30, 32 ਜਾਸ, ਜਲੰਧਰ :

30, 32
ਜਾਸ, ਜਲੰਧਰ : ਪਾਰਾ 43 ਡਿਗਰੀ ਸੈਲਸੀਅਸ ਤੋਂ ਉੱਪਰ ਚਲੇ ਜਾਣ ਕਾਰਨ ਸ਼ਹਿਰ ’ਚ ਹੀਟ ਸਟ੍ਰੈੱਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਖਾਸ ਕਰ ਕੇ ਏਸੀ ਦੇ ਠੰਡੇ ਮਾਹੌਲ ਤੋਂ ਵਾਰ-ਵਾਰ ਤਿੱਖੀ ਧੁੱਪ ’ਚ ਨਿਕਲਣ ਨਾਲ ਸਰੀਰ ਦਾ ਤਾਪਮਾਨ ਅਚਾਨਕ ਬਦਲ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ 'ਤੇ ਪੈ ਰਿਹਾ ਹੈ।
ਪਿਛਲੇ ਦੋ ਹਫਤਿਆਂ ’ਚ ਡ੍ਰਾਈ ਆਈ ਸਿੰਡਰੋਮ ਦੇ ਮਰੀਜ਼ਾਂ ਦੀ ਗਿਣਤੀ 30 ਫ਼ੀਸਦੀ ਤੱਕ ਵਧ ਗਈ ਹੈ। ਅੱਖਾਂ ’ਚ ਸੁੱਕਾਪਣ, ਜਲਣ, ਖਾਰਸ ਤੇ ਐਲਰਜੀ ਦੀਆਂ ਸ਼ਿਕਾਇਤਾਂ ਆਮ ਹੋ ਗਈਆਂ ਹਨ। ਡਾਕਟਰਾਂ ਅਨੁਸਾਰ, ਏਸੀ ਦੀ ਸੁੱਕੀ ਹਵਾ ਅੱਖਾਂ ’ਚ ਨਮੀ ਬਣਾਈ ਰੱਖਣ ਵਾਲੀ ਹੰਝੂਆਂ ਦੀ ਪਰਤ ਨੂੰ ਸੁੱਕਾ ਦਿੰਦੀ ਹੈ, ਜਿਸ ਨਾਲ ਡ੍ਰਾਈ ਆਈ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਇਸ ਦਾ ਅਸਰ ਸਿਰਫ ਅੱਖਾਂ ਤੱਕ ਸੀਮਿਤ ਨਹੀਂ ਹੈ। ਮਰੀਜ਼ ਸਿਰਦਰਦ, ਚੱਕਰ, ਥਕਾਵਟ, ਗਲੇ ’ਚ ਖਰਾਸ਼, ਸਰਦੀ-ਜ਼ੁਕਾਮ ਤੇ ਮਾਸਪੇਸ਼ੀਆਂ ’ਚ ਜਕੜਨ ਦੀਆਂ ਸ਼ਿਕਾਇਤਾਂ ਲੈ ਕੇ ਹਸਪਤਾਲ ਪੁੱਜ ਰਹੇ ਹਨ। ਸਿਵਲ ਹਸਪਤਾਲ ਤੇ ਨਿੱਜੀ ਕਲੀਨਿਕਾਂ ’ਚ ਪਿਛਲੇ ਇਕ ਹਫਤੇ ’ਚ ਹੀ ਡ੍ਰਾਈ ਆਈ, ਡੀਹਾਈਡ੍ਰੇਸ਼ਨ ਤੇ ਲੂ ਦੇ ਲੱਛਣ ਵਾਲੇ 25 ਤੋਂ 30 ਫ਼ੀਸਦੀ ਮਰੀਜ਼ ਵਧੇ ਹਨ।
---
ਏਸੀ ਵਾਲੇ ਕਮਰੇ ’ਚੋਂ ਬਾਹਰ ਧੁੱਪ ’ਚ ਨਿਕਲਣਾ ਖਤਰਨਾਕ
ਈਐੱਸਆਈ ਹਸਪਤਾਲ ਦੇ ਅੱਖਾਂ ਦੇ ਬਿਮਾਰੀਆਂ ਦੇ ਮਾਹਿਰ ਡਾ. ਅਰੁਣ ਵਰਮਾ ਦੱਸਦੇ ਹਨ ਕਿ 18-20 ਡਿਗਰੀ 'ਤੇ ਲਗਾਤਾਰ ਏਸੀ ’ਚ ਬੈਠਣ ਮਗਰੋਂ 43 ਡਿਗਰੀ ਦੀ ਧੁੱਪ ’ਚ ਨਿਕਲਣਾ ਸਰੀਰ ਲਈ ਝਟਕੇ ਤੋਂ ਘੱਟ ਨਹੀਂ। ਅੱਖਾਂ ਦੀ ਸਤ੍ਹਾ 10 ਸਕਿੰਟ ’ਚ ਹੀ ਸੁੱਕਣ ਲੱਗਦੀ ਹੈ। ਜੋ ਲੋਕ ਦਿਨ ’ਚ 8-10 ਵਾਰੀ ਏਸੀ-ਕਮਰੇ ਤੋਂ ਬਾਹਰ ਆਉਂਦੇ ਜਾਂਦੇ ਹਨ, ਉਨ੍ਹਾਂ ਵਿਚ ਡ੍ਰਾਈ ਆਈ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ।
ਜਨਰਲ ਫਿਜੀਸ਼ੀਅਨ ਡਾ. ਕੇਐੱਸ ਰਾਣਾ ਅਨੁਸਾਰ, ਤਾਪਮਾਨ ਦੇ ਇਸ ਤੇਜ਼ ਉਤਾਰ-ਚੜ੍ਹਾਅ ਨਾਲ ਵੈਸੋਮੋਟਰ ਸਿਸਟਮ ਗੜਬੜ ਜਾਂਦਾ ਹੈ। ਇਸ ਕਾਰਨ ਅਚਾਨਕ ਸਿਰਦਰਦ, ਲੋ ਬੀਪੀ ਤੇ ਮਾਸਪੇਸ਼ੀਆਂ ’ਚ ਜਕੜਨ ਹੋ ਰਹੀ ਹੈ।
ਸ਼ਹੀਦ ਉਧਮ ਸਿੰਘ ਨਗਰ ਵਿਚ ਰਹਿਣ ਵਾਲੇ 29 ਸਾਲਾ ਸਾਫਟਵੇਅਰ ਇੰਜੀਨੀਅਰ ਰੋਹਿਤ ਹਰ ਰੋਜ਼ 9 ਘੰਟੇ ਏਸੀ ਦਫਤਰ ’ਚ ਕੰਮ ਕਰਦੇ ਹਨ। ਲੰਚ ਤੇ ਮੀਟਿੰਗ ਲਈ ਦਿਨ ’ਚ 5-6 ਵਾਰੀ 45 ਡਿਗਰੀ ਦੀ ਧੁੱਪ ’ਚ ਨਿਕਲਣਾ ਪੈਂਦਾ ਹੈ। ਪਿਛਲੇ ਹਫਤੇ ਤੋਂ ਉਸ ਦੀਆਂ ਅੱਖਾਂ ’ਚ ਲਾਲੀ ਵਧ ਗਈ। ਜਾਂਚ ’ਚ ਮਿਡ-ਲੇਵਲ ਡ੍ਰਾਈ ਆਈ ਸਿੰਡਰੋਮ ਨਿਕਲਿਆ। ਡਾਕਟਰਾਂ ਅਨੁਸਾਰ, ਰੋਹਿਤ ਦੀ ਟੀਅਰ ਫਿਲਮ ਬ੍ਰੇਕ-ਅਪ ਟਾਈਮ ਸਿਰਫ 4 ਸਕਿੰਟ ਸੀ, ਜਦਕਿ ਆਮ 10 ਸਕਿੰਟ ਹੁੰਦਾ ਹੈ। ਉਨ੍ਹਾਂ ਨੂੰ ਲੁਬ੍ਰਿਕੈਂਟ ਆਈ ਡ੍ਰਾਪ ਤੇ ਹਰ ਘੰਟੇ 20 ਸਕਿੰਟ ਦੀ ਬ੍ਰੇਕ ਲੈਣ ਦੀ ਸਲਾਹ ਦਿੱਤੀ ਗਈ ਹੈ।
ਹਰਬੰਸ ਨਗਰ ਦੀ ਰਹਿਣ ਵਾਲੀ 42 ਸਾਲਾ ਸੁਨੀਤਾ ਵਰਮਾ ਘਰ ਦਾ ਕੰਮ ਨਿਪਟਾਉਣ ਦੇ ਬਾਅਦ ਦੁਪਹਿਰ ਵਿਚ ਬੱਚਿਆਂ ਨੂੰ ਟਿਊਸ਼ਨ ਛੱਡਣ ਜਾਂਦੀਆਂ ਹਨ। ਘਰ ਵਿਚ 22 ਡਿਗਰੀ 'ਤੇ ਏਸੀ ਚੱਲਦਾ ਹੈ। ਲਗਾਤਾਰ ਠੰਢੇ-ਗਰਮ ਮਾਹੌਲ ’ਚ ਆਉਣ-ਜਾਣ ਨਾਲ ਉਨ੍ਹਾਂ ਨੂੰ ਸਿਰਦਰਦ, ਗਲੇ ’ਚ ਖਰਾਸ਼ ਅਤੇ ਗਰਦਨ ’ਚ ਜਕੜਨ ਹੋਣ ਲੱਗੀ। ਸਿਵਲ ਹਸਪਤਾਲ ਦੀ ਓਪੀਡੀ ’ਚ ਪੁੱਜਣ 'ਤੇ ਸੁਨੀਤਾ ਨੂੰ ਮਾਇਲਡ ਹੀਟ ਸਟ੍ਰੋਕ ਤੇ ਮਸਲ ਸਪਾਜ਼ਮ ਡਾਇਗਨੋਸ ਹੋਇਆ। ਏਸੀ ਦਾ ਤਾਪਮਾਨ 25-26 ਡਿਗਰੀ ਰੱਖਣ ਤੇ ਬਾਹਰ ਨਿਕਲਣ ਤੋਂ 5 ਮਿੰਟ ਪਹਿਲਾਂ ਏਸੀ ਬੰਦ ਕਰਨ ਦੀ ਸਲਾਹ ਦਿੱਤੀ ਗਈ ਤਾਂ ਜੋ ਸਰੀਰ ਦਾ ਤਾਪਮਾਨ ਸਥਿਰ ਹੋ ਸਕੇ।