ਘਰ ’ਚ ਵੜ ਕੇ ਬਜ਼ੁਰਗ ਔਰਤ ਦੀ ਕੁੱਟਮਾਰ ਕਰ ਕੇ ਲੁੱਟੀ ਨਕਦੀ
ਘਰ ’ਚ ਵੜ ਕੇ ਬਜੁਰਗ ਔਰਤ ਦੀ ਕੁੱਟਮਾਰ ਕਰਕੇ ਹਜ਼ਾਰਾਂ ਦੀ ਨਗਦੀ ਲੁੱਟੀ
Publish Date: Tue, 14 Oct 2025 09:59 PM (IST)
Updated Date: Tue, 14 Oct 2025 10:02 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਪਨੂੰ ਵਿਹਾਰ ਇਲਾਕੇ ’ਚ ਬੀਤੀ ਰਾਤ ਕਰੀਬ 2 ਵਜੇ ਇਕ ਘਰ ਅੰਦਰ ਦਾਖ਼ਲ ਹੋ ਕੇ ਇਕ ਵਿਅਕਤੀ ਵੱਲੋਂ ਘਰ ’ਚ ਮੋਜੂਦ ਬਜ਼ੁਰਗ ਦੀ ਕੁੱਟਮਾਰ ਕੀਤੀ ਗਈ ਤੇ ਅੰਦਰ ਪਈ ਕਰੀਬ 40 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਿਆ। ਪੀੜਤਾ ਕਲੈਸ਼ ਦੇਵੀ ਦੀ ਧੀ ਮਮਤਾ ਰਾਣੀ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਭਰਾ ਸ਼ਹਿਰੋਂ ਬਾਹਰ ਰਹਿੰਦਾ ਹੈ। ਉਹ ਆਪਣੇ ਪਰਿਵਾਰ ਦੇ ਨਾਲ ਮਾਂ ਦੇ ਘਰ ਦੇ ਨੇੜੇ ਹੀ ਰਹਿੰਦੀ ਹੈ। ਇਸ ਲਈ ੳਹ ਸਵੇਰੇ ਸ਼ਾਮ ਮਾਂ ਦਾ ਪਤਾ ਕਰਨ ਲਈ ਉਸ ਦੇ ਕੋਲ ਆਉਂਦੀ ਹੈ। ਬੀਤੀ ਰਾਤ ਵੀ ਉਹ 11 ਵਜੇ ਮਾਂ ਕੋਲੋਂ ਗਈ ਸੀ। ਰਾਤ ਕਰੀਬ 2 ਵਜੇ ਉਸ ਨੂੰ ਫੋਨ ਆਇਆ ਕਿ ਕਿਸੇ ਵਿਅਕਤੀ ਨੇ ਘਰ ’ਚ ਦਾਖ਼ਲ ਹੋ ਕੇ ਮਾਂ ਨਾਲ ਕੁੱਟਮਾਰ ਕੀਤੀ ਹੈ। ਜਦ ਉਨ੍ਹਾਂ ਘਰ ਪਹੁੰਚ ਕੇ ਦੇਖਿਆ ਤਾਂ ਕੋਈ ਵਿਅਕਤੀ ਘਰ ਦੀ ਛੱਤ ਦੇ ਰਸਤੇ ਤੋਂ ਅੰਦਰ ਆਇਆ ਤੇ ਪਾਣੀ ਦੀ ਸਪਲਾਈ ਵਾਲੀ ਪਾਈਪ ਨਾਲ ਕਲੈਸ਼ ਦੇਵੀ ਦੀ ਕੁੱਟਮਾਰ ਕੀਤੀ। ਉਸ ਨੇ ਜ਼ਖ਼ਮੀ ਹੋਈ ਮਾਂ ਦੀ ਮਲ੍ਹਮ ਪੱਟੀ ਕਰਵਾਈ ਤੇ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਹੈ। ਮਮਤਾ ਰਾਣੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਦੋ ਵਿਅਕਤੀਆਂ ਨੇ ਘਰ ਅੰਦਰ ਦਾਖ਼ਲ ਹੋ ਕੇ ਉਸ ਦੀ ਮਾਂ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਵੱਲੋਂ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਘਰ ਦੇ ਪਿਛੇ ਬਣੇ ਕੁਝ ਕੁਆਰਟਰਾਂ ਵੱਲੋਂ ਹਮਲਾਵਰ ਆਏ ਹੋ ਸਕਦੇ ਹਨ। ਮੌਕੇ ’ਤੇ ਪੁੱਜੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਚੈੱਕ ਕੀਤੀ ਹੈ ਉਮੀਦ ਹੈ ਕਿ ਕਿਸੇ ਫੁਟੇਜ ’ਚ ਲੁਟੇਰਾ ਕੈਦ ਹੋ ਗਿਆ ਹੋਵੇਗਾ।