ਮਜ਼ਦੂਰ ਦਿਹਾੜਾ ਮਨਾਉਣ ਉਪਰੰਤ ਕੀਤਾ ਰੋਸ ਮੁਜ਼ਾਹਰਾ
ਡੀਐੱਮਐੱਫ ਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਦਿਹਾੜੇ 'ਤੇ ਮਜ਼ਦੂਰ ਸਮਾਗਮ ਤੇ ਮੁਜ਼ਾਹਰਾ
Publish Date: Fri, 01 May 2026 09:39 PM (IST)
Updated Date: Fri, 01 May 2026 09:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਬਾਬਾ ਵਿਸ਼ਨੂੰ ਗਣੇਸ਼ ਪਿੰਗਲਾ ਹਾਲ ਵਿਖੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਮਜ਼ਦੂਰ ਸਮਾਗਮ ਕੀਤਾ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਆਸ਼ਾ, ਮਿੱਡ ਡੇਅ ਮੀਲ ਵਰਕਰਜ਼, ਪੇਂਡੂ ਮਜ਼ਦੂਰਾਂ ਅਤੇ ਹੋਰ ਮਿਹਨਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਹਰਿੰਦਰ ਦੁਸਾਂਝ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਈ ਦਿਵਸ ਦੇ ਸ਼ਹੀਦ ਪੂੰਜੀਵਾਦ ਨੂੰ ਨਫ਼ਰਤ ਕਰਦੇ ਸਨ, ਕਿਉਂਕਿ ਇਹ ਕੁਝ ਲੋਕਾਂ ਦੁਆਰਾ ਬਹੁਤ ਸਾਰੇ ਲੋਕਾਂ ਦੇ ਸ਼ੋਸ਼ਣ ਤੇ ਅਧਾਰਤ ਹੈ। ਉਹ ਸਮਾਜਵਾਦ ਦੀ ਵਕਾਲਤ ਕਰਦੇ ਸਨ ਕਿਉਂਕਿ ਇਹ ਹਰੇਕ ਮਨੁੱਖ ਦੀ ਭਲਾਈ ਨੂੰ ਸੁਰੱਖਿਅਤ ਕਰ ਸਕਦਾ ਹੈ। ਇਨ੍ਹਾਂ ਸ਼ਹੀਦਾਂ ਵਲੋਂ ਪੂੰਜੀਵਾਦ ਦੇ ਬਦਲ ਵਜੋਂ ਸਮਾਜਵਾਦ ਲਈ ਦਿੱਤਾ ਗਿਆ ਸੱਦਾ ਅਜੋਕੇ ਪੂੰਜੀਵਾਦ ਦੇ ਸੰਸਾਰ ਵਿੱਚ ਬਹੁਤ ਸਾਰਥਕ ਹੈ। ਚਾਰ ਲੇਬਰ ਕੋਡ ਬਾਰੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਦੇਖਿਆ ਜਾਵੇ ਤਾਂ ਚਾਰ ਲੇਬਰ ਕੋਡ ਜੇਕਰ ਲਾਗੂ ਕੀਤੇ ਜਾਂਦੇ ਹਨ ਤਾਂ ਬੇਰੁਜ਼ਗਾਰੀ ਵਧੇਗੀ ਅਤੇ ਨੌਕਰੀਆਂ ਦੇ ਨੁਕਸਾਨ ਵਿੱਚ ਹੋਰ ਵਾਧਾ ਕਰਨਗੇ। ਇਸ ਦਾ ਅਰਥਚਾਰੇ ਤੇ ਹੋਰ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਆਰਐੱਸਐੱਸ-ਭਾਜਪਾ ਸਰਕਾਰ ਜਨਤਕ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਆਪਣੀ ਵਚਨਬੱਧਤਾ ਦਾ ਐਲਾਨ ਕਰਦੀ ਰਹੀ ਹੈ। ਜਨਤਕ ਖੇਤਰ ਦੇ ਉਦਯੋਗ ਅਤੇ ਜਨਤਕ ਖੇਤਰ ਦੇ ਬੈਂਕ ਪਹਿਲਾਂ ਹੀ ਨਿੱਜੀਕਰਨ ਦੀ ਤਲਵਾਰ ਹੇਠ ਹਨ। ਉਨ੍ਹਾਂ ਕਿਹਾ ਕਿ ਇਹ ਮਈ ਦਿਵਸ ਅਜਿਹੇ ਸਮੇਂ ਆਇਆ ਹੈ ਜਦੋਂ ਕਿਰਤੀ ਵਰਗ ਅਤੇ ਆਮ ਲੋਕ ਡੀਜ਼ਲ, ਗੈਸ ਵਰਗੀਆਂ ਤੇਲ ਦੀਆਂ ਕੀਮਤਾਂ ਸਮੇਤ ਹੋਰ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਹੇਠ ਦੱਬੇ ਜਾ ਰਹੇ ਹਨ। ਟਰਾਂਸਪੋਰਟ ਕਾਮਿਆਂ, ਆਟੋ ਵਰਕਰਾਂ ਨੂੰ ਭਾਰੀ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਮਜਦੂਰਾਂ ਦੇ ਸੰਘਰਸ਼ ਫੁਟ ਰਹੇ ਹਨ। ਹੜਤਾਲਾਂ, ਧਰਨੇ, ਮੁਜ਼ਾਹਰੇ ਜਾਰੀ ਹਨ। ਇਹ ਸੰਘਰਸ਼ਸ਼ੀਲ ਮਜ਼ਦੂਰ ਨਾ ਸਿਰਫ ਆਪਣੀ ਸਗੋਂ ਸਾਰੇ ਦੇਸ਼ ਦੇ ਮਜ਼ਦੂਰ ਵਰਗ ਦੀ ਲੜਾਈ ਲੜ ਰਹੇ ਹਨ। ਇਸ ਲਈ ਸਾਨੂੰ ਇਨ੍ਹਾਂ ਦੇ ਸਮਰਥਨ ਵਿੱਚ ਡਟਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕੌਮੀ ਪੱਧਰ ਅਤੇ ਕੌਮਾਂਤਰੀ ਪੱਧਰ ’ਤੇ ਕਿਰਤੀ ਵਰਗ ਅੱਗੇ ਵੱਡੀਆਂ ਚੁਣੌਤੀਆਂ ਹਨ। ਦੇਸ਼ ਵਿਚ ਕੰਮ ਸਥਾਨਾਂ ਦੀ ਅਸੁਰੱਖਿਆ ਨਿੱਤ ਮਜ਼ਦੂਰਾਂ ਦੀਆਂ ਜਾਨਾਂ ਲੈ ਰਹੀ ਹੈ। ਮਾਲਕਾਂ ਖਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ ਮਾਲਕਾਂ ਦੀ ਪਿੱਠ ਥਾਪੜ ਰਹੀਆਂ ਹਨ। ਇਹ ਸਰਕਾਰਾਂ ਕਿਰਤੀਆਂ, ਕਿਸਾਨਾਂ, ਮੁਲਾਜ਼ਮਾਂ ਦੇ ਪੁਰਅਮਨ ਰੈਲੀਆਂ, ਧਰਨਿਆਂ ਅਤੇ ਮੁਜ਼ਾਹਰਿਆਂ ਉੱਤੇ ਫਾਸ਼ੀਵਾਦੀ ਹੱਲੇ ਬੋਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਵਿਚ ਧਾਰਮਿਕ ਜਨੂੰਨ ਭੜਕਾ ਕੇ ਉਨ੍ਹਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾ ਕੇ ਪੂੰਜੀਪਤੀਆਂ ਦੀ ਸੇਵਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲੋਕਾਂ ਨਾਲ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ ਅਤੇ ਇਸਦੇ ਲਈ ਨਵੇਂ ਨਵੇਂ ਬਹਾਨੇ ਘੜ ਰਹੀ ਹੈ। ਉਨ੍ਹਾਂ ਮਈ ਦਿਵਸ ਤੇ ਮਜ਼ਦੂਰ ਜਮਾਤ ਤੇ ਹੋ ਰਹੇ ਹਮਲਿਆਂ ਦਾ ਟਾਕਰਾ ਕਰਨ ਅਤੇ ਹੱਕਾਂ ਦੀ ਰਾਖੀ ਅਤੇ ਨੌਕਰੀਆਂ ਦੀ ਰਾਖੀ ਲਈ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਵਾਉਣ, ਘੱਟੋਂ ਘੱਟ ਉਜਰਤ 30 ਹਜ਼ਾਰ ਰੁਪਏ ਕਰਵਾਉਣ, ਦਿਹਾੜੀ 8 ਘੰਟੇ ਕਰਨ, ਆਸ਼ਾ,ਮਿੱਡ ਡੇਅ ਮੀਲ ਵਰਕਰਜ਼ ਸਮੇਤ ਕੱਚੇ ਕਾਮਿਆਂ ਨੂੰ ਪੱਕੇ ਕਰਨ ਆਦਿ ਲਈ ਜਥੇਬੰਦ ਜਨਤਕ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਇਸ ਮੌਕੇ ਡੈਮੋਕ੍ਰੇਟਿਕ ਆਸ਼ਾ ਅਤੇ ਫੈਸਿਲੀਟੇਟਰ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਆਗੂ ਜਸਵੀਰ ਕੌਰ ਜੱਸੀ ਆਦਿ ਨੇ ਵੀ ਸੰਬੋਧਨ ਕੀਤਾ।