ਕਈ ਇਲਾਕਿਆਂ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਵਧੀ
ਜਾਸ, ਜਲੰਧਰ : ਅੱਤ
Publish Date: Wed, 20 May 2026 08:10 PM (IST)
Updated Date: Wed, 20 May 2026 08:13 PM (IST)
ਜਾਸ, ਜਲੰਧਰ : ਅੱਤ ਦੀ ਗਰਮੀ ’ਚ ਸ਼ਹਿਰ ਦੇ 50 ਤੋਂ ਵੱਧ ਇਲਾਕਿਆਂ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਵਧ ਗਈ ਹੈ। ਕੁਝ ਇਲਾਕਿਆਂ ’ਚ ਤਾਂ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਪਰ ਕਈ ਕਾਲੋਨੀਆਂ ’ਚ ਸਪਲਾਈ ਅੱਧੀ ਰਹਿ ਗਈ ਹੈ। ਕੁਝ ਥਾਵਾਂ 'ਤੇ ਨਗਰ ਨਿਗਮ ਟੈਂਕਰ ਰਾਹੀਂ ਪਾਣੀ ਪਹੁੰਚਾ ਰਿਹਾ ਹੈ, ਜਦਕਿ ਕੁਝ ਥਾਈਂ ਲੋਕ ਪਾਣੀ ਖਰੀਦ ਰਹੇ ਹਨ, ਜੋ ਨਾਕਾਫੀ ਸਾਬਤ ਹੋ ਰਿਹਾ ਹੈ। ਪਾਣੀ ਦੀ ਸਪਲਾਈ ’ਚ ਰੁਕਾਵਟ ਲਈ ਨਗਰ ਨਿਗਮ ਦੀ ਲਾਪਰਵਾਹੀ ਵੀ ਜ਼ਿੰਮੇਵਾਰ ਹੈ। ਲਗਪਗ 20 ਟਿਊਬਵੈੱਲ ਅਜਿਹੇ ਹਨ ਜੋ ਲੱਗ ਚੁੱਕੇ ਹਨ ਪਰ ਬਿਜਲੀ ਦੇ ਕੁਨੈਕਸ਼ਨ ਨਾ ਮਿਲਣ ਕਾਰਨ ਪਾਣੀ ਦੀ ਸਪਲਾਈ ਸ਼ੁਰੂ ਨਹੀਂ ਹੋ ਸਕੀ। ਕੁਝ ਟਿਊਬਵੈੱਲ ਦੇ ਪਾਵਰ ਕੁਨੈਕਸ਼ਨ ਲਈ ਨਗਰ ਨਿਗਮ ਨੇ ਹਾਲੇ ਤੱਕ ਭੁਗਤਾਨ ਨਹੀਂ ਕੀਤਾ ਤੇ ਕੁਝ ਥਾਵਾਂ 'ਤੇ ਕੁਨੈਕਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਸਭ ਤੋਂ ਮਾੜਾ ਹਾਲ ਇੰਦਰਾ ਕਾਲੋਨੀ ਤੇ ਨਿਊ ਇੰਦਿਰਾ ਕਾਲੋਨੀ ਦੀ ਹੈ। ਇੱਥੇ ਇਕ ਸਾਲ ਪਹਿਲਾਂ ਟਿਊਬਵੈੱਲ ਲਾਇਆ ਗਿਆ ਸੀ ਪਰ ਅਜੇ ਤੱਕ ਬਿਜਲੀ ਦਾ ਕੁਨੈਕਸ਼ਨ ਨਹੀਂ ਮਿਲਿਆ। ਮਜਬੂਰੀ ’ਚ ਵਾਟਰ ਟੈਂਕ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ ਪਰ ਗਰਮੀ ’ਚ ਮੰਗ ਪੂਰੀ ਨਹੀਂ ਹੋ ਰਹੀ। ਸਥਾਨਕ ਨਿਵਾਸੀ ਸੰਤੋਸ਼ ਬਿਲਾਨੀ ਨੇ ਦੱਸਿਆ ਕਿ ਲੋਕ ਕਈ ਵਾਰੀ ਆਪਣੇ ਖਰਚ 'ਤੇ ਟੈਂਕਰ ਮੰਗਵਾਉਂਦੇ ਹਨ। ਟੈਂਕਰ ਰਾਹੀਂ ਪਾਣੀ ਦੀ ਸਪਲਾਈ ਪੂਰੀ ਨਹੀਂ ਹੁੰਦੀ ਅਤੇ ਘੱਟ ਪਾਣੀ ’ਚ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਜਲਦੀ ਟਿਊਬਵੈੱਲ ਸ਼ੁਰੂ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਇੰਦਰਾ ਕਾਲੋਨੀ ਤੋਂ ਇਲਾਵਾ ਕਮਲ ਵਿਹਾਰ, ਪਾਰਸ ਅਸਟੇਟ, ਰਾਜ ਨਗਰ, ਅਕਾਲ ਐਵੀਨਿਊ, ਬਸਤੀ ਪੀਰਦਾਦ, ਦਸ਼ਮੇਸ਼ ਨਗਰ, ਅਰਬਨ ਅਸਟੇਟ, ਟਾਵਰ ਟਾਊਨ, ਗੋਪਾਲ ਨਗਰ, ਬੈਂਕ ਕਾਲੋਨੀ, ਨਿਊ ਆਨੰਦ ਨਗਰ, ਹਰਦੀਪ ਨਗਰ, ਖੂਬਸੂਰਤ ਨਗਰ, ਵੀਨਸ ਵੈਲੀ, ਸੰਤ ਵਿਹਾਰ, ਸੁਭਾਸ਼ ਨਗਰ ਸਮੇਤ ਕਈ ਹੋਰ ਇਲਾਕਿਆਂ ਦੇ ਟਿਊਬਵੈੱਲ ਵੀ ਪਾਵਰ ਕੁਨੈਕਸ਼ਨ ਨਾ ਹੋਣ ਕਾਰਨ ਸ਼ੁਰੂ ਨਹੀਂ ਹੋ ਸਕੇ ਹਨ। ਗਰਮੀਆਂ ’ਚ ਪਾਣੀ ਦੀ ਲੋੜ ਵੱਧ ਹੁੰਦੀ ਹੈ। ਸ਼ਹਿਰ ’ਚ ਸਰਦੀਆਂ ਵਿਚ ਪਾਣੀ ਦੀ ਸਪਲਾਈ ਲਗਪਗ 240 ਤੋਂ 250 ਐੱਮਐੱਲਡੀ ਹੁੰਦੀ ਹੈ ਪਰ ਗਰਮੀਆਂ ’ਚ ਇਹ ਸਪਲਾਈ 300 ਐੱਮਐੱਲਡੀ ਨੇੜੇ ਪੁੱਜ ਜਾਂਦੀ ਹੈ।