ਨਿਗਮ ਨੇ ਕੁੱਤਿਆਂ ਦੇ ਸ਼ੈਲਟਰ ਬਣਾੳਣ ਦਾ ਕੀਤਾ ਕੰਮ ਸ਼ੁਰੂ
ਨਿਗਮ ਨੇ ਕੁੱਤਿਆਂ ਦੇ ਸ਼ੈਲਟਰ ਬਨਾੳਣ ਦਾ ਕੀਤਾ ਕੰਮ ਸ਼ੁਰੂ
Publish Date: Sun, 24 May 2026 07:16 PM (IST)
Updated Date: Mon, 25 May 2026 04:11 AM (IST)

ਨੰਗਲ ਸ਼ਾਮਾ ਦੇ ਡਾਗ ਕੰਪਾਉਡ ਵਿਖੇ ਅਵਾਰਾ ਕੁੱਤਿਆਂ ਦੇ ਸ਼ੈਲਟਰ ਬਣਾਉਣੇ ਕੀਤੇ ਸ਼ੁਰੂ 49 ਲੱਖ ਦਾ ਹੈ ਪ੍ਰਾਜੈਕਟ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਨੇ ਨੰਗਲ ਸ਼ਾਮਾ ਵਿਖੇ ਡਾਗ ਕੰਪਾਉਂਡ ਵਿਖੇ ਆਵਾਰਾ ਕੁੱਤਿਆਂ ਦੇ ਸ਼ੈਲਟਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਇਹ ਪ੍ਰਾਜੈਕਟ 49 ਲੱਖ ਰੁਪਏ ਦਾ ਹੈ, ਜਿਹੜਾ ਕਿ ਲੱਗਭਗ 2 ਮਹੀਨੇ ’ਚ ਤਿਆਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਆਵਾਰਾ ਕੁੱਤਿਆਂ ਲਈ ਸ਼ੈਲਟਰ ਬਣਾਏ ਜਾਣ ਤਾਂ ਜੋ ਉਨ੍ਹਾਂ ਨੂੰ ਫੜ ਕੇ ਉਥੇ ਰੱਖਿਆ ਜਾ ਸਕੇ। ਇਸ ਸਬੰਧ ’ਚ ਨਗਰ ਨਿਗਮ ਨੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਦੇ ਹੋਏ ਤੇ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਦੇ ਵਾਧੇ ਨੂੰ ਦੇਖਦੇ ਹੋਏ ਉਕਤ 49 ਲੱਖ ਰੁਪਏ ਦੇ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ ’ਤੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਜਦੋਂ ਇਹ ਸ਼ੈਲਟਰ ਬਣ ਜਾਣਗੇ ਤਾਂ ਉਸ ਦੇ ਬਾਅਦ ਆਵਾਰਾ ਕੁੱਤਿਆਂ ਨੂੰ ਫੜਨ ਦਾ ਕੰਮ ਸ਼ੁਰੂ ਹੋ ਜਾਵੇਗਾ। ਬਾਕਸ-- 10 ਸਾਲ ਪਹਿਲਾਂ ਨਗਰ ਨਿਗਮ ਨੇ ਕਰਵਾਇਆ ਸੀ ਸਰਵੇ ਲੱਗਭਗ 10 ਸਾਲ ਪਹਿਲਾਂ ਨਗਰ ਨਿਗਮ ਨੇ ਆਵਾਰਾ ਕੁੱਤਿਆਂ ਬਾਰੇ ਇਕ ਸਰਵੇ ਕਰਾਇਆ ਗਿਆ ਸੀ। ਉਸ ਸਮੇ ਸਰਵੇ ਅਨੁਸਾਰ ਸ਼ਹਿਰ ’ਚ ਲੱਗਭਗ ਸਾਢੇ 14 ਹਜ਼ਾਰ ਕੁੱਤਿਆਂ ਦਾ ਪਤਾ ਲਾਇਆ ਗਿਆ ਸੀ ਤੇ ਉਸ ਸਮੇਂ ਹੀ ਇਨ੍ਹਾਂ ਨੂੰ ਫੜ ਕੇ ਇਨ੍ਹਾਂ ਦੇ ਅਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ ਲੱਗਭਗ 5 ਸਾਲ ਬਾਅਦ ਨੰਗਲ ਸ਼ਾਮਾ ਵਿਖੇ ਡਾਗ ਕੰਪਾਊਂਡ ਬਣਾਇਆ ਗਿਆ ਸੀ, ਜਿੱਥੇ ਹੁਣ ਰੋਜ਼ਾਨਾ ਕੁੱਤਿਆਂ ਦੇ ਅਪ੍ਰੇਸ਼ਨ ਜਾਰੀ ਹਨ। ਉਕਤ ਹਸਪਤਾਲ ’ਚ ਕੁੱਤਿਆਂ ਦੇ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਅਭਿਨਵ ਨੇ ਦੱਸਿਆ ਹੈ ਕਿ ਰੋਜ਼ਾਨਾ 18 ਤੋਂ 20 ਮੇਲ ਤੇ ਫੀਮੇਲ ਕੁੱਤਿਆਂ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਤੇ ਜਦੋਂ ਡਾਗ ਸ਼ੈਲਟਰ ਤਿਆਰ ਹੋ ਜਾਵੇਗਾ ਤਾਂ ਆਪ੍ਰੇਸ਼ਨਾਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਕਦੇ ਕਦੇ 20 ਤੋਂ ਵੱਧ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ। ਬਾਕਸ-- ਸ਼ੈਲਟਰ ਦਾ ਕੰਮ ਤੇਜ਼ੀ ਨਾਲ ਜਾਰੀ : ਐੱਸਈ ਧਵਨ ਇਸ ਦੌਰਾਨ ਨਗਰ ਨਿਗਮ ਦੀ ਬੀਐਂਡਆਰ ਬਰਾਂਚ ਦੇ ਐੱਸਈ ਰਾਹੁਲ ਧਵਨ ਨੇ ਕਿਹਾ ਹੈ ਕਿ ਆਵਾਰਾ ਕੁੱਤਿਆਂ ਦੇ ਸ਼ੈਲਟਰ ਬਣਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਵਾਰਾ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਉਕਤ ਸ਼ੈਲਟਰ ਨੰਗਲ ਸ਼ਾਮਾ ਜਿਥੇ ਕੁੱਤਿਆਂ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ, ਦੇ ਨਾਲ ਹੀ ਬਣਾਉਣ ਦਾ ਕੰਮ ਜਾਰੀ ਹੈ ਤੇ ਉਸ ਦੀਆਂ ਨੀਹਾਂ ਦੀ ਖੁਦਾਈ ਕਰ ਦਿੱਤੀ ਗਈ ਹੈ ਤੇ ਸ਼ੈਲਟਰ ਬਣਾਉਣ ਲਈ ਵਰਤੋਂ ਆਉਣ ਵਾਲਾ ਸਾਮਾਨ ਵੀ ਆ ਚੁੱਕਾ ਹੈ। ਇਹ ਵਰਨਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਡਾਗ ਸ਼ੈਲਟਰ ਬਣਾਉਣ ਦੀ ਹਦਾਇਤ ਕੀਤੀ ਹੈ ਤੇ ਕਿਹਾ ਕਿ ਉਹ ਸੂਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਨੂੰ ਕੁੱਤਿਆਂ ਵਲੋਂ ਵੱਢਣ ਦੀਆਂ ਘਟਨਾਵਾਂ ਤੋਂ ਰਾਹਤ ਨੂੰ ਯਕੀਨੀ ਬਨਾਇਆ ਜਾਵੇਗਾ। ਬਾਕਸ-- ਰੋਜ਼ਾਨਾ 20 ਕੁੱਤੇ ਦੇ ਕੱਟਣ ਦੇ ਕੇਸ ਆਉਂਦੇ ਨੇ ਇਸ ਦੌਰਾਨ ਸਿਵਲ ਹਸਪਤਾਲ ਤੋਂ ਪਤਾ ਕੀਤੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਲੱਗਭਗ 20 ਕੇਸ ਕੁੱਤਿਆਂ ਦੇ ਕੱਟਣ ਦੇ ਆਉਂਦੇ ਹਨ, ਜਿਨ੍ਹਾਂ ਨੂੰ ਟੀਕੇ ਲਾਏ ਜਾਂਦੇ ਹਨ। ਇਸ ਤਰ੍ਹਾਂ ਮਹੀਨੇ ’ਚ ਲੱਗਭਗ 600 ਕੇਸ ਕੁੱਤੇ ਕੱਟਣ ਦੇ ਕੇਸ ਰਜਿਸਟਰ ਹੁੰਦੇ ਹਨ।