17 May 2026 04:15 AM (IST)

ਪਰਮਵੀਰ ਸਿੰਘ ਆਈਏਐੱਸ ਚੋਣ ਆਬਜ਼ਰਵਰ ਨਿਯੁਕਤ ਨਾਮਜ਼ਦਗੀਆਂ ਦੀ ਪੜਤਾਲ ਕੱਲ੍ਹ, 19 ਨੂੰ ਬਾਅਦ ਦੁਪਹਿਰ 3 ਵਜੇ ਤੱਕ ਵਾਪਸ ਲਏ ਜਾ ਸਕਦੇ ਨੇ ਕਾਗਜ਼ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਆਮ ਚੋਣਾਂ-2026 ਸਬੰਧੀ ਜਾਰੀ ਸ਼ਡਿਊਲ ਅਨੁਸਾਰ ਜ਼ਿਲ੍ਹੇ ਵਿਚਲੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਆਖਰੀ ਦਿਨ 330 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਿਸ ਉਪਰੰਤ ਹੁਣ ਤੱਕ ਕੁੱਲ ਨਾਮਜ਼ਦਗੀਆਂ ਦੀ ਗਿਣਤੀ 452 ਹੋ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਦਿਵਿਆ ਪੀ. ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਲਈ 49, ਨਗਰ ਕੌਂਸਲ ਕਰਤਾਰਪੁਰ ਦੇ 15 ਵਾਰਡਾਂ ਲਈ 38, ਨਗਰ ਕੌਂਸਲ ਨਕੋਦਰ ਦੇ 17 ਵਾਰਡਾਂ ਲਈ 35, ਨਗਰ ਕੌਂਸਲ ਨੂਰਮਹਿਲ ਦੇ 13 ਵਾਰਡਾਂ ਲਈ 58 ਅਤੇ ਨਗਰ ਕੌਂਸਲ ਫਿਲੌਰ ਦੇ 15 ਵਾਰਡਾਂ ਲਈ 42 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਨਗਰ ਪੰਚਾਇਤ ਲੋਹੀਆਂ ਖਾਸ ਦੇ 13 ਵਾਰਡਾਂ ਲਈ 52 ਅਤੇ ਨਗਰ ਪੰਚਾਇਤ ਮਹਿਤਪੁਰ ਦੇ 13 ਵਾਰਡਾਂ ਲਈ 56 ਨਾਮਜ਼ਦਗੀਆਂ ਦਾਖ਼ਲ ਹੋਈਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ ਤੇ ਉਮੀਦਵਾਰ 19 ਮਈ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਾਂ 26 ਮਈ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਲੰਧਰ ਜ਼ਿਲ੍ਹੇ ਵਿਚਲੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਪਰਮਵੀਰ ਸਿੰਘ ਆਈ.ਏ.ਐੱਸ. ਚੋਣ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।