ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਕੁੱਟਮਾਰ: ਜ਼ਮੀਨ ਨੂੰ ਪਾਣੀ ਲਾਉਂਦੇ ਸਮੇਂ ਕੀਤਾ ਹਮਲਾ; ਪੀੜਤਾਂ ਨੇ CM ਮਾਨ ਤੋਂ ਮੰਗਿਆ ਇਨਸਾਫ਼
ਥਾਣਾ ਫਿਲੌਰ ਦੇ ਅਧੀਨ ਆਉਂਦੇ ਪਿੰਡ ਖੈਹਿਰਾ ਵਿੱਚ ਜ਼ਮੀਨੀ ਰੰਜਿਸ਼ ਨੂੰ ਲੈ ਕੇ ਇੱਕ ਬਜ਼ੁਰਗ ਜੋੜੇ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਹਮਲਾਵਰਾਂ ਨੇ ਨਾ ਸਿਰਫ਼ ਉਨ੍ਹਾਂ ਦੀ ਕੁੱਟਮਾਰ ਕੀਤੀ, ਸਗੋਂ ਬਜ਼ੁਰਗ ਮਹਿਲਾ ਦੇ ਕੰਨ ਦੀ ਸੋਨੇ ਦੀ ਵਾਲੀ ਵੀ ਖੋਹ ਕੇ ਲੈ ਗਏ।
Publish Date: Wed, 29 Apr 2026 03:23 PM (IST)
Updated Date: Wed, 29 Apr 2026 03:24 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਥਾਣਾ ਫਿਲੌਰ ਦੇ ਅਧੀਨ ਆਉਂਦੇ ਪਿੰਡ ਖੈਹਿਰਾ ਵਿੱਚ ਜ਼ਮੀਨੀ ਰੰਜਿਸ਼ ਨੂੰ ਲੈ ਕੇ ਇੱਕ ਬਜ਼ੁਰਗ ਜੋੜੇ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਹਮਲਾਵਰਾਂ ਨੇ ਨਾ ਸਿਰਫ਼ ਉਨ੍ਹਾਂ ਦੀ ਕੁੱਟਮਾਰ ਕੀਤੀ, ਸਗੋਂ ਬਜ਼ੁਰਗ ਮਹਿਲਾ ਦੇ ਕੰਨ ਦੀ ਸੋਨੇ ਦੀ ਵਾਲੀ ਵੀ ਖੋਹ ਕੇ ਲੈ ਗਏ।
ਪੀੜਤ ਸਰਬਜੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ 22 ਅਪ੍ਰੈਲ ਦੀ ਸ਼ਾਮ ਕਰੀਬ 6:30 ਵਜੇ ਉਹ ਆਪਣੀ ਪਤਨੀ ਬਲਵੀਰ ਕੌਰ ਨਾਲ ਖੇਤਾਂ ਵਿੱਚ ਜਮੀਨ ਨੂੰ ਪਾਣੀ ਲਗਾ ਰਹੇ ਸਨ। ਇਸੇ ਦੌਰਾਨ ਅਮਰਦੀਪ ਸਿੰਘ ਪੁੱਤਰ ਮੇਜਰ ਸਿੰਘ ਅਤੇ ਉਸ ਦੀ ਮਾਤਾ ਬਲਵੀਰ ਕੌਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾਵਰਾਂ ਨੇ ਬਜ਼ੁਰਗ ਮਾਤਾ ਦੇ ਥੱਪੜ ਮਾਰੇ ਅਤੇ ਡੰਡਿਆਂ ਨਾਲ ਕੁੱਟਮਾਰ ਕੀਤੀ। ਖਿੱਚ-ਧੂਹ ਦੌਰਾਨ ਪੀੜਤ ਮਹਿਲਾ ਦੀ ਸੋਨੇ ਦੀ ਵਾਲੀ ਵੀ ਗਾਇਬ ਹੋ ਗਈ। ਹਮਲੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਦੋਵੇਂ ਪਤੀ-ਪਤਨੀ ਸਿਵਲ ਹਸਪਤਾਲ ਫਿਲੌਰ ਵਿੱਚ ਜ਼ੇਰੇ ਇਲਾਜ ਰਹੇ।
ਪੁਲਿਸ ਕਾਰਵਾਈ ਤੋਂ ਪੀੜਤ ਨਾਖੁਸ਼
ਸਰਬਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ (13 ਸਾਲ ਪਹਿਲਾਂ ਬੱਚਿਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ) ਅਤੇ ਉਹ ਬਿਲਕੁਲ ਬੇਸਹਾਰਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪੀੜਤ ਜੋੜੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਜਾਂਚ ਅਧਿਕਾਰੀ ਦਾ ਪੱਖ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਐਮ.ਐਲ.ਆਰ. (MLR) ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਿਆਨਾਂ ਦੇ ਅਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ, ਦੂਜੀ ਧਿਰ ਨੇ ਇਸ ਸਬੰਧੀ ਗੱਲ ਕਰਨ ਤੋਂ ਗੁਰੇਜ਼ ਕੀਤਾ।