ਡਰਾਈਵਰ ਤੇ ਟੈਕਨੀਕਲ ਯੂਨੀਅਨ ਨੇ ਹੜਤਾਲ ਕੀਤੀ, ਡਰਾਈਵਰ ਤੇ ਜੇਸੀਬੀ ਯੂਨੀਅਨ ਨੇ ਕੀਤਾ ਕੰਮ

ਗੱਡੀਆਂ ਦੀਆਂ ਚਾਬੀਆਂ ਮੇਅਰ ਨੂੰ ਸੌਂਪੀਆਂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੀ ਬੰਟੂ ਸੱਭਰਵਾਲ ਦੀ ਅਗਵਾਈ ਵਾਲੀ ਡਰਾਈਵਰ ਤੇ ਟੈਕਨੀਕਲ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਕੰਮ ਬੰਦ ਕਰ ਦਿੱਤਾ ਤੇ ਸਾਰੀਆ ਗੱਡੀਆਂ ਨਿਗਮ ਕੰਪਲੈਕਸ ’ਚ ਲਿਆ ਕੇ ਖੜ੍ਹੀਆਂ ਕਰ ਕੇ ਮੇਅਰ ਦਫਤਰ ਦੇ ਬਾਹਰ ਧਰਨਾ ਦਿੱਤਾ। ਮੇਅਰ ਤੇ ਮੁੱਖ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨਿਗਮ ਕੈਂਪਸ ’ਚ ਗੱਡੀਆਂ ਖੜ੍ਹੀਆਂ ਕਰਕੇ ਉਨ੍ਹਾਂ ਦੀਆਂ ਚਾਬੀਆਂ ਮੇਅਰ ਨੂੰ ਸੌਂਪ ਦਿੱਤੀਆਂ ਤੇ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਯੂਨੀਅਨ ਕੰਮ ਬੰਦ ਰਹੇਗੀ, ਜਦਕਿ ਚੰਦਨ ਗਰੇਵਾਲ ਦੀ ਹਮਾਇਤੀ ਯੂਨੀਅਨ ਡਰਾਈਵਰ ਤੇ ਜੇਸੀਬੀ ਯੂਨੀਅਨ ਨੇ ਕੰਮ ਕਰਨ ਦਾ ਦਾਅਵਾ ਕੀਤਾ ਹੈ ਤੇ ਉਸ ਨੇ ਕਿਹਾ ਹੈ ਕਿ ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਕਈ ਡੰਪਾਂ ਤੋਂ ਕੂੜੇ ਦੀ ਢੁਆਈ ਕੀਤੀ। ਇਸ ਤੋਂ ਪਹਿਲਾਂ ਬੰਟੂ ਸੱਭਰਵਾਲ ਅਤੇ ਸ਼ੰਮੀ ਲੂਥਰ ਨਾਲ ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੀਟਿੰਗ ਹੋਈ, ਜਿਸ ’ਚ ਕੁਝ ਆਊਟ ਸੋਰਸ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਨਖਾਹਾਂ ਦੇਣ ’ਤੇ ਤਾਂ ਸਹਿਮਤੀ ਹੋਈ ਪਰ ਜਿਹੜੀ ਨਵੀ ਮਸ਼ੀਨਰੀ ਦਿੱਤੀ ਗਈ ਹੈ, ਉਨ੍ਹਾਂ ਦੀ ਸਮਰੱਥਾ ਅਨੁਸਾਰ ਕੂੜੇ ਦੀ ਢੁਆਈ ਕਰਨ ’ਤੇ ਸਹਿਮਤੀ ਨਹੀ ਹੋਈ। ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਜਦੋਂ ਤਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਹੜਤਾਲ ਜਾਰੀ ਰਹੇਗੀ। ਵੀਰਵਾਰ ਨੂੰ ਵੀ ਹੜਤਾਲ ਰਹੇਗੀ ਤੇ ਸਵੇਰੇ ਮੇਅਰ ਦਫਤਰ ਦੇ ਬਾਹਰ ਧਰਨਾ 2 ਵਜੇ ਤਕ ਦਿੱਤਾ ਜਾਵੇਗਾ।
---
ਸਾਡਾ ਹੜਤਾਲ ਨਾਲ ਕੋਈ ਸਬੰਧ ਨਹੀਂ : ਸਹੋਤਾ
ਇਸ ਦੌਰਾਨ ਨਿਗਮ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਨੀ ਸਹੋਤਾ ਨੇ ਕਿਹਾ ਹੈ ਕਿ ਸਾਡਾ ਹੜਤਾਲ ਨਾਲ ਕੋਈ ਸਬੰਧ ਨਹੀਂ ਹੈ ਤੇ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਮੇਅਰ ਤੇ ਕਮਿਸ਼ਨਰ ਨਾਲ ਪੂਰਾ ਸਹਿਯੋਗ ਕਰਾਂਗੇ। ਡਰਾਈਵਰ ਤੇ ਜੇਸੀਬੀ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਹੜਤਾਲ ਨਾਲ ਕੋਈ ਸਬੰਧ ਨਹੀਂ ਹੈ ਤੇ ਮੇਅਰ ਅਤੇ ਕਮਿਸ਼ਨਰ ਨੂੰ ਸਹਿਯੋਗ ਦਿੰਦੇ ਹੋਏ ਸ਼ਹਿਰ ਦੇ ਡੰਪਾਂ ਤੋਂ ਕੂੜੇ ਦੀ ਢੋਆਈ ਕੀਤੀ ਗਈ। ਡਰਾਈਵਰ ਤੇ ਜੇਸੀਬੀ ਯੂਨੀਅਨ ਦੇ ਪ੍ਰਧਾਨ ਅਨਿਲ ਸੱਭਰਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਹੋਏ ਸਾਰੇ ਡੰਪਾਂ ਦੀ ਸਫਾਈ ਕੀਤੀ ਤੇ ਬਕਾਇਦਾ ਕੂੜਾ ਚੁੱਕਿਆ ਗਿਆ। ਯੂਨੀਅਨ ਆਗੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਅਨ ਡੰਪਾਂ ਤੋਂ ਕੂੜੇ ਦੀ ਢੁਆਈ ਜਾਰੀ ਰਹੇਗੀ।
---
ਕੁਝ ਰਹਿੰਦੇ ਮੁਲਾਜ਼ਮਾਂ ਨੂੰ ਛੇਤੀ ਹੋਵੇਗਾ ਭੁਗਤਾਨ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਜਿਹੜੇ ਮੁਲਾਜ਼ਮਾਂ ਦੀ ਤਨਖਾਹ ਦੀ ਮੰਗ ਕੀਤੀ ਜਾ ਰਹੀ ਹੈ, ਉਹ ਗਿਣਤੀ ਦੇ 7-8 ਹੀ ਹਨ ਤੇ ਉਨ੍ਹਾਂ ਨੂੰ ਵੀ ਛੇਤੀ ਭੁਗਤਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਆਊਟ ਸੋਰਸ ਹਨ ਤੇ ਇਨ੍ਹਾਂ ਨੂੰ ਛੇਤੀ ਭੁਗਤਾਨ ਕਰਨ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਨੇ ਮੰਨਿਆ ਕਿ ਹੜਤਾਲੀ ਯੂਨੀਅਨ ਆਗੂਆਂ ਨੇ ੳਨ੍ਹਾਂ ਨੂੰ ਨਿਗਮ ਕੰਪਲੈਕਸ ’ਚ ਖੜ੍ਹੀਆਂ ਗੱਡੀਆਂ ਦੀਆਂ ਚਾਬੀਆਂ ਦੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀ ਨਗਰ ਨਿਗਮ ਦੀ ਨਵੀ ਮਸ਼ੀਨਰੀ ਆਈ ਹੈ ਉਸ ਦੀ ਕੂੜੇ ਦੀ ਢੁਆਈ ਦੀ ਸਮੱਰਥਾ 10 ਟਨ ਦੀ ਹੈ ਤੇ ਯੂਨੀਅਨ ਘੱਟੋ-ਘੱਟ 6 ਟਨ ਇਕ ਗੱਡੀ ’ਤੇ ਢੋਆਈ ਕਰਨੀ ਚਾਹੀਦੀ ਹੈ ਪਰ ਯੂਨੀਅਨ ਸਿਰਫ ਇਕ ਟਨ ਦੀ ਢੋਆਈ ਕਰਨ ਦੀ ਗੱਲ ਕਰਦੀ ਹੈ, ਜਿਹੜੀ ਕਿ ਕਿਤੇ ਵੀ ਨਹੀਂ ਢੁਕਦੀ। ਇਸ ਕਾਰਨ ਮੀਟਿੰਗ ’ਚ ਸਹਿਮਤੀ ਨਹੀਂ ਬਣੀ ਤੇ ਉਨ੍ਹਾਂ ਨੇ ਹੜਤਾਲ ਕਰ ਦਿੱਤੀ ਹੈ।