ਨਗਰ ਪੰਚਾਇਤ ਚੋਣਾਂ ਲਈ 62 ਨਾਮਜ਼ਦਗੀਆਂ ਦਾਖ਼ਲ
ਸੁਰਜੀਤ ਸਿੰਘ ਜੰਮੂ, ਪੰਜਾਬੀ
Publish Date: Sat, 16 May 2026 08:20 PM (IST)
Updated Date: Sun, 17 May 2026 04:13 AM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਨਗਰ ਪੰਚਾਇਤ ਦੀਆਂ ਚੋਣਾਂ ’ਚ ਕੌਂਸਲਰ ਚੁਣੇ ਜਾਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਹਿਮਾਇਤ ਨਾਲ ਬੀਤੇ ਕੱਲ੍ਹ ਯਾਨੀਂ 15 ਮਈ ਨੂੰ 10 ਲੋਕਾਂ ਵੱਲੋਂ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਨਾਮਜ਼ਦਗੀਆਂ ਦੇ ਕਾਗ਼ਜ਼ ਦਾਖ਼ਲ ਕੀਤੇ ਗਏ ਜਦ’ਕਿ ਨਾਮਜ਼ਦਗੀਆਂ ਪੇਸ਼ ਕਰਨ ਦੇ ਆਖ਼ਰੀ ਦਿਨ 16 ਮਈ ਨੂੰ 52 ਵਿਅਕਤੀਆਂ ਵੱਲੋਂ ਕਾਗਜ਼ ਦਾਖ਼ਲ ਕੀਤੇ ਗਏ ਅਤੇ ਇਸ ਤਰ੍ਹਾਂ 13 ਵਾਰਡਾਂ ਵਾਸਤੇ ਕੁੱਲ 62 ਲੋਕਾਂ ਵੱਲੋਂ ਕਾਗ਼ਜ਼ ਦਾਖ਼ਲ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਸ੍ਰੀ ਆਦਿੱਤਿਆ ਗੁਪਤਾ ਐੱਸ ਡੀ ਐੱਮ ਸ਼ਾਹਕੋਟ ਰੀਟਰਨਿੰਗ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਮਿਤੀ 13 ਮਈ ਤੋਂ 16 ਮਈ ਤੱਕ ਸਵੇਰੇ 9.00ਵਜੇ ਤੋਂ ਸ਼ਾਮ ਦੇ ਤਿੰਨ ਵਜੇ ਤੱਕ ਜਿਹੜੇ ਲੋਕ ਦਫ਼ਤਰ ਦੇ ਗੇਟ ਦੇ ਅੰਦਰ ਆ ਗਏ ਸਨ ਉਹਨਾਂ ਦੇ ਨਾਮਜ਼ਦਗੀ ਕਾਗ਼ਜ਼ ਵਸੂਲ ਕੀਤੇ ਗਏ ਹਨ ਅਤੇ ਇਸ ਪ੍ਰਕਿਰਿਆ ਵਿਚ ਲੋਕਾਂ ਵੱਲੋਂ ਅਤੇ ਸਰਕਾਰੀ ਅਮਲੇ ਵੱਲੋਂ ਕੋਈ ਕਿਸੇ ਵੀ ਕਿਸਮ ਦੀ ਰੁਕਾਵਟ ਨਹੀਂ ਪਾਈ ਗਈ। ਨਾਮਜ਼ਦਗੀਆਂ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਿਆ ਹੈ। ਸਾਰੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਵੀ ਕਰਵਾਈ ਗਈ ਹੈ । ਮੌਕੇ ਤੇ ਕਰਨ ਸਿੰਘ ਐੱਸ ਡੀ ਓ ਸਿੰਚਾਈ ਵਿਭਾਗ ਬਤੌਰ ਮਾਈਕਰੋ ਆਬਜ਼ਰਵਰ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਸਾਰੇ ਕੰਮ ਤੇ ਭਰਪੂਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਕਿ ਸਾਰੇ ਕੰਮ ਨਿਰਵਿਘਨ ਹੋ ਰਹੇ ਹਨ । ਪੁਲਿਸ ਦੇ ਵਤੀਰੇ ਦੀ ਵੀ ਸ਼ਲਾਘਾ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਵਾਰਡ ਨੰਬਰ ਇਕ ’ਚ 04 ਵਿਅਕਤੀਆਂ ਵੱਲੋਂ ਕਾਗ਼ਜ਼ ਦਾਖ਼ਲ ਕੀਤੇ ਗਏ ਹਨ, ਇਸੇ ਤਰ੍ਹਾਂ ਵਾਰਡ ਨੰਬਰ ਦੋ ਵਿਚ 05 ਵਿਅੱਕਤੀਆਂ ਵੱਲੋਂ , ਵਾਰਡ ਨੰਬਰ ਤਿੰਨ ਵਿਚ 05 ਵਿਅੱਕਤੀਆਂ ਵੱਲੋਂ , ਵਾਰਡ ਨੰਬਰ ਚਾਰ ਵਿਚ 04 ਵਿਅੱਕਤੀਆਂ ਵੱਲੋਂ , ਵਾਰਡ ਨੰਬਰ ਪੰਜ ਵਿਚ 04 ਵਿਅਕਤੀਆਂ ਵੱਲੋਂ, ਵਾਰਡ ਨੰਬਰ ਛੇ ਵਿਚ 05 ਵਿਅੱਕਤੀਆਂ ਵੱਲੋਂ , ਵਾਰਡ ਨੰਬਰ ਸੱਤ ਵਿਚ 05 ਵਿਅੱਕਤੀਆਂ ਵੱਲੋਂ , ਵਾਰਡ ਨੰਬਰ ਅੱਠ ਵਿਚ 06 ਵਿਅੱਕਤੀਆਂ ਵੱਲੋਂ, ਵਾਰਡ ਨੰਬਰ ਨੌਂ ਵਿਚ 04 ਵਿਅੱਕਤੀਆਂ ਵੱਲੋਂ, ਵਾਰਡ ਨੰਬਰ ਦਸ ਵਿਚ 08 ਵਿਅੱਕਤੀਆਂ ਵੱਲੋਂ , ਵਾਰਡ ਨੰਬਰ ਗਿਆਰਾਂ ਵਿਚ 03 ਵਿਅੱਕਤੀਆਂ ਵੱਲੋਂ , ਵਾਰਡ ਨੰਬਰ ਬਾਰਾਂ ਵਿਚ 04 ਵਿਅੱਕਤੀਆਂ ਵੱਲੋਂ ਅਤੇ ਵਾਰਡ ਨੰਬਰ ਤੇਰਾਂ ਵਿਚ 05 ਵਿਅੱਕਤੀਆਂ ਵੱਲੋਂ ਕਾਗ਼ਜ਼ ਦਾਖ਼ਲ ਕੀਤੇ ਗਏ ਹਨ। ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਆਪੋ-ਆਪਣੇ ਹਿਮਾਇਤੀਆਂ ਦਾ ਹੌਸਲਾ ਵਧਾਉਣ ਲਈ ਉਹਨਾਂ ਦੇ ਕਾਗ਼ਜ਼ ਨਾਲ ਹੋ ਕੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ , ਪ੍ਰਮਿੰਦਰ ਸਿੰਘ ਪੰਡੋਰੀ ਹਲਕਾ ਇੰਨਚਾਰਜ ਆਮ ਆਦਮੀ ਪਾਰਟੀ ਤੇ ਹਰਜਿੰਦਰ ਸਿੰਘ ਸੀਚੇ ਵਾਲ ਸੰਗਠਨ ਇੰਨਚਾਰਜ ‘ਆਪ’ ਵੀ ਮੌਜੂਦ ਸਨ।