ਰੀਅਲ ਅਸਟੇਟ ਕਾਰੋਬਾਰੀ ਦੇ ਘਰ ’ਚ ਈਡੀ ਦੀ ਛਾਪੇਮਾਰੀ ਖਤਮ
ਰਿਅਲ ਐਸਟੇਟ ਕਾਰੋਬਾਰੀ ਦੇ ਘਰ ’ਤੇ ਈਡੀ ਦੀ ਰੇਡ ਖਤਮ, ਕਰੋੜਾਂ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਬਰਾਮਦ
Publish Date: Mon, 20 Apr 2026 11:02 PM (IST)
Updated Date: Mon, 20 Apr 2026 11:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਰਿਅਲ ਐਸਟੇਟ ਕਾਰੋਬਾਰੀ ਚੰਦਰ ਸ਼ੇਖਰ ਅਗਰਵਾਲ ਦੇ ਘਰ ’ਤੇ ਤਿੰਨ ਦਿਨ ਤੱਕ ਚੱਲੀ ਈਡੀ ਦੀ ਛਾਪੇਮਾਰੀ ਖਤਮ ਹੋ ਗਈ ਹੈ। ਇਸ ਦੌਰਾਨ ਜਾਂਚ ਏਜੰਸੀ ਨੂੰ ਜਾਇਦਾਦ ਨਾਲ ਸਬੰਧਤ ਕਈ ਮਹੱਤਵਪੂਰਨ ਦਸਤਾਵੇਜ਼ ਮਿਲੇ ਹਨ। ਜਾਣਕਾਰੀ ਮੁਤਾਬਕ ਬਰਾਮਦ ਦਸਤਾਵੇਜ਼ਾਂ ’ਚ ਜਲੰਧਰ ਸਮੇਤ ਲੁਧਿਆਣਾ, ਚੰਡੀਗੜ੍ਹ ਤੇ ਹੋਰ ਥਾਵਾਂ ’ਤੇ ਕਰੋੜਾਂ ਦੀ ਜਾਇਦਾਦ ਨਾਲ ਜੁੜੀਆਂ ਫਾਈਲਾਂ ਸ਼ਾਮਲ ਹਨ। ਹਾਲਾਂਕਿ ਕਾਰੋਬਾਰੀ ਦੇ ਵਪਾਰਕ ਠਿਕਾਣਿਆਂ ਤੋਂ ਈਡੀ ਨੂੰ ਕੋਈ ਵੱਡੀ ਰਿਕਵਰੀ ਨਹੀਂ ਮਿਲੀ ਪਰ ਉਨ੍ਹਾਂ ਦੇ ਘਰ ਤੋਂ ਮਿਲੇ ਦਸਤਾਵੇਜ਼ਾਂ ਨੇ ਜਾਂਚ ਦਾ ਕੇਂਦਰ ਬਦਲ ਦਿੱਤਾ ਹੈ। ਸੂਤਰਾਂ ਅਨੁਸਾਰ ਇਹ ਮਾਮਲਾ ਹੁਣ ਅਰਬਾਂ ਰੁਪਏ ਦੇ ਲੈਣ-ਦੇਣ ਤੱਕ ਪੁੱਜ ਸਕਦਾ ਹੈ। ਈਡੀ ਦੀ ਟੀਮ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਜੀਟੀਬੀ ਨਗਰ ਸਥਿਤ ਅਗਰਵਾਲ ਦੇ ਘਰ ਪੁੱਜੀ ਸੀ, ਜਿੱਥੇ ਉਸ ਸਮੇਂ ਉਹ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਟੀਮ ਨੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ) ਨੇੜੇ ਸਥਿਤ ਉਨ੍ਹਾਂ ਦੇ ਦਫ਼ਤਰ ’ਤੇ ਵੀ ਜਾਂਚ ਕੀਤੀ। ਦਫ਼ਤਰ ਤੋਂ ਕੋਈ ਖਾਸ ਰਿਕਵਰੀ ਨਾ ਹੋਣ ਕਾਰਨ ਉੱਥੇ ਦੀ ਜਾਂਚ ਐਤਵਾਰ ਨੂੰ ਸਮਾਪਤ ਕਰ ਦਿੱਤੀ ਗਈ। ਹਾਲਾਂਕਿ ਘਰ ਤੋਂ ਇਲੈਕਟ੍ਰਾਨਿਕ ਡਿਵਾਈਸਾਂ ਦੇ ਨਾਲ-ਨਾਲ ਜਾਇਦਾਦ ਨਾਲ ਜੁੜੇ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਸੂਤਰਾਂ ਅਨੁਸਾਰ ਚੰਡੀਗੜ੍ਹ ਨਾਲ ਜੁੜੇ ਨਿਵੇਸ਼ ਤੇ ਕੁਝ ਨਾਮੀ ਵਿਅਕਤੀਆਂ ਦੀ ਭਾਈਵਾਲੀ ਵੀ ਜਾਂਚ ਦੇ ਦਾਇਰੇ ’ਚ ਆ ਸਕਦੀ ਹੈ। ਈਡੀ ਹੁਣ ਇਨ੍ਹਾਂ ਨਿਵੇਸ਼ਕਾਂ ਤੇ ਸਬੰਧਤ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਅਧਿਕਾਰਿਤ ਤੌਰ ’ਤੇ ਹਾਲੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਪਰ ਅੰਦਾਜ਼ਾ ਹੈ ਕਿ ਈਡੀ ਵੱਲੋਂ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ਸਬੰਧੀ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ।