ਓਪੀਡੀ ’ਚ ਲੂ ਦੇ ਮਰੀਜ਼ ਵੱਧਣ ਲੱਗੇ
ਗਰਮੀ ਦਾ ਅਸਰ : ਓਪੀਡੀ ’ਚ ਹੀਟ ਸਟ੍ਰੋਕ ਦੇ ਮਰੀਜ਼ ਵੱਧਣ ਲੱਗੇ,
Publish Date: Tue, 21 Apr 2026 10:26 PM (IST)
Updated Date: Tue, 21 Apr 2026 10:31 PM (IST)
-ਅਪ੍ਰੈਲ ’ਚ ਹੀ ਮਈ ਵਰਗੀ ਗਰਮੀ ਦਾ ਅਹਿਸਾਸ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਫ਼ਤੇ ਦੀ ਸ਼ੁਰੂਆਤ ਤੋਂ ਹੀ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਪਾਰ ਹੋਣ ਨਾਲ ਅਪ੍ਰੈਲ ਮਹੀਨੇ ’ਚ ਹੀ ਮਈ ਵਰਗੀ ਗਰਮੀ ਮਹਿਸੂਸ ਹੋਣ ਲੱਗੀ ਹੈ। ਇਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ‘ਤੇ ਪੈ ਰਿਹਾ ਹੈ। ਇਸ ਕਾਰਨ ਹਸਪਤਾਲਾਂ ਦੀ ਓਪੀਡੀ ’ਚ ਮਰੀਜ਼ਾਂ ਦੀ ਗਿਣਤੀ ਲਗਭਗ ਦੋਗੁਣੀ ਹੋ ਗਈ ਹੈ, ਜਿਸ ’ਚ ਲੂ ਦੇ ਮਰੀਜ਼ ਸਭ ਤੋਂ ਵੱਧ ਹਨ। ਸਿਵਲ ਹਸਪਤਾਲ ’ਚ ਮੰਗਲਵਾਰ ਨੂੰ ਤੇਜ਼ ਬੁਖਾਰ, ਸਿਰ ਦਰਦ ਤੇ ਫੂਡ ਪਾਇਜ਼ਨਿੰਗ ਦੇ ਮਰੀਜ਼ ਵੱਧ ਗਿਣਤੀ ਵਿਚ ਪੁੱਜੇ। ਆਮ ਦਿਨਾਂ ’ਚ ਜਿੱਥੇ ਜਨਰਲ ਓਪੀਡੀ ’ਚ 60 ਤੋਂ 70 ਮਰੀਜ਼ ਆਉਂਦੇ ਸਨ, ਉੱਥੇ ਹੁਣ ਇਹ ਗਿਣਤੀ 100 ਤੋਂ 120 ਤੱਕ ਪਹੁੰਚ ਗਈ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਅਚਾਨਕ ਤਾਪਮਾਨ ਵਧਣਾ ਤੇ ਖਾਣ-ਪੀਣ ’ਚ ਲਾਪਰਵਾਹੀ ਇਸ ਦੇ ਮੁੱਖ ਕਾਰਨ ਹਨ। ਇਸ ਤੋਂ ਇਲਾਵਾ ਤੇਜ਼ ਧੁੱਪ ’ਚ ਬਿਨਾਂ ਸੁਰੱਖਿਆ ਦੇ ਬਾਹਰ ਜਾਣ ਨਾਲ ਸਰੀਰ ’ਚ ਪਾਣੀ ਤੇ ਲੂਣ ਦੀ ਘਾਟ ਹੋ ਰਹੀ ਹੈ, ਜਿਸ ਨਾਲ ਲੂ ਦੇ ਮਾਮਲੇ ਵੱਧ ਰਹੇ ਹਨ। ਸਿਵਲ ਤੇ ਈਐੱਸਆਈ ਹਸਪਤਾਲ ਦੀ ਓਪੀਡੀ ’ਚ ਆਉਣ ਵਾਲਾ ਹਰ ਤੀਜਾ ਮਰੀਜ਼ ਹੀਟ ਸਟ੍ਰੋਕ ਨਾਲ ਨਾਲ ਤੇਜ਼ ਬੁਖਾਰ, ਸਿਰ ਦਰਦ ਤੇ ਫੂਡ ਪਾਇਜ਼ਨਿੰਗ ਦੀ ਸਮੱਸਿਆ ਨਾਲ ਪੀੜਤ ਹੈ। ਇਸ ਸਬੰਧੀ ਡਾ. ਐੱਸਪੀਐੱਸ ਗਰੋਵਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ ਬੱਦਲ ਛਾਏ ਰਹਿਣ ਤੇ ਹਲਕੀ ਬੂੰਦਾਬਾਂਦੀ ਕਾਰਨ ਤਾਪਮਾਨ ’ਚ ਵੱਡਾ ਵਾਧਾ ਨਹੀਂ ਹੋਇਆ ਸੀ ਪਰ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹਰ ਰੋਜ਼ ਤਾਪਮਾਨ ਵੱਧ ਰਿਹਾ ਹੈ। ਨਾ ਤਾਂ ਵਰਖਾ ਹੋ ਰਹੀ ਹੈ ਤੇ ਨਾ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਲੋਕ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਤੇ ਖਾਣ-ਪੀਣ ’ਚ ਕੋਈ ਬਦਲਾਅ ਨਹੀਂ ਕਰ ਰਹੇ, ਜਿਸਦਾ ਸਿੱਧਾ ਅਸਰ ਸਿਹਤ ‘ਤੇ ਪੈ ਰਿਹਾ ਹੈ। ਖ਼ਾਸ ਕਰਕੇ ਖੁੱਲ੍ਹਾ ਰੱਖਿਆ ਖਾਣਾ ਜਲਦੀ ਖਰਾਬ ਹੋ ਰਿਹਾ ਹੈ, ਜਿਸ ਕਾਰਨ ਫੂਡ ਪਾਇਜ਼ਨਿੰਗ ਦੇ ਮਾਮਲੇ ਵੀ ਵੱਧ ਰਹੇ ਹਨ।