ਨਗਰ ਨਿਗਮ ਦੀਆਂ ਲਿਫਟਾਂ ਦਾ ਕੰਮ ਲਟਕਿਆ ਬਿਰਧਾਂ ਨੂੰ ਆ ਰਹੀ ਹੈ ਮਸ਼ਕਲ

-ਹਫਤੇ ’ਚ ਇੰਸਟਾਲ ਹੋ ਜਾਣਗੀਆਂ ਲਿਫਟਾਂ : ਐੱਸਈ
ਮਦਨ ਭਾਰਦਵਾਜ ਪੰਜਾਬੀ ਜਾਗਰਣ , ਜਲੰਧਰ
ਨਗਰ ਨਿਗਮ ’ਚ ਪਿਛਲੇ ਲਗਪਗ ਇਕ ਸਾਲ ਤੋਂ ਲਿਫਟਾਂ ਖਰਾਬ ਹੋਣ ਅਤੇ ਨਵੀਆਂ ਲਿਫਟਾਂ ਦਾ ਕੰਮ ਪੂਰਾ ਨਾ ਹੋਣ ਕਾਰਨ ਨਿਗਮ ਦਫਤਰ ਆਉਣ ਵਾਲੇ ਬਜ਼ੁਰਗਾਂ ਤੇ ਦਿਵਿਆਂਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਬਜ਼ੁਰਗ ਜਦੋਂ ਪਹਿਲ ਮੰਜ਼ਿਲ ਦੀਆਂ ਪੌੜੀਆਂ ਚੜ੍ਹ ਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਾਹ ਚੜ੍ਹਿਆ ਹੁੰਦਾ ਹੈ ਤੇ ਉਹ ਗਲ ਕਰਨ ਤੋਂ ਅਸਮਰੱਥ ਹੁੰਦੇ। ਨਗਰ ਨਿਗਮ ਦੀਆਂ ਲਿਫਟਾਂ ਜਿਹੜੀਆਂ ਪਿਛਲੇ ਇਕ ਸਾਲ ਤੋਂ ਵੀ ਪਹਿਲਾਂ ਦੀਆਂ ਖਰਾਬ ਸਨ ਤੇ ਕਦੇ-ਕਦਾਈ ਚਲਦੀਆਂ ਸਨ ਤੇ ਕਈ ਵਾਰ ਉਹ ਚੱਲਦੇ ਸਮੇਂ ਬੰਦ ਹੋ ਜਾਂਦੀਆਂ ਸਨ, ਜਿਸ ਕਾਰਨ ਕਈ ਲੋਕ ਲਿਫਟ ’ਚ ਫਸ ਜਾਂਦੇ ਸਨ ਅਤੇ ਉਨ੍ਹਾਂ ਨੂੰ ਜੱਦੋ-ਜਹਿਦ ਮਗਰੋਂ ਬਾਹਰ ਕੱਢਿਆ ਜਾਂਦਾ ਸੀ। ਉਕਤ 4 ਲਿਫਟਾਂ ’ਚੋਂ ਦੋ ਮੇਅਰ ਤੇ ਕਮਿਸ਼ਨਰ ਦਫਤਰ ਵੱਲ ਤੇ ਦੋ ਲਿਫਟਾਂ ਜੁਆਇੰਟ ਕਮਿਸ਼ਨਰ ਤੇ ਬਿਲਡਿੰਗ ਬ੍ਰਾਂਚ ਵੱਲ ਲੱਗੀਆਂ ਹੋਈਆਂ ਸਨ ਜਿਹੜੀਆਂ ਕਿ ਕਾਫੀ ਪੁਰਾਣੀਆਂ ਹੋ ਚੁੱਕੀਆਂ ਸਨ ਤੇ ਉਨ੍ਹਾਂ ਦੇ ਰੱਖ-ਰਖਾਅ ਦਾ ਵੀ ਕੋਈ ਪ੍ਰਬੰਧ ਨਹੀਂ ਹੁੰਦਾ ਸੀ, ਜਿਸ ਕਾਰਨ ਲਿਫਟਾਂ ਅਕਸਰ ਖਰਾਬ ਰਹਿੰਦੀਆਂ ਸਨ। ਮੇਅਰ ਵਨੀਤ ਧੀਰ ਦੇ ਅਹੁਦਾ ਸੰਭਾਲਣ ਮਗਰੋਂ ਉਨ੍ਹਾਂ ਨੇ ਆਉਂਦਿਆਂ ਹੀ ਪਹਿਲਾਂ ਲਿਫਟਾਂ ਚਾਲੂ ਕਰਨ ਜਾਂ ਫਿਰ ਨਵੀਆਂ ਲਿਫਟਾਂ ਲਾਉਣ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਪਰ ਇਸ ਦੇ ਬਾਵਜੂਦ ਲਗਪਗ ਡੇਢ ਸਾਲ ਦਾ ਸਮਾਂ ਬੀਤ ਜਾਣ ’ਤੇ ਇਸ ਵਰ੍ਹੇ ਮਈ ਤਕ ਚਾਲੂ ਨਹੀਂ ਹੋ ਸਕੀਆਂ। ਇਸ ਮਗਰੋਂ ਮੇਅਰ ਨੇ ਫਿਰ ਬੀਐਂਡਆਰ ਬ੍ਰਾਂਚ ਦੇ ਐੱਸਈ ਨੂੰ ਲਿਫਟਾਂ ਨਵੀਆਂ ਲਾਉਣ ਦੀ ਹਦਾਇਤ ਕੀਤੀ ਤਾਂ ਫਿਰ ਦਿੱਲੀ ਇਕ ਕੰਪਨੀ ਨਾਲ ਨਿਗਮ ਦਾ ਲਿਫਟਾਂ ਲਾਉਣ ਦਾ ਠੇਕਾ ਕੀਤਾ ਗਿਆ, ਜਿਸ ਦਾ ਕੰਮ ਚੱਲ ਤਾਂ ਰਿਹਾ ਹੈ ਪਰ ਉਸ ਦੀ ਰਫਤਾਰ ਬਹੁਤ ਮੱਠੀ ਹੋਣ ਕਾਰਨ ਕੰਮ ਲਟਕਦਾ ਹੀ ਜਾ ਰਿਹਾ ਹੈ।
---
ਨਗਰ ਨਿਗਮ ’ਚ ਲੱਗੀਆਂ ਲਿਫਟਾਂ ਫੁਟਓਵਰ ਬ੍ਰਿਜ ਲਈ ਆਈਆਂ ਸਨ
ਦੱਸਿਆ ਜਾਂਦਾ ਹੈ ਕਿ ਅੱਜ ਤੋਂ ਲਗਪਗ 10 ਸਾਲ ਪਹਿਲਾਂ ਜਦੋਂ ਬੱਸ ਅੱਡਾ ਵਾਲਾ ਰੋਡ ਫੋਰ ਲਾਇਨ ਬਣੀ ਸੀ ਤਾਂ ਉਸ ਨੂੰ ਪਾਰ ਕਰਨ ਲਈ ਫੁਟਓਵਰ ਬ੍ਰਿਜ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਉਸ ਸਮੇਂ ਨਗਰ ਨਿਗਮ ਦੇ ਸਾਬਕਾ ਐੱਸਈ ਵੀਕੇ ਤਲਵਾੜ ਹੁੰਦੇ ਸਨ ਤੇ ਇਹ ਲਿਫਟਾਂ ਫੁਟਓਵਰ ਬ੍ਰਿਜ ਉਪਰ ਚੜ੍ਹਨ ਲਈ ਮੰਗਵਾਈਆਂ ਗਈਆਂ ਸਨ। ਬਾਅਦ ’ਚ ਇਹ ਪ੍ਰਾਜੈਕਟ ਇਸ ਲਈ ਰੱਦ ਹੋ ਗਿਆ ਕਿਉਂਕਿ ਉਕਤ ਰੋਡ ’ਤੇ ਫਲਾਈਓਵਰ ਬਣਾਉਣ ਦਾ ਸਰਕਾਰ ਨੇ ਫੈਸਲਾ ਕੀਤਾ ਸੀ। ਇਹ ਲਿਫਟਾਂ ਫਿਰ ਉਥੇ ਨਾ ਲੱਗ ਕੇ ਨਗਰ ਨਿਗਮ ਦੀ ਨਵੀਂ ਬਣੀ ਇਮਾਰਤ ’ਚ ਲੱਗ ਗਈਆਂ ਸਨ।
---
ਹਫਤੇ ’ਚ ਇਸਟਾਲ ਹੋਣਗੀਆਂ ਨਵੀਆਂ ਲਿਫਟਾਂ : ਐੱਸਈ
ਇਸ ਦੌਰਾਨ ਬੀਐਂਡਆਰ ਬ੍ਰਾਂਚ ਦੇ ਐੱਸਈ ਰਾਹੁਲ ਧਵਨ ਨੇ ਦਾਅਵਾ ਕੀਤਾ ਹੈ ਕਿ ਨਵੀਆਂ ਲਿਫਟਾਂ ਸ਼ੁੱਕਰਵਾਰ ਨੂੰ ਦਿੱਲੀ ਤੋਂ ਭੇਜੀਆਂ ਗਈਆਂ ਤੇ ਅੱਜ ਨਿਗਮ ’ਚ ਪੁੱਜ ਜਾਣਗੀਆਂ ਤੇ ਅਗਲੇ ਹਫਤੇ ਤਕ ਇੰਸਟਾਲ ਕਰ ਦਿੱਤੀਆਂ ਜਾਣਗੀਆਂ। ਇਹ ਪ੍ਰਾਜੈਕਟ ਲਗਪਗ 75 ਲੱਖ ਰੁਪਏ ਦਾ ਹੈ ਅਤੇ ਪਿਛਲੇ ਸਮੇਂ ਗੈਸ ਦੇ ਆਏ ਸੰਕਟ ਕਾਰਨ ਲਿਫਟਾਂ ਦਾ ਕੰਮ ਪ੍ਰਭਾਵਿਤ ਹੋਇਆ ਸੀ। ਦਿੱਲੀ ਦੀ ਠੇਕਾ ਕੰਪਨੀ ਨੇ ਕਿਹਾ ਹੈ ਕਿ ਲਿਫਟਾਂ ਦਾ ਪਲੇਟ ਫਾਰਮ ਦਾ ਕੰਮ ਲਗਪਗ ਹੋ ਚੁੱਕਾ ਹੈ ਤੇ ਬਾਕੀ ਜਿਹੜਾ ਰਹਿੰਦਾ ਹੈ ਛੇਤੀ ਹੀ ਖਤਮ ਹੋ ਜਾਵੇਗਾ।