ਜਨਗਣਨਾ ਦੀ ਡਿਊਟੀ ਨਾ ਕਰਨ ਵਾਲੇ 6 ਟੀਚਰਾਂ ਦੀ ਤਨਖਾਹ ਕੱਟੀ ਜਾਏ : ਡੋਗਰਾ
ਜਨਗਣਨਾ ਦੀ ਡਿਊਟੀ ਨਾ ਕਰਨ ਵਾਲਿਆਂ ਟੀਚਰਾਂ ਦੀ ਤਨਖਾਹ ਕੱਟੀ ਜਾਏ, ਡੋਗਰਾ
Publish Date: Tue, 19 May 2026 08:07 PM (IST)
Updated Date: Wed, 20 May 2026 04:10 AM (IST)

03 ਹਲਕਾ ਇੰਚਾਰਜ ਨੇ ਲਿਖਿਆ ਡੀਈਓ ਨੂੰ ਪੱਤਰ ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ ਜਨਗਣਨਾ ਲਈ ਡਿਊਟੀ ਨਾ ਕਰਨ ਵਾਲੇ 6 ਟੀਚਰਾਂ ਦੀਆਂ ਤਨਖਾਹਾਂ ਕੱਟੀਆਂ ਜਾਣ। ਇਸ ਸੰਬਧ ’ਚ ਨਗਰ ਨਿਗਮ ਦੇ ਐੱਸਈ ਤੇ ਜਨਗਣਨਾ ਹਲਕਾ ਨੰਬਰ 03 ਦੇ ਇੰਚਾਰਜ ਰਜਨੀਸ਼ ਡੋਗਰਾ ਨੇ ਇਸ ਸਬੰਧ ’ਚ ਸਿੱਖਿਆ ਵਿਭਾਗ ਦੇ ਡੀਈਓ\ਡਿਸਟ੍ਰਿਕ ਐਜੂਕੇਸ਼ਨ ਅਫਸਰ ਨੂੰ ਪੱਤਰ ਲਿਖਿਆ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਹੈ ਕਿ ਜਿਹੜੀਆਂ ਟੀਚਰਾਂ ਜਨਗਣਨਾ ਦੀ ਡਿਊਟੀ ਲੈਣ ਤੋਂ ਇਨਕਾਰ ਕਰ ਰਹੀਆਂ ਹਨ ਜਾਂ ਫਿਰ ਡਿਊਟੀ ’ਤੇ ਨਹੀਂ ਜਾ ਰਹੀਆਂ ਹਨ, ਉਨ੍ਹਾਂ ਦੀਆਂ ਤਨਖਾਹਾਂ ਕੱਟਣ ਦੀ ਸ਼ਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਪੱਤਰ ’ਚ ਲਿਖਿਆ ਹੈ ਕਿ ਵਧੇਰੇ ਟੀਚਰ ਡਿਊਟੀ ’ਤੇ ਜਾਣ ਦੀ ਥਾਂ ਡਿਊਟੀ ਕਟਾਉਣ ਲਈ ਵੱਖ-ਵੱਖ ਸਿਆਸੀ ਆਗੂਆਂ ਦੀਆਂ ਸਿਫਾਰ਼ਸਾਂ ਪੁਆ ਰਹੀਆਂ ਹਨ, ਜਦੋਂਕਿ ਸਟਾਫ ਤਾਂ ਪਹਿਲਾਂ ਹੀ ਘੱਟ ਚਲ ਰਿਹਾ ਹੈ ਤੇ ਸਰਕਾਰੀ ਕੰਮ ਹੈ ਤੇ ਇਹ ਕੰਮ ਸਰਕਾਰੀ ਕਰਮਚਾਰੀਆਂ ਨੇ ਹੀ ਕਰਨਾ ਹੈ, ਜਿਸ ਨੂੰ ਉਹ ਇਨਕਾਰ ਨਹੀਂ ਕਰ ਸਕਦੇ। ਉੁਨ੍ਹਾਂ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਜਿਹੜੀ ਵੀ ਕਿਸੇ ਦੀ ਕਿਤੇ ਵੀ ਡਿਊਟੀ ਲੱਗਦੀ ਹੈ, ਉਸ ਨੂੰ ਉਥੇ ਜਾਣਾ ਹੀ ਚਾਹੀਦਾ ਹੈ। ਇਹ ਵਰਨਣਯੋਗ ਹੈ ਕਿ ਇਸ ਸਬੰਧ ’ਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਪਹਿਲਾਂ ਹੀ ਚਿਤਾਵਨੀ ਦੇ ਰੱਖੀ ਹੈ ਕਿ ਜਿਹੜਾ ਵੀ ਸਰਕਾਰੀ ਕਰਮਚਾਰੀ ਜਨਗਣਨਾ ਦੀ ਡਿਊਟੀ ਨਹੀਂ ਕਰਨਗੇ, ਉਨ੍ਹਾਂ ਖਿਲਾਫ ਐੱਫਆਈਆਰ ਦਰਜ ਕਰਵਾਈ ਜਾਵੇਗੀ। ਇਹ ਜਿ਼ਕਰਯੋਗ ਹੈ ਕਿ ਹਲਕਾ 03 ’ਚ 445 ਟੀਚਰ ਤੇ 75 ਸੁਪਰਵਾਈਜ਼ਰ ਹਨ, ਜਿਨ੍ਹਾਂ ’ਚ ਅਜੇ ਤਕ ਕਈਆਂ ਨੇ ਤਾਂ ਜਨਗਣਨਾ ਸਬੰਧੀ ਕਿੱਟਾਂ ਵੀ ਨਹੀਂ ਲਈਆਂ ਹਨ ਤੇ ਉਹ ਇਸ ਆਸ’ਤੇ ਬੈਠੇ ਹਂ ਕਿ ਉਨ੍ਹਾਂ ਦੀਆ ਡਿਊਟੀਆਂ ਕੱਟੀਆਂ ਜਾਣਗੀਆਂ।