ਪੰਥਕ, ਕਿਸਾਨ ਤੇ ਮਜ਼ਦੂਰਾਂ ਨੂੰ ਸਾਂਝੇ ਮੰਚ ’ਤੇ ਲਿਆਉਣ ਦੀ ਕਵਾਇਦ ਤੇਜ਼
ਪੰਥਕ, ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਨੂੰ ਸਾਂਝੇ ਮੰਚ ’ਤੇ ਲਿਆਉਣ ਦੀ ਕਵਾਇਦ ਤੇਜ਼
Publish Date: Fri, 01 May 2026 08:14 PM (IST)
Updated Date: Fri, 01 May 2026 08:17 PM (IST)

-ਹਮਖਿਆਲੀ ਧਿਰਾਂ ਨੂੰ ਇਕ ਝੰਡੇ ਹੇਠ ਲਿਆਉਣ ਲਈ ਮੀਟਿੰਗਾਂ ਦਾ ਦੌਰ ਜਾਰੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਦੇ ਮੌਜੂਦਾ ਸਿਆਸੀ, ਸਮਾਜਿਕ ਤੇ ਆਰਥਿਕ ਹਾਲਾਤ ਨੂੰ ਮੁੱਖ ਰੱਖਦਿਆਂ ਸੂਬੇ ਅੰਦਰ ਇਕ ਨਵਾਂ ਬਦਲ ਅਤੇ ਮਜ਼ਬੂਤ ਪੰਥਕ ਪਲੇਟਫਾਰਮ ਉਸਾਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਦੀ ਰਾਖੀ ਲਈ ਵੱਖ-ਵੱਖ ਪੰਥਕ ਪਾਰਟੀਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਆਪਣੇ ਆਪਸੀ ਵਖਰੇਵੇਂ ਭੁਲਾ ਕੇ ਇਕ ਸਾਂਝੇ ਮੰਚ ‘ਤੇ ਲਿਆਉਣ ਲਈ ਯਤਨ ਤੇਜ਼ ਹੋ ਗਏ ਹਨ। ਇਸ ਕਵਾਇਦ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਾਰ ਸਿਰਫ਼ ਧਾਰਮਿਕ ਜਾਂ ਸਿਆਸੀ ਧਿਰਾਂ ਹੀ ਨਹੀਂ, ਸਗੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੀ ਇਸ ਏਕਤਾ ਮੁਹਿੰਮ ਦਾ ਅਹਿਮ ਹਿੱਸਾ ਬਣਨ ਵੱਲ ਵੱਧ ਰਹੀਆਂ ਹਨ। ਇਸ ਸਾਰੀ ਏਕਤਾ ਪ੍ਰਕਿਰਿਆ ਵਿੱਚ ਕੌਮੀ ਇਨਸਾਫ਼ ਮੋਰਚਾ ਇਕ ਅਹਿਮ ਪੁਲ ਵਜੋਂ ਕੰਮ ਕਰ ਰਿਹਾ ਹੈ। ਮੋਰਚੇ ਦੇ ਆਗੂਆਂ ਵੱਲੋਂ ਪੰਜਾਬ ਦੇ ਭਵਿੱਖ ਬਾਰੇ ਫਿਕਰਮੰਦ ਸਾਰੀਆਂ ਧਿਰਾਂ ਨਾਲ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ। ਇਸੇ ਦਿਸ਼ਾ ਵਿਚ ਕਿਸਾਨ ਅੰਦੋਲਨ ਦੇ ਮੋਹਰੀ ਆਗੂਆਂ ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ ਨਾਲ ਉਚੇਚੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ। ਇਨ੍ਹਾਂ ਮੀਟਿੰਗਾਂ ਦਾ ਮੁੱਖ ਮਕਸਦ ਪੰਥਕ ਮਸਲਿਆਂ ਦੇ ਨਾਲ-ਨਾਲ ਕਿਸਾਨੀ ਤੇ ਮਜ਼ਦੂਰਾਂ ਦੇ ਹੱਕਾਂ ਨੂੰ ਇੱਕ ਸਾਂਝੀ ਆਵਾਜ਼ ਦੇਣਾ ਹੈ। ਇਸ ਦੇ ਨਾਲ ਹੀ ਸਿਆਸੀ ਪਿੜ ਵਿੱਚ ਵੀ ਸਰਗਰਮੀ ਵਧਾਉਂਦਿਆਂ ਜਨਤਾ ਦਲ ਯੂਨਾਇਟਡ ਤੇ ਹੋਰ ਪਾਰਟੀਆਂ ਨਾਲ ਵੀ ਚਰਚਾ ਦਾ ਦੌਰ ਜਾਰੀ ਹੈ ਤਾਂ ਜੋ ਇਕ ਮਜ਼ਬੂਤ ਤੇ ਪਾਇਦਾਰ ਪਲੇਟਫਾਰਮ ਖੜ੍ਹਾ ਕੀਤਾ ਜਾ ਸਕੇ। ਇਸ ਏਕਤਾ ਮੁਹਿੰਮ ਨੂੰ ਉਸ ਵੇਲੇ ਵੀ ਵੱਡਾ ਹੁਲਾਰਾ ਮਿਲਿਆ ਜਦੋਂ ਪਿਛਲੇ ਦਿਨੀਂ ਜਲੰਧਰ ਵਿਖੇ ਵੱਖ-ਵੱਖ ਪੰਥਕ ਪਾਰਟੀਆਂ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਕੌਮੀ ਇਨਸਾਫ਼ ਮੋਰਚਾ, ਯੂਨਾਈਟਡ ਅਕਾਲੀ ਦਲ, ਅਕਾਲੀ ਦਲ ਸੁਤੰਤਰ, ਬੇਗਮਪੁਰਾ ਖਾਲਸਾ ਰਾਜ ਪਾਰਟੀ ਤੇ ਹੋਰ ਸੁਹਿਰਦ ਆਗੂਆਂ ਨਾਲ ਏਕਤਾ ਨੂੰ ਲੈ ਕੇ ਹੋਈ ਇਹ ਬੈਠਕ ਹਾਂ-ਪੱਖੀ ਰਹੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਸਮੇਤ ਹੋਰ ਸਾਰੀਆਂ ਜਥੇਬੰਦੀਆਂ ਜੋ ਪੰਜਾਬ ਦਾ ਭਲਾ ਚਾਹੁੰਦੀਆਂ ਹਨ, ਇੱਕ ਝੰਡੇ ਹੇਠ ਇਕੱਠੀਆਂ ਹੋ ਸਕਦੀਆਂ ਹਨ। ਇਸ ਨਵੇਂ ਬਣ ਰਹੇ ਗਠਜੋੜ ਅਤੇ ਭਵਿੱਖ ਦੀ ਰੂਪ-ਰੇਖਾ ਬਾਰੇ ਗੱਲਬਾਤ ਕਰਦਿਆਂ ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਅਤੇ ਅਹਿਮ ਲੋੜ ਹੈ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਇੱਕ ਮਜ਼ਬੂਤ, ਇਮਾਨਦਾਰ ਤੇ ਸਾਂਝਾ ਪਲੇਟਫਾਰਮ ਤਿਆਰ ਹੋਵੇ। ਪੰਜਾਬ ਤੇ ਪੰਥ ਦਾ ਭਲਾ ਚਾਹੁਣ ਵਾਲੀਆਂ ਸਾਰੀਆਂ ਹਮਖਿਆਲੀ ਪੰਥਕ ਪਾਰਟੀਆਂ, ਜਥੇਬੰਦੀਆਂ, ਕਿਸਾਨ ਅਤੇ ਮਜ਼ਦੂਰ ਧਿਰਾਂ ਸਿਰ ਜੋੜ ਕੇ ਬੈਠਣ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਿੱਜੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੰਥ ਤੇ ਪੰਜਾਬ ਦਾ ਭਲਾ ਚਾਹੁਣ ਵਾਲੀਆਂ ਧਿਰਾਂ ਇੱਕਜੁੱਟ ਹੋਣ ਤੇ ਇਕ ਮਜ਼ਬੂਤ ਸਾਂਝੇ ਪਲੇਟਫਾਰਮ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਥ ਤੇ ਪੰਜਾਬ ਦੇ ਮੁੱਦਿਆਂ ‘ਤੇ ਇਕਜੁੱਟਤਾ ਨਾਲ ਲੜਾਈ ਲੜੀ ਜਾਵੇ।