ਨਸ਼ਿਆਂ ਨੂੰ ਖ਼ਤਮ ਕਰਨ ’ਚ ਸਰਗਰਮ ਰੋਲ ਅਦਾ ਕਰਨ ਨੌਜਵਾਨ : ਸੇਖੋਂ
ਡੀਵਾਈਐੱਫਆਈ ਤੇ ਐੱਸਐੱਫਆਈ ਦੀ ਹੋਈ ਸਾਂਝੀ ਸੂਬਾਈ ਮੀਟਿੰਗ
Publish Date: Sun, 10 May 2026 07:49 PM (IST)
Updated Date: Mon, 11 May 2026 04:12 AM (IST)

- ਪੰਡਿਤ ਕਿਸ਼ੋਰੀ ਲਾਲ ਦੀ ਬਰਸੀ 11 ਜੁਲਾਈ ਨੂੰ ਜਲੰਧਰ ’ਚ ਮਨਾਉਣ ਦਾ ਫੈਸਲਾ - ਡੀਵਾਈਐੱਫਆਈ ਤੇ ਐੱਸਐੱਫਆਈ ਦੀ ਹੋਈ ਸਾਂਝੀ ਸੂਬਾਈ ਮੀਟਿੰਗ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਜਥੇਬੰਦੀ ਦੇ ਦਫ਼ਤਰ ਇੱਥੇ ਜਨਵਾਦੀ ਨੌਜਵਾਨ ਸਭਾ (ਡੀਵਾਈਐੱਫਆਈ) ਤੇ ਸਟੂਡੈਂਟਸ ਫੈੱਡਰੇਸ਼ਨ ਆਫ਼ ਇੰਡੀਆ (ਐੱਸਐੱਫਆਈ) ਦੀ ਸਾਂਝੀ ਸੂਬਾਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਾਥੀ ਤੇ ਉੱਘੇ ਦੇਸ਼ ਭਗਤ ਮਰਹੂਮ ਪੰਡਿਤ ਕਿਸ਼ੋਰੀ ਲਾਲ ਜੀ ਦੀ 37ਵੀਂ ਬਰਸੀ 11 ਜੁਲਾਈ ਨੂੰ ਜਲੰਧਰ ਵਿਖੇ ਨੌਜਵਾਨਾਂ-ਵਿਦਿਆਰਥੀਆਂ ਦਾ ਪ੍ਰਭਾਵਸ਼ਾਲੀ ਇਕੱਠ ਕਰ ਕੇ ਮਨਾਈ ਜਾਵੇਗੀ, ਜਿਸ ’ਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ’ਚ ਵਿਦਿਆਰਥੀ ਸ਼ਾਮਲ ਹੋਣਗੇ। ਡੀ.ਵਾਈ.ਐੱਫ.ਆਈ. ਤੇ ਐੱਸ.ਐੱਫ.ਆਈ. ਦੀ ਮੀਟਿੰਗ ਦੀ ਪ੍ਰਧਾਨਗੀ ਸਾਥੀ ਸੁਖਦੀਪ ਸਿੰਘ ਗਰੇਵਾਲ ਅਤੇ ਸਾਥੀ ਅਨੀਸ਼ਾ ਮਲੇਰਕੋਟਲਾ ਨੇ ਕੀਤੀ। ਮੀਟਿੰਗ ਵਿੱਚ ਪੰਜਾਬ ਦੀ ਖੱਬੀ ਲਹਿਰ ਦੇ ਸੀਨੀਅਰ ਆਗੂ ਅਤੇ ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਸੇਖੋਂ, ਵਿਦਿਆਰਥੀ ਜਥੇਬੰਦੀ ਐਸ.ਐਸ.ਆਈ. ਦੇ ਰਾਸ਼ਟਰੀ ਜੁਆਇੰਟ ਸਕੱਤਰ ਸਾਥੀ ਅਨਿਲ ਠਾਕੁਰ, ਕੇਂਦਰੀ ਕਮੇਟੀ ਮੈਂਬਰ ਸਾਥੀ ਸ਼ਿਲਪਾ ਅਤੇ ਐਸ.ਐਫ.ਆਈ. ਪੰਜਾਬ ਦੇ ਸਾਬਕਾ ਸੂਬਾ ਜਨਰਲ ਸਕੱਤਰ ਸਾਥੀ ਸਵਰਨਜੀਤ ਸਿੰਘ ਦਲਿਓ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਜਨਵਾਦੀ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਕਿਹਾ ਕਿ ਪੰਡਿਤ ਕਿਸ਼ੋਰੀ ਲਾਲ ਵਰਗੇ ਦੇਸ਼ ਭਗਤਾਂ ਨੇ ਅੰਤਿਮ ਸਾਹਾਂ ਤੱਕ ਦੇਸ਼ ਵਿੱਚ ਕਿਰਤੀਆਂ ਦਾ ਲੁੱਟ-ਖਸੁੱਟ ਰਹਿਤ ਰਾਜ-ਭਾਗ ਸਥਾਪਤ ਕਰਨ ਲਈ ਜੂਝਦੇ ਰਹੇ ਹਨ ਅਤੇ ਉਨ੍ਹਾਂ ਕਿਰਤੀ ਕਿਸਾਨਾਂ ਦੀ ਲਹਿਰ ਦੀ ਰਾਖੀ ਲਈ ਸਾਮਰਾਜ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਡੱਟ ਕੇ ਲੜਾਈ ਲੜੀ ਹੈ। ਸਾਥੀ ਸੇਖੋਂ ਨੇ ਕਿਹਾ ਕਿ ਅੱਜ ਵੀ ਇਸ ਲੜਾਈ ਦਾ ਮਹੱਤਵ ਓਨਾ ਹੀ ਸਾਰਥਿਕ ਹੈ ਅਤੇ ਨੌਜਵਾਨਾਂ ਨੂੰ ਇਸ ਜਦੋਜਹਿਦ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਸਭ ਲਈ ਸਿੱਖਿਆ ਅਤੇ ਰੁਜ਼ਗਾਰ ਨੂੰ ਹਰ ਇੱਕ ਨੌਜਵਾਨ ਤੱਕ ਪਹੁੰਚਾਉਣ ਅਤੇ ਨਸ਼ਿਆਂ ਵਿਰੁੱਧ ਲੜਾਈ ਤੇਜ਼ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਐੱਸ.ਐੱਫ.ਆਈ. ਦੇ ਰਾਸ਼ਟਰੀ ਆਗੂ ਸਾਥੀ ਅਨਿਲ ਠਾਕੁਰ ਨੇ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਤੇ ਨੌਜਵਾਨਾਂ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਜਿੱਕਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਸਿੱਖਿਆ ਦਾ ਤੇਜ਼ੀ ਨਾਲ ਨਿੱਜੀਕਰਨ ਅਤੇ ਵਪਾਰੀਕਰਨ ਕਰ ਰਹੀ ਹੈ। ਇਸ ਦੇ ਨਾਲ ਹੀ ਸਿੱਖਿਆ ਦਾ ਭਗਵਾਂਕਰਨ ਕਰਕੇ ਫ਼ਿਰਕੂ ਜ਼ਹਿਰ ਭਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸ.ਐਫ.ਆਈ. ਦੇ ਨਾਅਰੇ ਪੜੋ ਅਤੇ ਸੰਘਰਸ਼ ਕਰੋ ਤਹਿਤ ਹੀ ਮੌਜੂਦਾ ਹਾਲਤਾਂ ਵਿੱਚ ਸਿੱਖਿਆ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਤੇ ਵਿਦਿਆਰਥੀ ਜਥੇਬੰਦੀ ਐੱਸ.ਐੱਫ.ਆਈ. ਦੇ ਸਾਬਕਾ ਸੂਬਾਈ ਆਗੂ ਸਾਥੀ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਪੰਜਾਬ ਦੇ ਸੰਦਰਭ ਵਿੱਚ ਐਸ. ਐਫ.ਆਈ਼. ਦੀ ਅਗਵਾਈ ਵਿੱਚ ਰਿਆਇਤੀ ਬੱਸ ਪਾਸ ਦੀ ਸਹੂਲਤ, ਮੋਗਾ ਦੇ ਰੀਗਲ ਸਿਨੇਮਾ ਘੋਲ, ਐਮਰਜੈਂਸੀ ਵਿਰੁੱਧ ਸੰਘਰਸ਼, ਫੀਸਾਂ ਫੰਡਾਂ ਵਿੱਚ ਵਾਧੇ ਵਿਰੁੱਧ ਸੰਘਰਸ਼ਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਪੰਜਾਬ ਦੇ ਗੌਰਵਮਈ ਵਿਰਸੇ ਕਾਇਮ ਰੱਖਣ ਲਈ ਨੌਜਵਾਨ-ਵਿਦਿਆਰਥੀ ਲਹਿਰ ਨੂੰ ਤਕੜਾ ਕਰਨ ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਡੀ.ਵਾਈ.ਐੱਫ.ਆਈ. ਦੇ ਸੂਬਾਈ ਜਨਰਲ ਸਕੱਤਰ ਸਾਥੀ ਸੁਖਦੀਪ ਸਿੰਘ ਗਰੇਵਾਲ ਅਤੇ ਐਸ.ਐਫ.ਆਈ.ਦੇ ਸੂਬਾਈ ਜਨਰਲ ਸਕੱਤਰ ਸਾਥੀ ਜੀਵਨ ਸਿੰਘ ਸੋਹਲ ਨੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ ਅਤੇ ਨੌਜਵਾਨਾਂ-ਵਿਦਿਆਰਥੀਆਂ ਦੇ ਮੰਗਾਂ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਨਸ਼ੇ, ਗੁੰਡਾਗਰਦੀ, ਗੈਂਗਸਟਰਵਾਦ, ਕਤਲ, ਫ਼ਿਰੌਤੀਆਂ ਆਦਿ ਦਾ ਸਿਲਸਿਲਾ ਜਿਉਂ ਦੀ ਤਿਉਂ ਜਾਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੋਵੇਂ ਜਥੇਬੰਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨਗੀਆਂ। ਮੀਟਿੰਗ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਬਲਜੀਤ ਸਿੰਘ ਗਰੇਵਾਲ , ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਅਤੇ ਜਨਵਾਦੀ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਡਾਕਟਰ ਗੁਰਵਿੰਦਰ ਸਿੰਘ, ਡੀ.ਵਾਈ.ਐਫ.ਆਈ. ਦੇ ਸੂਬਾ ਖਜ਼ਾਨਚੀ ਸੋਨੂੰ ਕੁਮਾਰ ਗੁਪਤਾ, ਅਸ਼ਵਨੀ ਕੁਮਾਰ ਬਠਿੰਡਾ, ਸੋਨੂੰ ਪਾਸਵਾਨ, ਬਲਜੀਤ ਸਿੰਘ, ਅਵਤਾਰ ਸਿੰਘ, ਸੰਦੀਪ ਸਿੰਘ ਬੀਰੋਕੇ ਮਾਨਸਾ, ਜਸ਼ਨਦੀਪ ਬਜਾਜ, ਮੁਹੰਮਦ ਰਮੀਨ, ਨਿਤੇਸ਼ ਚੰਡੀਗੜ੍ਹ, ਆਲਿਮਾ ਚੱਕਰਵਰਤੀ, ਅੰਜਨਾ ਵੀ., ਅਦਿੱਤ ਵੀ.ਐਸ., ਕੈਲਾਸ਼ ਚੰਡੀਗੜ੍ਹ, ਕੇ.ਪਾਂਡੂਰੰਗ, ਰੇਜਵਾਨ ਪੀ.ਆਰ., ਇਨਸਾਫ਼ ਰਹਿਮਾਨ ਬਠਿੰਡਾ ਸਮੇਤ ਪੰਜਾਬ ਦੇ ਹੋਰ ਆਗੂ ਹਾਜ਼ਰ ਸਨ।