ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਚੱਲ ਰਹੀ ਸੀ ਨਸ਼ਾ ਤਸਕਰੀ
ਗੋਇੰਦਵਾਲ ਸਾਹਿਬ ਦੀ ਜੇਲ ਚੋਂ ਚੱਲ ਰਿਹਾ ਸੀ ਨਸ਼ਾ ਤਸਕਰੀ ਦਾ ਕਾਰੋਬਾਰ
Publish Date: Thu, 18 Sep 2025 07:44 PM (IST)
Updated Date: Thu, 18 Sep 2025 07:44 PM (IST)

-ਚਾਰ ਜਣੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਪੁਲਿਸ ਨੇ ਜੇਲ੍ਹ ’ਚੋਂ ਚੱਲ ਰਹੇ ਇਕ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵੱਡੀ ਗਿਣਤੀ ’ਚ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਅੱਠ ਦੀ ਪੁਲਿਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਬੈਠੇ ਕੁਝ ਨਸ਼ਾ ਤਸਕਰ ਜੇਲ੍ਹ ਦੇ ਬਾਹਰ ਬੈਠੇ ਆਪਣੇ ਸਾਥੀਆਂ ਰਾਹੀਂ ਨਸ਼ਾ ਤਸਕਰੀ ਦਾ ਧੰਦਾ ਕਰਵਾ ਰਹੇ ਹਨ। ਨਸ਼ਾ ਤਸਕਰਾਂ ਦੇ ਹੁਕਮਾਂ ’ਤੇ ਵੀਰਵਾਰ ਉਨ੍ਹਾਂ ਦੇ ਕੁਝ ਸਾਥੀ ਵੱਡੀ ਗਿਣਤੀ ਪਾਬੰਦੀਸ਼ੁਦਾ ਗੋਲੀਆਂ ਦੇਣ ਲਈ ਜਲੰਧਰ ਸ਼ਹਿਰ ’ਚ ਘੁੰਮ ਰਹੇ ਹਨ। ਪੁਲਿਸ ਪਾਰਟੀ ਨੇ ਦੱਸੀ ਹੋਈ ਥਾਂ ’ਤੇ ਛਾਪੇਮਾਰੀ ਕਰ ਕੇ 4 ਨੌਜਵਾਨਾਂ ਨੂੰ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਇਕ ਲੱਖ 85 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਉਨ੍ਹਾਂ ਕੋਲੋਂ ਜੇਲ੍ਹ ’ਚ ਬੈਠੇ ਉਨ੍ਹਾਂ ਦੇ ਸਾਥੀਆਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਉਮੀਦ ਹੈ ਕਿ ਸ਼ੁੱਕਰਵਾਰ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀ ਇਕ ਪ੍ਰੈੱਸ ਕਾਨਫਰੰਸ ਰਾਹੀਂ ਇਸ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਮੁਹੱਈਆ ਕਰਵਾਉਣਗੇ।