* ਅਗਸਤ ਤੇ ਸਤੰਬਰ ਦੌਰਾਨ ਲੋਕਾਂ ਨੂੰ ਮਿਲ ਸਕਦੀ ਹੈ ਈ-ਬੱਸ ਸੇਵਾ ਦੀ ਸਹੂਲਤ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸ਼ਹਿਰ ’ਚ ਲੋਕਾਂ ਦੀ ਸਹੂਲਤ ਲਈ ਪ੍ਰਧਾਨ ਮੰਤਰੀ ਈ-ਬੱਸ ਸੇਵਾ ਦੀਆਂ 97 ਬੱਸਾਂ ਦਾ ਚਾਰਜਿੰਗ ਡਿਪੂ ਦੋ ਮਹੀਨਿਆਂ ’ਚ ਪੂਰਾ ਹੋ ਜਾਵੇਗਾ ਤੇ ਆਉਂਦੇ ਅਗਸਤ-ਸਤੰਬਰ ’ਚ ਈ ਬੱਸ ਸੇਵਾ ਸ਼ੁਰੂ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਨਗਰ ਨਿਗਮ ਦਫ਼ਤਰ ਵਿਖੇ ਬੱਸ ਡਿਪੂ ਲਈ ਨੀਂਹ ਪੱਥਰ ਰੱਖਣ ਦੀ ਤਿਆਰੀ ਹੋ ਗਈ ਹੈ। ਉਕਤ ਡਿਪੂ ਤੇ ਬੱਸਾਂ ਪਾਰਕ ਕਰਨ ਲਈ ਇਕ ਸ਼ੈੱਡ ਬਣਾਇਆ ਜਾਵੇਗਾ ਅਤੇ ਇਕ ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਜਾਣਾ ਹੈ। ਇਹ ਕੰਮ ਅਗਲੇ ਦੋ ਮਹੀਨਿਆਂ ਅੰਦਰ ਪੂਰਾ ਹੋਣ ਦੀ ਉਮੀਦ ਹੈ। ਇਸ ਲਈ ਇਹ ਆਸ ਕੀਤੀ ਜਾ ਰਹੀ ਹੈ ਕਿ ਅਗਸਤ ਤੋਂ ਬਾਅਦ ਕਿਸੇ ਸਮੇਂ ਪੜਾਅਵਾਰ ਬੱਸ ਸੇਵਾ ਸ਼ੁਰੂ ਹੋ ਸਕਦੀ ਹੈ। ਬੱਸ ਡਿਪੂ ਤੇ ਚਾਰਜਿੰਗ ਸਟੇਸ਼ਨ ਦੀ ਉਸਾਰੀ ਪੂਰੀ ਹੋ ਜਾਣ ਤੇ, ਨਗਰ ਨਿਗਮ ਕੇਂਦਰ ਸਰਕਾਰ ਨੂੰ ਬੱਸਾਂ ਲਈ ਇਕ ਰਸਮੀ ਬੇਨਤੀ ਗਰੇਗੀ। ਕੇਂਦਰ ਸਰਕਾਰ ਨੇ ਪਹਿਲਾਂ ਹੀ ਜਲੰਧਰ ਲਈ 97 ਬੱਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰ ਦੇ ਅੰਦਰ ਤੋ ਚਾਰਜਿੰਗ ਡਿਪੂ ਹੋਣਗੇ ਇਕ ਨਿਗਮ ਕੈਪਸ ਵਾਲਾ ਤੇ ਦੁਜਾ ਦੂਜਾ ਬੱਸ ਡਿਪੂ ਤੇ ਚਾਰਜਿੰਗ ਸਟੇਸ਼ਨ ਲੰਮਾ ਪਿੰਡ ਚੌਕ ਵਿਖੇ ਸਥਿਤ ਨਗਰ ਨਿਗਮ ਦੀ ਵਰਕਸ਼ਾਪ ਸਹੂਲਤ ਤੇ ਸਥਾਪਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਲਈ ਟੈਂਡਰ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਾ ਹੈ; ਹਾਲਾਂਕਿ, ਨਿਰਮਾਣ ਸ਼ੁਰੂ ਕਰਨ ਲਈ ਪੰਜਾਬ ਮੰਡੀ ਬੋਰਡ ਤੋਂ ਇੱਕ ਐਨਓਸੀ ਲੈਣੀ ਹੈ, ਕਿਉਂਕਿ ਵਰਕਸ਼ਾਪ ਵਾਲੀ ਜ਼ਮੀਨ ਮੰਡੀ ਬੋਰਡ ਦੀ ਹੈ, ਇਸ ਲਈ ਕਾਰਪੋਰੇਸ਼ਨ ਨੇ ਬੋਰਡ ਨੂੰ ਐੱਨਓਸੀ ਲਈ ਪੱਤਰ ਲਿਖਿਆ ਹੈ। ਐੱਨਓਸੀ ਮਿਲਣ ਤੋਂ ਤੁਰੰਤ ਬਾਅਦ ਵਰਕਸ਼ਾਪ ਵਾਲੀ ਥਾਂ ਤੇ ਕੰਮ ਸ਼ੁਰੂ ਹੋ ਜਾਏਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਕਾਰਪੋਰੇਸ਼ਨ ਜੁਲਾਈ ਤੋਂ ਬਾਅਦ ਕਿਸੇ ਸਮੇਂ ਕੇਂਦਰ ਸਰਕਾਰ ਨੂੰ ਬੱਸਾਂ ਦੀ ਮੰਗ ਲਈ ਪੱਤਰ ਲਿਖੇਗੀ। ਕੇਂਦਰ ਸਰਕਾਰ ਕੋਲ ਇਸ ਸਮੇਂ ਬੱਸਾਂ ਵਡੀ ਗਿਣਤੀ’ਚ ਮੋਜੂਦ ਹਨ ਅਤੇ ਉਹ ਜਲੰਧਰ ਵਿੱਚ ਬੱਸ ਡਿਪੂ ਅਤੇ ਚਾਰਜਿੰਗ ਸਟੇਸ਼ਨ ਦੇ ਬੁਨਿਆਦੀ ਢਾਂਚੇ ਦੇ ਮੁਕੰਮਲ ਹੋਣ ਦੀ ਉਡੀਕ ਕਰ ਰਹੀ ਹੈ। ਕਈ ਸਾਲਾਂ ਤੋਂ ਸਿਟੀ ਬੱਸ ਸੇਵਾ ਬੰਦ ਹੋਣ ਕਾਰਨ,ਲੋਕ ਆਪਣੀਆਂ ਆਵਾਜਾਈ ਦੀਆਂ ਜ਼ਰੂਰਤਾਂ ਲਈ ਆਟੋ-ਰਿਕਸ਼ਾ, ਈ-ਰਿਕਸ਼ਾ ਅਤੇ ਨਿੱਜੀ ਵਾਹਨਾਂ ਤੇ ਨਿਰਭਰ ਹਨ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਪਹਿਲਕਦਮੀ ਤਹਿਤ, ਜਲੰਧਰ ਨੂੰ 97 ਇਲੈਕਟ੍ਰਿਕ ਬੱਸਾਂ ਮਿਲਣਗੀਆਂ। ਇਹ ਬੱਸਾਂ ਪ੍ਰਦੂਸ਼ਣ ਘਟਾਉਣ ਤੇ ਸ਼ਹਿਰ ਅੰਦਰ ਸਮੁੱਚੀ ਸਸਤੀ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਜਲੰਧਰ ਲਈ ਪਹਿਲਾਂ ਹੀ ਬਾਰਾਂ ਖਾਸ ਰੂਟ ਨਿਰਧਾਰਤ ਕੀਤੇ ਗਏ ਹਨ ਅਤੇ ਇਨ੍ਹਾਂ ਰੂਟਾਂ ਤੇ 220 ਬੱਸ ਸਟਾਪ ਬਣਾਉਣ ਦੀ ਯੋਜਨਾ ਹੈ। ਸ਼ਹਿਰ ਦੇ ਵੱਖ-ਵੱਖ ਰੂਟਾਂ ਦੀਆਂ ਖਾਸ ਜ਼ਰੂਰਤਾਂ ਦੇ ਆਧਾਰ ਤੇ ਕਾਰਪੋਰੇਸ਼ਨ ਨੇ ਸ਼ੁਰੂ ’ਚ 12-ਮੀਟਰ ਲੰਬਾਈ ਦੀਆਂ 16 ਬੱਸਾਂ ਦੀ ਬੇਨਤੀ ਕੀਤੀ ਸੀ, ਜਿਸ ’ਚ 7-ਮੀਟਰ ਤੇ 9-ਮੀਟਰ ਲੰਬਾਈ ਦੀਆਂ 81 ਬੱਸਾਂ ਸ਼ਾਮਲ ਹੋਣਗੀਆਂ; ਹਾਲਾਂਕਿ, ਕੇਂਦਰ ਸਰਕਾਰ ਨੇ 7-ਮੀਟਰ ਬੱਸਾਂ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ਼ਹਿਰ ਵਿੱਚ 12-ਮੀਟਰ ਅਤੇ 9-ਮੀਟਰ ਬੱਸਾਂ ਚਲੱਣਗੀਆਂ। ਨਗਰ ਨਿਗਮ ਨੇ ਲਗਭਗ 180 ਕਿਲੋਮੀਟਰ ਤੱਕ ਫੈਲੇ ਕੁੱਲ ਰੂਟ ਨੈੱਟਵਰਕ ਵਿੱਚ ਬੱਸ ਸੇਵਾ ਚਲਾਉਣ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਨਿਗਮ ਨੂੰ ਇਹਨਾਂ ਰੂਟਾਂ ਤੇ ਆਟੋ-ਰਿਕਸ਼ਾ ਅਤੇ ਈ-ਰਿਕਸ਼ਾ ਯੂਨੀਅਨਾਂ ਨਾਲ ਤਾਲਮੇਲ ਕਰਨ ਦੀ ਵੀ ਜ਼ਰੂਰਤ ਹੋਏਗੀ, ਕਿਉਂਕਿ ਪਹਿਲਾਂ, ਸਿਟੀ ਬੱਸ ਸੇਵਾ ਦੇ ਸੰਚਾਲਨ ਦੌਰਾਨ, ਆਟੋ-ਰਿਕਸ਼ਾ ਯੂਨੀਅਨਾਂ ਦੇ ਵਿਰੋਧ ਕਾਰਨ ਨਗਰ ਨਿਗਮ ਨੂੰ ਕਈ ਰੂਟਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ। ਈ-ਬੱਸ ਰੂਟ 1. ਬਾਹਰੀ ਰਿੰਗ ਰੋਡ: ਪਠਾਨਕੋਟ ਬਾਈਪਾਸ ਤੋਂ ਹੁਸ਼ਿਆਰਪੁਰ ਬਾਈਪਾਸ, ਪੀਏਪੀ ਅਤੇ ਬੱਸ ਸਟੈਂਡ ਤੱਕ। 2. ਰਿੰਗ ਰੂਟ: ਬੱਸ ਸਟੈਂਡ - ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬਾਬੂ ਜਗਜੀਵਨ ਰਾਮ ਚੌਕ, ਮਿੱਠੂ ਬਸਤੀ, ਜੰਮੂ ਹਸਪਤਾਲ, ਕਪੂਰਥਲਾ ਚੌਕ, ਕਸ਼ਯਪ ਰਿਸ਼ੀ ਚੌਕ, ਸੋਢਲ ਚੌਕ-ਦੋਆਬਾ ਚੌਕ। 3. ਅੰਦਰੂਨੀ ਰਿੰਗ ਰੂਟ: ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਵਿਚਕਾਰ, ਬੀਐਮਸੀ ਚੌਕ, ਮਿਸ਼ਨ ਚੌਕ, ਡਾ. ਅੰਬੇਡਕਰ ਚੌਕ, ਫੁੱਟਬਾਲ ਚੌਕ, ਆਦਰਸ਼ ਨਗਰ ਚੌਕ, ਪਟੇਲ ਚੌਕ, ਅੱਡਾ ਹੁਸ਼ਿਆਰਪੁਰ ਚੌਕ - ਮਦਨ ਫਲੋਰ ਮਿੱਲ ਚੌਕ। 4. ਕਰਤਾਰਪੁਰ ਤੋਂ ਬੱਸ ਸਟੈਂਡ: ਜੰਗ-ਏ-ਆਜ਼ਾਦੀ, ਵਿਧੀਪੁਰ, ਐਨ.ਆਈ.ਟੀ., ਸੇਂਟ ਸੋਲਜਰ ਲਾਅ ਕਾਲਜ, ਵੇਰਕਾ ਮਿਲਕ ਪਲਾਂਟ, ਮਕਸੂਦਾਂ ਬਾਈਪਾਸ, ਪਠਾਨਕੋਟ ਚੌਂਕ, ਕੇ.ਐਮ.ਵੀ., ਦੋਆਬਾ ਚੌਂਕ, ਦੇਵੀ ਤਾਲਾਬ ਮੰਦਿਰ, ਅੱਡਾ ਟਾਂਡਾ ਚੌਂਕ, ਪਟੇਲ ਚੌਂਕ, ਆਦਰਸ਼ ਨਗਰ, ਭਗਤਾ ਚੌਂਕ, ਸ੍ਰ਼਼ੀ ਰਾਮ ਚੌਂਕ, ਬਸਤੀ ਅੱਡਾ ,ਭਗਤ ਸਿੰਘ ਚੌਕ, ਭਗਤ ਨਾਮਦੇਵ ਚੌਕ, ਬੀ.ਐੱਮ.ਸੀ. ਚੌਕ 5. ਬੱਸ ਸਟੈਂਡ ਤੋਂ ਬੀਐੱਮਸੀ ਚੌਕ - ਨਾਮਦੇਵ ਚੌਕ, ਸ੍ਰੀ ਰਾਮ ਚੌਕ, ਬਸਤੀ ਅੱਡਾ, ਐੱਚਐੱਮਵੀ, ਡੇਵੀਏਟ, ਜਨਤਾ ਕਾਲਜ, 6. ਕਿਸ਼ਨਗੜ੍ਹ ਤੋਂ ਬੱਸ ਸਟੈਂਡ: ਬੱਸ ਸਟੈਂਡ/ਰੇਲਵੇ ਸਟੇਸ਼ਨ ਤੋਂ ਕਿਸ਼ਨਗੜ੍ਹ ਦੇ ਬਾਹਰੀ ਹਿੱਸੇ ਤੱਕ, ਪਠਾਨਕੋਟ ਚੌਕ, ਲੰਮਾ ਪਿੰਡ, ਕਿਸ਼ਨਪੁਰਾ, ਅੱਡਾ ਹੁਸ਼ਿਆਰਪੁਰ, ਨਿਊ ਰੇਲਵੇ ਰੋਡ, ਭਗਤ ਸਿੰਘ ਚੌਕ, ਮਦਨ ਫਲੋਰ ਮਿੱਲ, ਅਲਾਸਕਾ ਚੌਕ, ਡੀਸੀ ਦਫਤਰ ਬੀ.ਐਸ. ਦਫ਼ਤਰ, ਖਲਸਾ ਸਕੂਲ ਚੌਂਕ, ਕੋਰਟ ਰੋਡ। 7. ਬੱਸ ਸਟੈਂਡ ਤੋਂ ਜੰਡੂ ਸਿੰਘਾ : ਬੀਐੱਸਐੱਫ ਚੌਕ, ਪੀਏਪੀ, ਰਾਮਾਮੰਡੀ, ਹੁਸ਼ਿਆਰਪੁਰ ਰੋਡ, ਆਈ.ਵੀ.ਵਾਈ ਸਕੂਲ, ਜੰਡੂ ਸਿੰਘਾ। 8. ਬੱਸ ਸਟੈਂਡ ਤੋਂ LPU ਤੱਕ : ਰਾਮਾਮੰਡੀ-ਪਰਾਗਪੁਰ। 9. ਬੱਸ ਸਟੈਂਡ ਤੋਂ ਜਮਸ਼ੇਰ ਤੱਕ : ਪਿਮਸ, ਛੋਟੀ ਬਾਰਾਂਦਰੀ, ਅਰਬਨ ਅਸਟੇਟ ਫੇਜ਼ 1, ਫੇਜ਼ 2,, ਏਜੀਆਈ ਹਾਈਟਸ 1, 2, 3। 10. ਬੱਸ ਸਟੈਂਡ ਤੋਂ ਲਾਂਬੜਾ ਤੱਕ : ਆਈਕੋਨਿਕ ਏਜੀਆਈ ਮਾਰਕੀਟ - ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬੂਟਾ ਪਿੰਡ, ਸਤਿਗੁਰੂ ਕਬੀਰ ਚੌਕ, ਵੰਡਰਲੈਂਡ। 11. ਬੱਸ ਸਟੈਂਡ ਤੋਂ ਸੇਂਟ ਸੋਲਜਰ ਕਾਲਜ ਤੱਕ : ਬੀਐਮਸੀ, ਨਾਮਦੇਵ ਚੌਕ, ਸ੍ਰੀ ਰਾਮ ਚੌਕ, ਭਗਵਾਨ ਵਾਲਮੀਕਿ ਚੌਕ, ਡਾ. ਅੰਬੇਡਕਰ ਚੌਕ, ਗੁਰੂ ਰਵਿਦਾਸ ਚੌਕ, ਵੀਰ ਬਾਰਾਂਦਰੀ ਚੌਕ, ਬਾਬੂ ਜਗਜੀਵਨ ਰਾਮ ਚੌਕ। 12. ਰਾਮਾਮੰਡੀ ਤੋਂ ਜਲੰਧਰ ਕੁੰਜ ਤੱਕ: ਸਪੋਰਟਸ ਕੰਪਲੈਕਸ, ਕਪੂਰਥਲਾ ਚੌਕ, ਫੁੱਟਬਾਲ ਚੌਕ, ਮਿਸ਼ਨ ਚੌਕ, ਬੀਐਮਸੀ। -------- ਬੱਸ ਸੇਵਾਵਾਂ ਨਾਲ ਸਬੰਧਤ ਸਹੂਲਤਾਂ - ਲਗਭਗ 220 ਨਵੇਂ ਬੱਸ ਸਟਾਪ ਬਣਾਏ ਜਾਣਗੇ। - ਰੀਅਲ-ਟਾਈਮ ਬੱਸ ਸਥਾਨਾਂ ਲਈ ਜੀਪੀਐੱਸ ਟਰੈਕਿੰਗ ਸਿਸਟਮ। - ਉਪਭੋਗਤਾ ਮੋਬਾਈਲ ਐਪ ਰਾਹੀਂ ਬੱਸ ਸਥਾਨਾਂ ਨੂੰ ਟਰੈਕ ਕਰਨ ਦੇ ਯੋਗ ਹੋਣਗੇ। - ਡਿਜੀਟਲ ਭੁਗਤਾਨ ਤੇ ਸਮਾਰਟ ਟਿਕਟਿੰਗ। - ਨਿਗਰਾਨੀ ਕਮਾਂਡ ਤੇ ਕੰਟਰੋਲ ਸੈਂਟਰ ਤੋਂ ਕੀਤੀ ਜਾਵੇਗੀ।