ਡਾ. ਅੰਬੇਡਕਰ ਤੇ ਸਵਿਤਰੀਬਾਈ ਫੂਲੇ ਦਾ ਜਨਮ ਦਿਵਸ ਮਨਾਇਆ
ਥਾਬਲਕੇ ਵਿਖੇ ਡਾ. ਭੀਮ ਰਾਓ ਅੰਬੇਡਕਰ ਤੇ ਸਵਿਤਰੀਬਾਈ ਫੂਲੇ ਜੀ ਦਾ ਜਨਮ ਦਿਵਸ ਮਨਾਇਆ
Publish Date: Sun, 17 May 2026 06:37 PM (IST)
Updated Date: Mon, 18 May 2026 04:10 AM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ ਜੰਡਿਆਲਾ ਮੰਜਕੀ : ਨਜ਼ਦੀਕੀ ਪਿੰਡ ਥਾਬਲਕੇ ’ਚ ਡਾ. ਭੀਮ ਰਾਓ ਅੰਬੇਡਕਰ ਤੇ ਸਵਿਤਰੀਬਾਈ ਫੂਲੇ ਦਾ ਜਨਮ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੇ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ’ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਅਮਨ ਕੌਰ, ਪਵਨ ਕੁਮਾਰ ਤੇ ਅਨਿਲ ਉਮਰੇਵਾਲ (ਬਾਮਸੇਫ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਤੇ ਸਮਾਜਿਕ ਜਾਗਰੂਕਤਾ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਸਿੱਧ ਗਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੇਐੱਸ ਮੱਖਣ ਵੀ ਹਾਜ਼ਰ ਹੋਏ। ਉਨ੍ਹਾਂ ਆਪਣੇ ਗੀਤਾਂ ਰਾਹੀਂ ਡਾ. ਅੰਬੇਡਕਰ ਦੇ ਜੀਵਨ ਸੰਘਰਸ਼ ਤੇ ਵਿਚਾਰਾਂ ’ਤੇ ਚਾਨਣਾ ਪਾਇਆ। ਪਿੰਡ ਦੇ ਬੱਚਿਆਂ ਵੱਲੋਂ ਗੀਤ, ਕਵਿਤਾਵਾਂ ਤੇ ਕੋਰੀਓਗ੍ਰਾਫੀ ਪੇਸ਼ ਕਰਕੇ ਸਮਾਗਮ ਨੂੰ ਰੰਗਾਰੰਗ ਬਣਾਇਆ ਗਿਆ। ਇਸ ਦੌਰਾਨ ਪਿੰਡ ’ਚ ਚੱਲ ਰਹੀ ਲਾਇਬ੍ਰੇਰੀ ਲਈ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਨਾਲ ਹੀ ਸਕੂਲ ’ਚ ਅੱਵਲ ਦਰਜੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸੋਸਾਇਟੀ ਵੱਲੋਂ ਇਨਾਮ ਤੇ ਸਨਮਾਨ ਦਿੱਤਾ ਗਿਆ। ਇਹ ਸਮਾਗਮ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਮਦਨ ਬੱਧਨ, ਬਰਿੰਦਰ ਕੁਮਾਰ, ਪਰਵਿੰਦਰ ਕੁਮਾਰ, ਮਨਜੀਤ ਕੁਮਾਰ, ਨਿਤਿਨ ਕੁਮਾਰ, ਲਵਿਸ਼ ਕੁਮਾਰ, ਪ੍ਰਦੀਪ ਕੁਮਾਰ, ਪਰਵੀਨ ਕੁਮਾਰ, ਪਵਨ ਕੁਮਾਰ, ਮਨੀਸ਼ ਬੰਗੜ, ਨੀਰਜ ਕੁਮਾਰ, ਰੋਸ਼ਨ ਲਾਲ ਮਾਈਕਲ, ਸੁਰਜੀਤ ਕੁਮਾਰ, ਨਰਿੰਦਰ ਕੁਮਾਰ ਸਮੇਤ ਹੋਰ ਪਿੰਡ ਵਾਸੀ ਤੇ ਸ਼ਖਸੀਅਤਾਂ ਹਾਜ਼ਰ ਸਨ।