ਪੱਛਮੀ ਗੜਬੜੀ ਕਾਰਨ ਰੱਜ ਕੇ ਵਰ੍ਹ ਰਿਹੈ ਪੋਸਟ ਮੌਨਸੂਨ, ਅੱਜ ਵੀ ਮੀਂਹ ਦਾ ਅਲਰਟ
ਪੱਛਮੀ ਗੜਬੜੀ ਕਾਰਨ ਪੋਸਟ ਮਾਨਸੂਨ ਵੀ ਖੂਬ ਬਰਸ ਰਿਹਾ, ਅੱਜ ਵੀ ਮੀਂਹ ਦਾ ਅਲਰਟ
Publish Date: Mon, 06 Oct 2025 10:31 PM (IST)
Updated Date: Mon, 06 Oct 2025 10:34 PM (IST)

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਮੌਸਮ ਵਿਭਾਗ ਦੇ ਅਨੁਸਾਰ ਭਾਵੇਂ ਮਾਨਸੂਨ ਮੁੜ ਚੁੱਕਾ ਹੈ, ਪਰ ਪੋਸਟ-ਮਾਨਸੂਨ ਮੌਸਮ ਵੀ ਪੂਰੀ ਤਰ੍ਹਾਂ ਸਰਗਰਮ ਹੈ। ਸੋਮਵਾਰ ਤੜਕੇ ਇਕ ਵਜੇ ਤੋਂ ਸ਼ੁਰੂ ਹੋਇਆ ਮੀਂਹ ਰੁਕ-ਰੁਕ ਕੇ ਦੁਪਹਿਰ ਤੱਕ ਹੁੰਦੀ ਰਹੀ। ਇਸ ਮੀਂਹ ਨਾਲ ਨਾਲ ਪਹਾੜਾਂ ’ਚ ਅਕਤੂਬਰ ਮਹੀਨੇ ਦੌਰਾਨ ਹੋ ਰਹੀ ਬਰਫਬਾਰੀ ਕਾਰਨ ਪੂਰੇ ਦਿਨ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ, ਜਿਸ ਨਾਲ ਠੰਢ ਦਾ ਅਹਿਸਾਸ ਕਾਫੀ ਵੱਧ ਗਿਆ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ ਤੇ ਮੰਗਲਵਾਰ ਲਈ ਵੀ ਅਲਰਟ ਜਾਰੀ ਹੈ। ਇਹ ਮੀਂਹ ਪੱਛਮੀ ਗੜਬੜੀ ਕਾਰਨ ਅਸਧਾਰਣ ਤਰੀਕੇ ਨਾਲ ਸਰਗਰਮ ਹੋਣ ਕਾਰਨ ਹੋ ਰਹੀ ਹੈ, ਜਿਹੜਾ ਆਮ ਤੌਰ ’ਤੇ ਅਕਤੂਬਰ ਦੇ ਅੱਧ ਤੋਂ ਅਖੀਰ ਤੱਕ ਹੀ ਸਰਗਰਮ ਹੁੰਦਾ ਸੀ। ਮੌਸਮ ਵਿਗਿਆਨੀਆਂ ਅਨੁਸਾਰ ਮੌਸਮ ’ਚ ਆ ਰਹੇ ਅਚਾਨਕ ਬਦਲਾਅ ਕਾਰਨ ਹੁਣ ਠੰਢ ਨੇ ਵੀ ਦਸਤਕ ਦੇ ਦਿੱਤੀ ਹੈ। ਪਹਾੜੀ ਇਲਾਕਿਆਂ ’ਚ ਬਰਫਬਾਰੀ ਕਾਰਨ ਪਾਰਾ ਜ਼ੀਰੋ ਜਾਂ ਉਸ ਤੋਂ ਹੇਠਾਂ ਜਾ ਪੁੱਜਾ ਹੈ, ਜਿਸ ਨਾਲ ਮੈਦਾਨੀ ਖੇਤਰਾਂ ’ਚ ਹਵਾਵਾਂ ਤੇ ਮੀਂਹ ਨਾਲ ਸਿਸਟਮ ਵਿਗੜ ਗਿਆ ਹੈ। ਦੂਜੇ ਪਾਸੇ, ਖੇਤਾਂ ’ਚ ਫਸਲਾਂ ਖੜ੍ਹੀਆਂ ਹਨ ਪਰ ਇਕ ਦਿਨ ਪਹਿਲਾਂ ਚੱਲੀਆਂ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਫਸਲਾਂ ਵਿਛ ਗਈਆਂ ਹਨ। ਜੇ ਮੀਂਹ ਇਸ ਤਰ੍ਹਾਂ ਹੀ ਜਾਰੀ ਰਿਹਾ ਤੇ ਖੇਤਾਂ ’ਚ ਪਾਣੀ ਭਰ ਜਾਂਦਾ ਹੈ ਤਾਂ ਫਸਲਾਂ ਨੂੰ ਨੁਕਸਾਨ ਹੋਣ ਦਾ ਖਤਰਾ ਹੈ। --- 3.5 ਐੱਮਐੱਮ ਘਟਿਆ 5.4 ਡਿਗਰੀ ਸੈਲਸੀਅਸ ਤਾਪਮਾਨ ਮੌਸਮ ਵਿਭਾਗ ਨੇ ਸੋਮਵਾਰ ਨੂੰ 3.5 ਐੱਮਐੱਮ ਬਾਰਿਸ਼ ਰਿਕਾਰਡ ਦਰਜ ਕੀਤੀ ਗਈ। ਇਸ ਦੇ ਨਤੀਜੇ ਵਜੋਂ 24 ਘੰਟਿਆਂ ਦੇ ਅੰਦਰ ਤਾਪਮਾਨ ’ਚ 5.4 ਡਿਗਰੀ ਦੀ ਗਿਰਾਵਟ ਆਈ ਹੈ। ਪਿਛਲੇ 48 ਘੰਟਿਆਂ ’ਚ 7.4 ਡਿਗਰੀ ਦੀ ਗਿਰਾਵਟ ਆਈ ਹੈ। ਸੋਮਵਾਰ ਨੂੰ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 23.6 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ। ਇਸ ਤੋਂ ਪਹਿਲਾਂ, ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਸੀ ਤੇ ਸ਼ਨਿਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਨੇ ਮੀਂਹ ਦੀ ਸੰਭਾਵਨਾ ਕਾਰਨ ਮੰਗਲਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਜੇ ਲਗਾਤਾਰ ਤੀਜੇ ਦਿਨ ਮੀਂਹ ਪੈਂਦਾ ਹੈ ਤਾਂ ਤਾਪਮਾਨ ’ਚ ਕਾਫ਼ੀ ਗਿਰਾਵਟ ਆ ਸਕਦੀ ਹੈ। --- ਬਾਰਿਸ਼ ਨਾਲ ਧੋਤੇ ਗਏ ਧੂੜ ਭਰੇ ਕਣ, ਦਿਨ ਭਰ ਚੱਲਦੀ ਰਹੀ ਸ਼ੁੱਧ ਹਵਾ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਹਵਾ ’ਚ ਫੈਲੇ ਧੂੜ ਦੇ ਕਣ ਧੋਤੇ ਗਏ ਹਨ। ਇਸ ਕਰ ਕੇ ਸੋਮਵਾਰ ਨੂੰ ਦਿਨ ਭਰ ਸਭ ਤੋਂ ਸ਼ੁੱਧ ਹਵਾ ਚੱਲਦੀ ਰਹੀ। ਮੌਸਮ ਵਿਭਾਗ ਦੇ ਰਿਕਾਰਡ ਅਨੁਸਾਰ ਜੇ ਏਕਿਊਆਈ 50 ਤੋਂ ਘੱਟ ਹੋਵੇ ਤਾਂ ਉਸਨੂੰ ਸਭ ਤੋਂ ਸ਼ੁੱਧ ਏਅਰ ਕੁਆਲਿਟੀ ਇੰਡੈਕਸ ’ਚ ਗਿਣਿਆ ਜਾਂਦਾ ਹੈ। ਗੱਲ ਕਰੀਏ ਏਕਿਊਆਈ ਦੀ ਤਾਂ ਵੱਧ ਤੋਂ ਵੱਧ 47, ਘੱਟ ਤੋਂ ਘੱਟ 29 ਤੇ ਦਿਨ ਭਰ ਦੀ ਬਦਲਦੀ ਹਵਾ ਦੀ ਸਥਿਤੀ ਅਨੁਸਾਰ ਔਸਤ 38 ਏਕਿਊਆਈ ਦਰਜ ਕੀਤਾ ਗਿਆ ਹੈ। --- ਮੌਸਮ ’ਚ ਬਦਲਾਅ ਹੋਣ ਕਾਰਨ ਲੋਕਾਂ ਨੂੰ ਸਿਹਤ ਦਾ ਖ਼ਿਆਲ ਰੱਖਣਾ ਲਾਜ਼ਮੀ ਹੋਵੇਗਾ। ਤਾਪਮਾਨ ’ਚ ਕਮੀ ਆਉਣ ਨਾਲ ਜ਼ੁਕਾਮ, ਨਿਮੋਨੀਆ ਤੇ ਫ਼ਲੂ ਇੰਫੈਕਸ਼ਨ ਦੇ ਮਰੀਜ਼ ਵਧ ਜਾਂਦੇ ਹਨ। ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋ ਜਾਂਦੀ ਹੈ। ਹਾਲਾਂਕਿ ਡੇਂਗੂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਿਵਲ ਹਸਪਤਾਲ ਦੀ ਓਪੀਡੀ ਦੀ ਗੱਲ ਕਰੀਏ ਤਾਂ ਵਾਇਰਲ ਫ਼ੀਵਰ ਨਾਲ ਨਾਲ ਡਾਇਰੀਆ ਦੇ ਮਰੀਜ਼ ਵੀ ਪੁੱਜ ਰਹੇ ਹਨ। ਜਿਵੇਂ ਜਿਵੇਂ ਠੰਢ ਵਧੇਗੀ, ਜ਼ੁਕਾਮ ਤੇ ਨਿਊਮੋਨੀਆ ਦੇ ਮਾਮਲੇ ਲੋਕਾਂ ’ਚ ਦੇਖਣ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਇਨ੍ਹਾਂ ਮਰੀਜ਼ਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਜਾਏਗੀ। ਡੇਂਗੂ ਸਰਗਰਮ ਰਹੇਗਾ। ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਕਿਹਾ ਕਿ ਤਾਪਮਾਨ ਘਟਣ ਨਾਲ ਹੀ ਜ਼ੁਕਾਮ, ਨਿਊਮੋਨੀਆ ਤੇ ਫ਼ਲੂ ਦੀ ਲਪੇਟ ’ਚ ਮਰੀਜ਼ ਆਉਣੇ ਸ਼ੁਰੂ ਹੋ ਜਾਂਦੇ ਹਨ। ਸਾਵਧਾਨੀ ਨਾਲ ਰਹਿਣ ਨਾਲ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਵੇਲੇ ਲੋਕ ਵਾਇਰਲ ਫ਼ੀਵਰ ਨਾਲ ਪੀੜਤ ਹੋ ਰਹੇ ਹਨ। --- ਬਰਸਾਤ ਕਾਰਨ ਦੋ ਦਿਨ ਨਹੀਂ ਹੋ ਸਕਿਆ ਅਰਬਨ ਐਸਟੇਟ ਫਾਟਕ ਦਾ ਕੰਮ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਅਰਬਨ ਐਸਟੇਟ ਫਾਟਕ ਨੂੰ ਦੁਬਾਰਾ ਚਾਲੂ ਕਰਨ ਦਾ ਕੰਮ ਅੱਗੇ ਨਹੀਂ ਵਧ ਸਕਿਆ। ਬਾਰਿਸ਼ ਦੀ ਵਜ੍ਹਾ ਨਾਲ ਇਸ ਨੂੰ ਚਾਲੂ ਕਰਨ ਵਿੱਚ ਹੋਰ ਦੇਰੀ ਹੋ ਸਕਦੀ ਹੈ। ਹਾਲਾਂਕਿ ਮੰਗਲਵਾਰ ਨੂੰ ਵੀ ਮੀਂਹ ਦੇ ਆਸਾਰ ਦੱਸੇ ਗਏ ਹਨ, ਜਿਸ ਕਰ ਕੇ ਕੰਮ ਬੁੱਧਵਾਰ ਤੱਕ ਟਲ ਸਕਦਾ ਹੈ। ਹੁਣ ਇਹ ਹਾਲਾਤ ਤੇ ਨਿਰਭਰ ਕਰੇਗਾ ਕਿ ਕੀ ਸਥਿਤੀ ਰਹਿੰਦੀ ਹੈ। ਫਿਲਹਾਲ ਉਦੋਂ ਤੱਕ ਫਾਟਕ ਬੰਦ ਹੀ ਰਹੇਗਾ। ਜੇ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਫਾਟਕ ਨੂੰ ਠੀਕ ਕਰਨ ਲਈ ਟਰੈਕ ਨੂੰ ਸਹੀ ਕਰ ਦਿੱਤਾ ਗਿਆ ਹੈ ਤੇ ਇਸ ’ਤੇ ਇੰਟਰਲਾਕਿੰਗ ਟਾਇਲਾਂ ਲਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਫਿਲਹਾਲ ਮੀਂਹ ਹੋਣ ਕਰਕੇ ਇਹ ਰੁਕਾਵਟ ਆਈ ਹੈ। ਇਸ ਤੋਂ ਇਲਾਵਾ, ਫਾਟਕ ਦੇ ਦੋਵੇਂ ਪਾਸਿਆਂ ਸੜਕ ਨੂੰ ਖੋਦ ਕੇ ਡਿਚ ਦੀ ਮਦਦ ਨਾਲ ਖੱਡਾ ਬਣਾ ਦਿੱਤਾ ਗਿਆ ਸੀ। ਇਸ ਤੇ ਰੇਲਵੇ ਵੱਲੋਂ ਮਿੱਟੀ ਤੇ ਰੋੜੀ ਪਾ ਕੇ ਸਥਿਤੀ ਆਮ ਤਾਂ ਕਰ ਦਿੱਤੀ ਗਈ ਹੈ ਤੇ ਮਿੱਟੀ ਨੂੰ ਪਾਣੀ ਪਾ ਕੇ ਬਿਠਾ ਵੀ ਦਿੱਤਾ ਗਿਆ ਹੈ ਪਰ ਸੜਕ ਹਾਲੇ ਤਿਆਰ ਨਹੀਂ ਹੋ ਸਕੀ। ਇਸ ਤੋਂ ਇਲਾਵਾ ਅਜੇ ਬਿਜਲੀ ਦਾ ਕੁਨੈਕਸ਼ਨ ਤੇ ਫਾਟਕ ਦੇ ਪੁਲ਼ਾਂ ਨੂੰ ਜੋੜਨ ਦਾ ਕੰਮ ਵੀ ਬਾਕੀ ਹੈ। ਇਹ ਸਾਰੇ ਕੰਮ ਪੂਰੇ ਹੋਣ ਤੋਂ ਬਾਅਦ ਹੀ ਫਾਟਕ ਖੋਲ੍ਹਿਆ ਜਾ ਸਕੇਗਾ। --- ਨਕੋਦਰ ਰੇਲ ਲਾਈਨ ’ਤੇ ਪੈਂਦਾ ਹੈ ਇਹ ਫਾਟਕ ਰੇਲਵੇ ਵੱਲੋਂ ਨਕੋਦਰ ਰੇਲ ਲਾਈਨ ’ਤੇ ਪੈਂਦੇ ਅਰਬਨ ਐਸਟੇਟ ਦੇ ਫਾਟਕ ਨੂੰ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਜੋ ਪਿਛਲੇ ਸਾਢੇ ਪੰਜ ਮਹੀਨੇ ਤੋਂ ਬੰਦ ਸੀ ਤੇ ਇਸ ਕਰਕੇ ਕਰੀਬ 15 ਕਾਲੋਨੀਆਂ ਦੇ ਲੋਕਾਂ, ਪੰਜ ਸਕੂਲਾਂ ਤੇ ਚਾਰ ਹਸਪਤਾਲਾਂ ’ਚ ਆਉਣ ਜਾਣ ਵਾਲਿਆਂ ਦੇ ਨਾਲ-ਨਾਲ ਸ਼ਮਸ਼ਾਨ ’ਚ ਦੇਹ ਸੰਸਕਾਰ ਕਰਨ ਤੱਕ ਦੀਆਂ ਸਮੱਸਿਆਵਾਂ ਪੈਣ ਲੱਗ ਪਈਆਂ ਸਨ, ਕਿਉਂਕਿ ਉਨ੍ਹਾਂ ਲਈ ਇਹੋ ਇਕੋ ਰਸਤਾ ਸੀ। ਇਸ ਕਾਰਨ ਸਥਾਨਕ ਲੋਕਾਂ ਵੱਲੋਂ ਕਈ ਵਾਰ ਪ੍ਰਦਰਸ਼ਨ ਕੀਤੇ ਗਏ ਤੇ ਪੰਜਾਬੀ ਜਾਗਰਣ ਵੱਲੋਂ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਗਿਆ ਤੇ ਫਾਟਕਾਂ ਦੇ ਬੰਦ ਹੋਣ ਦੀ ਖ਼ਬਰ ਵੀ ਸਭ ਤੋਂ ਪਹਿਲਾਂ ਦਿੱਤੀ ਗਈ ਸੀ। ਲੋਕਾਂ ਦੇ ਹੱਕ ’ਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਅੱਗੇ ਆਏ ਤੇ ਉਨ੍ਹਾਂ ਨੇ ਇਹ ਮੁੱਦਾ ਕੇਂਦਰੀ ਰੇਲ ਮੰਤਰੀ ਅੱਗੇ ਰੱਖਿਆ। ਦੱਸ ਦਿਨ ਪਹਿਲਾਂ ਹੀ ਅਰਬਨ ਐਸਟੇਟ ਦੇ ਫਾਟਕ ਨੂੰ ਖੋਲ੍ਹਣ ਦੇ ਹੁਕਮ ਆ ਗਏ ਸਨ।