ਮਾਂ ਨੇ ਪੁੱਤਰ ਨਾਲ ਇਕੱਠਿਆਂ ਪਾਸ ਕੀਤੀ 12ਵੀਂ
ਵਿੱਦਿਆ ਉਮਰਾਂ ਦੀ ਮੁਥਾਜ ਨਹੀਂ : 24 ਸਾਲਾਂ ਦੇ ਵਕਫ਼ੇ ਮਗਰੋਂ ਮਾਂ ਨੇ ਪੁੱਤਰ ਨਾਲ ਇਕੱਠਿਆਂ ਪਾਸ ਕੀਤੀ 12ਵੀਂ ਦੀ ਪ੍ਰੀਖਿਆ
Publish Date: Thu, 14 May 2026 09:55 PM (IST)
Updated Date: Thu, 14 May 2026 09:57 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ :
ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। ਜੇ ਇਨਸਾਨ ਦੇ ਹੌਂਸਲੇ ਬੁਲੰਦ ਹੋਣ ਅਤੇ ਕੁਝ ਕਰਨ ਦਾ ਮਜ਼ਬੂਤ ਇਰਾਦਾ ਹੋਵੇ ਤਾਂ ਜ਼ਿੰਦਗੀ ਦੀ ਕੋਈ ਵੀ ਰੁਕਾਵਟ ਮੰਜ਼ਿਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ। ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦੀ ਰਹਿਣ ਵਾਲੀ ਸੰਦੀਪ ਕੌਰ ਨੇ, ਜਿਸ ਨੇ 24 ਸਾਲਾਂ ਦੇ ਲੰਮੇ ਅੰਤਰਾਲ ਮਗਰੋਂ ਆਪਣੇ ਪੁੱਤਰ ਦੇ ਨਾਲ ਇਕੱਠਿਆਂ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਕੇ ਇਕ ਵਿਲੱਖਣ ਤੇ ਸਕਾਰਾਤਮਕ ਮਿਸਾਲ ਕਾਇਮ ਕੀਤੀ ਹੈ। ਇਹ ਪ੍ਰੇਰਣਾਦਾਇਕ ਕਹਾਣੀ ਸ਼ਾਹਕੋਟ ਦੇ ਗਾਂਧੀ ਚੌਕ ਸਥਿਤ ਨਾਮਵਰ ਵਿੱਦਿਅਕ ਅਦਾਰੇ ‘ਗੋ ਅਹੈੱਡ ਇੰਸਟੀਚਿਊਟ ਆਫ਼ ਸਕਸੈੱਸ’ ਤੋਂ ਸਾਹਮਣੇ ਆਈ ਹੈ। ਸੰਦੀਪ ਕੌਰ ਕੁਝ ਸਮਾਂ ਪਹਿਲਾਂ ਆਪਣੇ ਪੁੱਤਰ ਜਸ਼ਨਦੀਪ ਸਿੰਘ ਦਾ ਟਿਊਸ਼ਨ ਲਈ ਦਾਖਲਾ ਕਰਵਾਉਣ ਵਾਸਤੇ ਇਸ ਸੰਸਥਾ ’ਚ ਆਈ ਸੀ। ਉੱਥੇ ਉਸ ਦੇ ਮਨ ’ਚ ਵੀ ਆਪਣੀ ਅਧੂਰੀ ਰਹਿ ਗਈ ਪੜ੍ਹਾਈ ਪੂਰੀ ਕਰਨ ਦੀ ਇੱਛਾ ਜਾਗ ਪਈ। ਸੰਸਥਾ ਦੀ ਮੁਖੀ ਬਲਜੀਤ ਕੌਰ ਅਤੇ ਅਧਿਆਪਕਾ ਪ੍ਰਭਜੋਤ ਕੌਰ ਨੇ ਉਸ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਉਸ ਦਾ ਹੌਸਲਾ ਵਧਾਉਂਦਿਆਂ ਸਹੀ ਮਾਰਗਦਰਸ਼ਨ ਕੀਤਾ। ਉਨ੍ਹਾਂ ਦੀ ਪ੍ਰੇਰਣਾ ਸਦਕਾ ਸੰਦੀਪ ਕੌਰ ਨੇ ਓਪਨ ਸਕੂਲ ਰਾਹੀਂ 12ਵੀਂ ਜਮਾਤ ’ਚ ਦਾਖਲਾ ਲਿਆ। 24 ਸਾਲਾਂ ਬਾਅਦ ਦੁਬਾਰਾ ਕਿਤਾਬਾਂ ਚੁੱਕਣੀਆਂ ਅਤੇ ਪੜ੍ਹਾਈ ਨਾਲ ਜੁੜਨਾ ਆਸਾਨ ਕੰਮ ਨਹੀਂ ਸੀ, ਪਰ ਮਾਂ-ਪੁੱਤ ਨੇ ਇਕੱਠਿਆਂ ਮਿਹਨਤ ਅਤੇ ਲਗਨ ਨਾਲ ਤਿਆਰੀ ਕੀਤੀ। ਨਤੀਜੇ ਵਜੋਂ ਸੰਦੀਪ ਕੌਰ ਨੇ 60 ਫੀਸਦੀ ਤੋਂ ਵੱਧ ਅੰਕਾਂ ਨਾਲ 12ਵੀਂ ਦੀ ਪ੍ਰੀਖਿਆ ਪਾਸ ਕੀਤੀ।
ਸੰਦੀਪ ਕੌਰ ਨੇ ਸਾਬਤ ਕੀਤਾ ਹੈ ਕਿ ਜੇਕਰ ਮਨ ’ਚ ਦ੍ਰਿੜ੍ਹ ਨਿਸ਼ਚਾ ਹੋਵੇ ਤਾਂ ਸਮਾਂ ਅਤੇ ਉਮਰ ਕਦੇ ਵੀ ਅੜਿੱਕਾ ਨਹੀਂ ਬਣਦੇ। ਇਸ ਮਾਣਮੱਤੇ ਪਲ ਮੌਕੇ ਸੰਸਥਾ ਨੇ ਸੰਦੀਪ ਕੌਰ ਅਤੇ ਜਸ਼ਨਦੀਪ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਇਸ ਮੌਕੇ ਮਾਸਟਰ ਪ੍ਰਭਜੀਤ ਸਿੰਘ, ਪ੍ਰਭਜੋਤ ਕੌਰ, ਦੀਵਾਂਸ਼ੂ ਚੌਧਰੀ, ਰਿਧੀਆ ਗੁਪਤਾ, ਅਰਸ਼ਦੀਪ ਕੌਰ, ਮਨਪ੍ਰੀਤ ਕੌਰ ਅਤੇ ਸੋਨੀਆ ਆਦਿ ਹਾਜ਼ਰ ਸਨ।