ਸ਼ਰਾਬ ਦੇ ਨਸ਼ੇ ’ਚ ਨੌਜਵਾਨਾਂ ਨੇ ਕੁੱਟੇ ਬਾਰ ਮੁਲਾਜ਼ਮ ਤੇ ਕੀਤੀ ਭੰਨ-ਤੋੜ
-ਉਲਟੀ ਕਰਨ ਨਾਲ ਸ਼ੁਰੂ
Publish Date: Tue, 12 May 2026 09:04 PM (IST)
Updated Date: Tue, 12 May 2026 09:06 PM (IST)
-ਉਲਟੀ ਕਰਨ ਨਾਲ ਸ਼ੁਰੂ ਹੋਇਆ ਵਿਵਾਦ, ਸੀਸੀਟੀਵੀ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ’ਚ ਲੱਗੀ ਪੁਲਿਸ
ਕਿਸ਼ਨਪੁਰ ਸਥਿਤ ਬਾਰ ਤੇ ਰੈਸਟੋਰੈਂਟ "ਚੀਅਰਜ਼ ਐਂਡ ਬੀਅਰਜ਼" ’ਚ ਸੋਮਵਾਰ ਰਾਤ ਦੇਰ ਨਾਲ ਸ਼ਰਾਬ ਦੇ ਨਸ਼ੇ ’ਚ ਧੁੱਤ ਕੁਝ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ। ਮਾਮੂਲੀ ਤਕਰਾਰ ਮਗਰੋਂ ਦੋਵੇਂ ਧਿਰਾਂ ’ਚ ਝੜਪ ਹੋ ਗਈ। ਦੋਸ਼ ਸੀ ਕਿ ਨੌਜਵਾਨਾਂ ਨੇ ਰੈਸਟੋਰੈਂਟ ਦੇ ਮੁਲਾਜ਼ਮਾਂ ਨਾਲ ਮਾਰਕੁੱਟ ਕਰਨ ਦੇ ਨਾਲ-ਨਾਲ ਉਥੇ ਭੰਨ-ਤੋਡ ਵੀ ਕੀਤੀ। ਇਸ ਘਟਨਾ ਮਗਰੋਂ ਬਾਰ ’ਚੋਂ ਗਾਹਕ ਡਰ ਕੇ ਬਾਹਰ ਭੱਜਣ ਲੱਗੇ। ਜਾਣਕਾਰੀ ਮੁਤਾਬਕ ਕੁਝ ਨੌਜਵਾਨ ਉਥੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ, ਨਸ਼ੇ ’ਚ ਧੁੱਤ ਇਕ ਨੌਜਵਾਨ ਨੇ ਟੇਬਲ ਕੋਲ ਹੀ ਉਲਟੀ ਕਰ ਦਿੱਤੀ। ਜਦੋਂ ਰੈਸਟੋਰੈਂਟ ਦੇ ਇਕ ਮੁਲਾਜ਼ਮ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਤੇ ਸਫਾਈ ਰੱਖਣ ਦੀ ਗੱਲ ਕੀਤੀ ਤਾਂ ਨੌਜਵਾਨ ਭੜਕ ਗਏ। ਪਹਿਲਾਂ ਦੋਵੇਂ ਧਿਰਾਂ ’ਚ ਤਕਰਾਰ ਹੋਈ ਤੇ ਫਿਰ ਮਾਮਲਾ ਗਾਲੀ-ਗਲੋਚ ਤੱਕ ਪੁੱਜ ਗਿਆ। ਵਿਵਾਦ ਵਧਣ ’ਤੇ ਹੋਰ ਮੁਲਾਜ਼ਮ ਵਿਚਾਲੇ ਬਚਾਅ ਲਈ ਪੁੱਜੇ ਪਰ ਨੌਜਵਾਨਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਰੈਸਟੋਰੈਂਟ ’ਚ ਲੱਗੇ ਮਹਿੰਗੇ ਕੱਚ, ਫਰਨੀਚਰ ਤੇ ਹੋਰ ਸਾਮਾਨ ਨੂੰ ਨੁਕਸਾਨ ਪਹੁੰਚਾਇਆ। ਜਾਣਕਾਰੀ ਮਿਲਦੇ ਹੀ ਰੈਸਟੋਰੈਂਟ ਦੇ ਮੈਨੇਜਰ ਨੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਦੀ ਟੀਮ ਮੌਕੇ 'ਤੇ ਪੁੱਜੀ ਪਰ ਉਦੋਂ ਤੱਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਪੁਲਿਸ ਨੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲਈ ਹੈ। ਫੁਟੇਜ ’ਚ ਮੁਲਜ਼ਮਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ। ਕੇਸ ਦਰਜ ਕਰ ਲਿਆ ਗਿਆ ਹੈ ਤੇ ਫੁਟੇਜ ਦੇ ਆਧਾਰ 'ਤੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।