ਜਾਸ, ਜਲੰਧਰ : ਸ਼ਹਿਰ

ਜਾਸ, ਜਲੰਧਰ : ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਜਾਰੀ ਹੈ। ਨਗਰ ਨਿਗਮ ਦਾ ਡੌਗ ਸਟ੍ਰਾਈਲਾਈਜ਼ੇਸ਼ਨ ਪ੍ਰੋਜੈਕਟ 8 ਸਾਲਾਂ ਬਾਅਦ ਵੀ ਲੀਹ 'ਤੇ ਨਹੀਂ ਆ ਸਕਿਆ ਹੈ। ਡੌਗ ਸ਼ੈੱਲਟਰ ਹੋਮ ਬਣਾਉਣ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ। ਸ਼ਹਿਰ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਹੈ ਜਿੱਥੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਨਾ ਹੋਣ। ਹਰ ਰੋਜ਼ ਲਗਪਗ 50 ਦੇ ਕਰੀਬ ਕੁੱਤੇ ਦੇ ਵੱਢਣ ਦੇ ਮਾਮਲੇ ਰਿਪੋਰਟ ਹੋ ਰਹੇ ਹਨ ਤੇ ਕਈ ਮਾਮਲੇ ਅਜਿਹੇ ਹਨ, ਜੋ ਰਿਕਾਰਡ ’ਚ ਨਹੀਂ ਆ ਰਹੇ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਖਤਰਨਾਕ ਤੇ ਹਮਲਾਵਰ ਕੁੱਤਿਆਂ ਨੂੰ ਜ਼ਹਿਰ ਦਾ ਟੀਕਾ ਲਾਉਣ ਦੀ ਸਖਤ ਟਿੱਪਣੀ ਕੀਤੀ ਹੈ। ਕੋਰਟ ਦਾ ਮੰਨਣਾ ਹੈ ਕਿ ਰੇਬੀਜ਼ ਤੇ ਹਮਲਿਆਂ ਨਾਲੋਂ ਲੋਕਾਂ ਦੀ ਜ਼ਿੰਦਗੀ ਬਚਾਉਣੀ ਜ਼ਿਆਦਾ ਜ਼ਰੂਰੀ ਹੈ। ਇਸ ਫੈਸਲੇ ਮਗਰੋਂ ਜਲੰਧਰ ਨਗਰ ਨਿਗਮ ਦੀ ਢਿੱਲ-ਮੱਠ 'ਤੇ ਮੁੜ ਸਵਾਲ ਉਠਣ ਲੱਗੇ ਹਨ। ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਖਤਰਨਾਕ ਕੁੱਤਿਆਂ ਲਈ ਸ਼ੈੱਲਟਰ ਹੋਮ ਬਣਾਉਣ ਦੇ ਹੁਕਮ ਦਿੱਤੇ ਸਨ। ਸੜਕਾਂ 'ਤੇ ਕੁੱਤਿਆਂ ਨੂੰ ਖਾਣਾ ਦੇਣ 'ਤੇ ਰੋਕ ਲਾਈ ਗਈ ਤੇ ਜੋ ਅਜਿਹਾ ਕਰ ਰਹੇ ਹਨ ਉਨ੍ਹਾਂ 'ਤੇ ਕਾਰਵਾਈ ਦੇ ਹੁਕਮ ਹਨ। ਇਸ ਦੇ ਬਾਵਜੂਦ ਨਗਰ ਨਿਗਮ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਉਠਾ ਸਕਿਆ ਹੈ। 100 ਕੁੱਤਿਆਂ ਲਈ ਨੰਗਲ ਸ਼ਾਮਾਂ ’ਚ ਸ਼ੈੱਲਟਰ ਹੋਮ ਬਣਾਉਣ ਦਾ ਟੈਂਡਰ ਲਾਇਆ ਗਿਆ ਹੈ ਪਰ ਹੁਣ ਤੱਕ ਕੋਈ ਕੰਪਨੀ ਲਗਪਗ 50 ਲੱਖ ਰੁਪਏ ਦੇ ਟੈਂਡਰ ਲਈ ਅੱਗੇ ਨਹੀਂ ਆਈ ਹੈ। ਇਸੇ ਤਰ੍ਹਾਂ, ਨਗਰ ਨਿਗਮ ਦਾ 2018 ਵਿਚ ਸ਼ੁਰੂ ਹੋਇਆ ਸਟ੍ਰਾਈਲਾਈਜ਼ੇਸ਼ਨ ਪ੍ਰੋਜੈਕਟ ਵੀ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ। ਹਰ ਸਾਲ 10,000 ਕੁੱਤਿਆਂ ਦੇ ਆਪ੍ਰੇਸ਼ਨ ਕਰਨ ਦਾ ਟੀਚਾ ਹੈ ਪਰ ਸਾਢੇ 8 ਸਾਲਾਂ ’ਚ ਸਿਰਫ 42,000 ਕੁੱਤਿਆਂ ਦੇ ਆਪ੍ਰੇਸ਼ਨ ਹੋ ਸਕੇ ਹਨ। ਸਾਲ 2018 ’ਚ ਸ਼ਹਿਰ ਵਿਚ ਲਗਪਗ 50,000 ਆਵਾਰਾ ਕੁੱਤਿਆਂ ਦਾ ਅੰਦਾਜ਼ਾ ਸੀ ਪਰ ਹੁਣ ਇਹ ਗਿਣਤੀ ਇਕ ਲੱਖ ਤੋਂ ਸਵਾ ਲੱਖ ਤੱਕ ਦੱਸੀ ਜਾ ਰਹੀ ਹੈ। ਨਗਰ ਨਿਗਮ ਨੰਗਲ ਸ਼ਾਮਾਂ ਡੌਗ ਕੰਪਾਉਂਡ ’ਚ ਆਪ੍ਰੇਸ਼ਨ ਕਰਨ ਦੀ ਸਮਰੱਥਾ ਵਧਾ ਰਿਹਾ ਹੈ। ਇਨ੍ਹਾਂ ਸਭ ਵਿਚਾਲੇ ਸ਼ਹਿਰ ’ਚ ਲੋਕ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ। ਸਿਵਲ ਹਸਪਤਾਲ ’ਚ ਹਰ ਰੋਜ਼ 45 ਤੋਂ 50 ਕੁੱਤੇ ਦੇ ਵੱਢਣ ਦੇ ਮਾਮਲੇ ਆ ਰਹੇ ਹਨ। ਬੱਚਿਆਂ ਤੇ ਬਜ਼ੁਰਗਾਂ 'ਤੇ ਹਮਲੇ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਮਕਸੂਦਾਂ, ਵਾਰਡ ਨੰਬਰ 23 ’ਚ ਅਜੀਤ ਨਗਰ, ਵਿਕਰਮਪੁਰਾ, ਮਾਡਲ ਟਾਊਨ, ਅਸ਼ੋਕ ਨਗਰ, ਟਾਵਰ ਇਨਕਲੇਵ, ਭਗਤ ਸਿੰਘ ਕਾਲੋਨੀ, ਰੇਲਵੇ ਕਾਲੋਨੀ, ਬਸਤੀ ਸ਼ੇਖ, ਅਲੀ ਮੁਹੱਲਾ, ਨਿਊ ਗੋਬਿੰਦਨਗਰ, ਗੁਰੂ ਨਾਨਕਪੁਰਾ, ਭਾਰਤ ਨਗਰ, ਬਸ਼ੀਰਪੁਰਾ, ਸੈਨਿਕ ਵਿਹਾਰ, ਕਬੀਰ ਨਗਰ, ਅਵਤਾਰ ਨਗਰ, ਬਸਤੀ ਗੁਜਾਂ, ਸੰਜੈ ਗਾਂਧੀ ਨਗਰ, ਕਰਤਾਰ ਨਗਰ, ਮਾਡਲ ਹਾਊਸ, ਗੜ੍ਹਾ ਇਲਾਕਿਆਂ ’ਚੋਂ ਕਈ ਮਾਮਲੇ ਆ ਰਹੇ ਹਨ।
ਹੁਣ ਕੋਰਟ ਨੇ ਖਤਰਨਾਕ ਕੁੱਤਿਆਂ ਨੂੰ ਜ਼ਹਿਰ ਦਾ ਟੀਕਾ ਲਾਉਣ ਦੀ ਗੱਲ ਕਰ ਕੇ ਸਖਤ ਸੁਨੇਹਾ ਦਿੱਤਾ ਹੈ। ਇਸ ਦਾ ਮਕਸਦ ਉਨ੍ਹਾਂ ਕੁੱਤਿਆਂ ਤੋਂ ਛੁਟਕਾਰਾ ਪਾਉਣਾ ਹੈ ਜੋ ਵਾਰ-ਵਾਰ ਹਮਲਾ ਕਰਦੇ ਹਨ ਅਤੇ ਰੇਬੀਜ਼ ਫੈਲਾਉਂਦੇ ਹਨ। ਜਲੰਧਰ ’ਚ ਅਜਿਹੇ ਕੁੱਤਿਆਂ ਦੀ ਪਛਾਣ ਕਿਵੇਂ ਹੋਵੇਗੀ, ਇਹ ਇਕ ਵੱਡਾ ਸਵਾਲ ਹੈ, ਕਿਉਂਕਿ ਨਗਰ ਨਿਗਮ ਕੋਲ ਨਾ ਤਾਂ ਕੁੱਤਿਆਂ ਦਾ ਸਹੀ ਡੇਟਾ ਹੈ ਤੇ ਨਾ ਹੀ ਉਨ੍ਹਾਂ ਨੂੰ ਟੈਗ ਕਰਨ ਦਾ ਕੋਈ ਪ੍ਰਬੰਧ ਹੈ। ਕਾਰੋਬਾਰੀ ਰਾਕੇਸ਼ ਗੁਪਤਾ ਦਾ ਕਹਿਣਾ ਹੈ ਕਿ ਸਟ੍ਰਾਈਲਾਈਜ਼ੇਸ਼ਨ ਦੇ ਨਾਂ 'ਤੇ ਖਾਨਾਪੂਰੀ ਕੀਤੀ ਜਾਂਦੀ ਹੈ। ਨਗਰ ਨਿਗਮ ਨੂੰ ਇਸ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ ਪਰ ਕਈ ਸਾਲਾਂ ਤੋਂ ਸਿਰਫ ਸਮਾਂ ਬਿਤਾਇਆ ਜਾ ਰਿਹਾ ਹੈ।
---
ਮਾਮਲਾ-1
ਜੁਲਾਈ 2025 : ਜਿਮ ਟ੍ਰੇਨਰ ਨੂੰ 9 ਥਾਈਂ ਵੱਢਿਆ
ਮਾਡਲ ਟਾਊਨ ਇਲਾਕੇ ’ਚ ਇਕ ਜਿਮ ਟ੍ਰੇਨਰ ਚੰਦਰ ਮੋਹਨ 'ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰਕੇ 9 ਥਾਈਂ ਵੱਢਿਆ। ਕੁੱਤਿਆਂ ਦੇ ਇਸ ਹਮਲੇ ’ਚ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਸੀ। ਤੇਜ਼ ਮੋਹਨ ਨਗਰ ਦੇ ਨਿਵਾਸੀ ਚੰਦਰ ਮੋਹਨ ਮਾਡਲ ਟਾਊਨ ’ਚ ਕੰਮ ਲਈ ਗਏ ਸਨ। ਮਾਡਲ ਟਾਊਨ ਵਿਚ ਸੁਵਿਧਾ ਸੈਂਟਰ ਨੇੜੇ ਇਕ ਪਾਰਕ ’ਚ ਬੈਠੇ ਚਾਰ ਕੁੱਤਿਆਂ ਨੇ ਹਮਲਾ ਕੀਤਾ। ਕੁੱਤਿਆਂ ਦੇ ਵੱਢਣ ਨਾਲ ਜਿਮ ਟ੍ਰੇਨਰ ਦਾ ਖੂਨ ਵਗ ਗਿਆ ਕਿ ਉਸ ਨੂੰ ਲਗਪਗ ਚਾਰ ਘੰਟੇ ਆਈਸੀਯੂ ਵਿਚ ਰੱਖਣਾ ਪਿਆ।
--
ਮਾਮਲਾ-2
ਅਪ੍ਰੈਲ 2025: ਟਾਵਰ ਇਨਕਲੇਵ ’ਚ ਬੱਚੇ ਨੂੰ ਨੋਚਿਆ
ਵਡਾਲਾ ਚੌਕ ਨੇੜੇ ਟਾਵਰ ਇਨਕਲੇਵ ’ਚ ਆਵਾਰਾ ਕੁੱਤਿਆਂ ਨੇ ਬੱਚਿਆਂ 'ਤੇ ਹਮਲਾ ਕਰ ਦਿੱਤਾ। ਘਰ ਦੇ ਬਾਹਰ ਖੜ੍ਹੇ 6 ਸਾਲ ਦੇ ਸਾਰਥਿਕ ਨੂੰ ਕੁੱਤੇ ਨੇ ਬਿਰਹਮੀ ਨਾਲ ਨੋਚਿਆ ਤੇ ਧੂਹ ਕੇ ਲੈ ਗਿਆ। ਇਹ ਪੂਰੀ ਘਟਨਾ ਨੇੜੇ ਦੇ ਇਕ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਮੌਕੇ 'ਤੇ ਜਾ ਰਹੀ ਇਕ ਮਹਿਲਾ ਵਕੀਲ ਨੇ ਬੱਚੇ ਨੂੰ ਬਚਾਇਆ ਤੇ ਇਸ ਖ਼ਿਲਾਫ਼ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਸੀ। ਟਾਵਰ ਇਨਕਲੇਵ ਦੇ ਨਿਵਾਸੀਆਂ ਨੇ ਪ੍ਰਸ਼ਾਸਨ ਤੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਗਟਾਇਆ ਸੀ। ਇਸ ਇਲਾਕੇ ’ਚ ਇਹ ਦੂਜੀ ਵੱਡੀ ਘਟਨਾ ਸੀ।
--
ਮਾਮਲਾ-3
ਜੁਲਾਈ 2022 : ਕਮੇਡੀਅਨ ਕਾਕੇ ਸ਼ਾਹ ਵਾਲ-ਵਾਲ ਬਚੇ
ਕਰਤਾਰ ਨਗਰ ’ਚ ਪੰਜਾਬੀ ਕਮੇਡੀਅਨ ਕਾਕੇ ਸ਼ਾਹ ਆਵਾਰਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਣ ਤੋਂ ਬਚ ਗਏ। ਇਹ ਘਟਨਾ ਵੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਸੀ। ਕਾਕੇ ਸ਼ਾਹ ਕਰਤਾਰ ਨਗਰ ਦੀ ਇਕ ਗਲੀ ’ਚ ਪੈਦਲ ਜਾ ਰਹੇ ਸਨ, ਜਦੋਂ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ ਨੂੰ ਘੇਰ ਲਿਆ। ਕਾਕੇ ਸ਼ਾਹ ਨੂੰ ਲੱਗਾ ਕਿ ਡਰਾਉਣੇ ’ਤੇ ਕੁੱਤੇ ਭੱਜ ਜਾਣਗੇ ਪਰ ਇਕ ਕੁੱਤੇ ਨੇ ਉਨ੍ਹਾਂ ਦੀ ਲੱਤ ’ਤੇ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਕਾਕੇ ਸ਼ਾਹ ਨੂੰ ਮਜਬੂਰਨ ਚੱਪਲਾਂ ਲਾਹ ਕੇ ਉਨ੍ਹਾਂ ਨੂੰ ਡਰਾਉਣਾ ਪਿਆ ਤੇ ਖੁਦ ਨੂੰ ਸੁਰੱਖਿਅਤ ਕੀਤਾ।
---
ਡੌਗ ਬਾਈਟਸ ਦੇ ਕੁਝ ਵੱਡੇ ਮਾਮਲੇ
-ਅਗਸਤ 2022 : ਕਾਦੇਸ਼ਾਹ ਚੌਕ ਨੇੜੇ ਦੋ ਬੱਚਿਆਂ ਨੂੰ ਕੁੱਤਿਆਂ ਨੇ ਵੱਢਿਆ।
-ਅਪ੍ਰੈਲ 2023 : ਵਿਕਰਮਪੁਰਾ ’ਚ ਮਾਤਾ ਚਿੰਤਾਪੂਰਨੀ ਮੰਦਰ ਨੇੜੇ ਸਵੀਟ ਸ਼ਾਪ ਦੇ ਮਾਲਕ 'ਤੇ ਕੁੱਤਿਆਂ ਦਾ ਹਮਲਾ।
-ਫਰਵਰੀ 2024 : ਅਸ਼ੋਕ ਨਗਰ ’ਚ 65 ਸਾਲ ਦੀ ਬਜ਼ੁਰਗ ਔਰਤ 'ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕੀਤਾ।
-ਅਕਤੂਬਰ 2024 : ਪੱਕਾ ਬਾਗ ’ਚ ਔਰਤਾਂ ਦੀਆਂ ਲੱਤਾਂ 'ਤੇ ਡੂੰਘੇ ਜ਼ਖਮ ਕਰ ਦਿੱਤੇ।
-ਜੁਲਾਈ 2025: ਨਿਊ ਹਰਬੰਸ ਨਗਰ ਵਾਸੀ ਕੁੱਤਿਆਂ ਦੇ ਹਮਲੇ ਕਾਰਨ ਸਕੂਟਰ ਤੋਂ ਡਿੱਗੇ, ਸਿਰ 'ਤੇ ਸੱਟ ਨਾਲ ਕਈ ਦਿਨ ਆਈਸੀਯੂ ’ਚ ਰਹੇ।