-ਕਰਤਾਰਪੁਰ ਦੇ ਹਸਪਤਾਲ ਦੇ

-ਕਰਤਾਰਪੁਰ ਦੇ ਹਸਪਤਾਲ ਦੇ ਸ਼ੀਸ਼ੇ ਟੁੱਟੇ, ਮਰੀਜ਼ਾਂ, ਪਰਿਵਾਰਕ ਮੈਂਬਰ ਤੇ ਸਟਾਫ ’ਚ ਦਹਿਸ਼ਤ
-ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ
ਜਾਸ, ਜਲੰਧਰ : ਕਰਤਾਰਪੁਰ ’ਚ ਇਕ ਡਾਕਟਰ ਤੋਂ ਪੰਜ ਕਰੋੜ ਦੀ ਰੰਗਦਾਰੀ ਮੰਗਣ ਦੇ ਮਾਮਲੇ ਵਿਚ ਕੁਝ ਨੌਜਵਾਨਾਂ ਨੇ ਹਸਪਤਾਲ 'ਤੇ ਗੋਲੀਆਂ ਚਲਾਈਆਂ। ਇਸ ਕਾਰਨ ਹਸਪਤਾਲ ਦੇ ਸ਼ੀਸ਼ੇ ਟੁੱਟ ਗਏ। ਥਾਣਾ ਕਰਤਾਰਪੁਰ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ 11 ਮਈ ਦੀ ਹੈ।
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਕਰਤਾਰਪੁਰ ਦੇ ਰਹਿਣ ਵਾਲੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਵ੍ਹਟਸਐਪ ਨੰਬਰ 'ਤੇ ਇਕ ਕਾਲ ਆਈ, ਜਿਸ ’ਚ ਉਨ੍ਹਾਂ ਤੋਂ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਪੰਜ ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ। ਰਕਮ ਨਾ ਦੇਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੱਲ ਨਹੀਂ ਮੰਨੀ ਤਾਂ 11 ਮਈ ਦੀ ਰਾਤ ਕੁਝ ਨੌਜਵਾਨ ਹਸਪਤਾਲ ਪੁੱਜੇ ਤੇ ਬਾਹਰ ਸ਼ੀਸ਼ਿਆਂ 'ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਮਗਰੋਂ ਹਸਪਤਾਲ ’ਚ ਮੌਜੂਦ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸਟਾਫ ’ਚ ਡਰ ਦਾ ਮਾਹੌਲ ਬਣ ਗਿਆ। ਅਚਾਨਕ ਹੋਏ ਹਮਲੇ ਕਾਰਨ ਲੋਕ ਇੱਧਰ-ਉੱਧਰ ਭੱਜਣ ਲੱਗੇ। ਜਾਣਕਾਰੀ ਮਿਲਦਿਆਂ ਹੀ ਥਾਣਾ ਕਰਤਾਰਪੁਰ ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਹਾਲਾਤ ਨੂੰ ਸੰਭਾਲਿਆ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਹੀ ਸ਼ਿਕਾਇਤਕਰਤਾ ਨੂੰ ਧਮਕੀਆਂ ਦੇ ਰਹੇ ਸਨ। ਪੁਲਿਸ ਹੁਣ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼, ਗੈਂਗਵਾਰ ਜਾਂ ਰੰਗਦਾਰੀ ਨਾਲ ਜੁੜਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਨ ਲਈ ਤਕਨੀਕੀ ਜਾਂਚ ਤੇ ਮੋਬਾਈਲ ਡੀਟੇਲ ਖੰਘਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
---
ਇਧਰ, ਭੋਗਪੁਰ ਦੇ ਕਾਰੋਬਾਰੀ ਤੋਂ 30 ਲੱਖ ਦੀ ਰੰਗਦਾਰੀ ਮੰਗੀ
ਜਲੰਧਰ: ਭੋਗਪੁਰ ਦੇ ਇਕ ਕਾਰੋਬਾਰੀ ਨੂੰ ਡਾਨੀ ਬਲ ਨਾਂ ਦੇ ਬਦਮਾਸ਼ ਨੇ ਧਮਕੀਆਂ ਦੇ ਕੇ 30 ਲੱਖ ਰੁਪਏ ਦੀ ਰੰਗਦਾਰੀ ਮੰਗੀ। ਕਾਰੋਬਾਰੀ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ। ਮੁਲਜ਼ਮ ਨੇ ਮੋਬਾਈਲ ਫੋਨ ਜ਼ਰੀਏ ਸੰਪਰਕ ਕਰ ਕੇ ਪੈਸੇ ਨਾ ਦੇਣ ’ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਸ਼ਿਕਾਇਤ ਮਿਲਣ ਮਗਰੋਂ ਥਾਣਾ ਭੋਗਪੁਰ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ’ਚ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਇਸ ਵੇਲੇ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੋਬਾਈਲ ਨੰਬਰਾਂ ਤੇ ਕਾਲ ਡੀਟੇਲਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਬਾਅ ਬਣਾ ਕੇ ਰਕਮ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਹੈ।