ਜ਼ਿਲ੍ਹਾ ਪ੍ਰੀਸ਼ਦ ਦੇ 21 ਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਲਈ ਅੱਜ ਪੈਣਗੀਆ ਵੋਟਾਂ, 1209 ਪੋਲਿੰਗ ਬੂਥਾਂ ਲਈ ਪਾਰਟੀਆਂ ਰਵਾਨਾ
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ, ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਰਵਾਈਆਂ ਜਾਣਗੀਆਂ ਸ਼ਾਂਤਮਈ ਤੇ ਨਿਰਪੱਖ ਚੋਣਾਂ : ਡਿਪਟੀ ਕਮਿਸ਼ਨਰ
Publish Date: Sat, 13 Dec 2025 08:01 PM (IST)
Updated Date: Sat, 13 Dec 2025 08:03 PM (IST)

-ਚੋਣਾਂ ’ਚ ਖੜ੍ਹੇ ਕੁੱਲ 669 ਉਮੀਦਵਾਰਾਂ ਦੀ ਕਿਮਸਤ ਦਾ ਫੈਸਲਾ ਕਰਨਗੇ ਜ਼ਿਲ੍ਹੇ ਦੇ 8,30,669 ਵੋਟਰ -ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਰ ਕਰ ਸਕਣਗੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰੀਸ਼ਦ ਦੇ 21 ਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਲਈ ਜ਼ਿਲ੍ਹੇ ਦੇ 8,30,669 ਵੋਟਰਾਂ ਵੱਲੋਂ ਕੁੱਲ 669 ਉਮੀਦਵਾਰਾਂ ਦੀ ਕਿਮਸਤ 14 ਦਸੰਬਰ ਨੂੰ ਈਵੀਐੱਮ ’ਚ ਬੰਦ ਕਰ ਦਿੱਤੀ ਜਾਵੇਗੀ। ਇਨ੍ਹਾਂ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨੇ ਜਾਣਗੇ। ਜ਼ਿਲ੍ਹੇ ’ਚ ਬਣਾਏ ਗਏ 1209 ਪੋਲਿੰਗ ਬੂਥਾਂ ਲਈ ਸ਼ਨਿਚਰਵਾਰ ਨੂੰ ਵੱਖ-ਵੱਖ ਕੇਂਦਰਾਂ ਤੋਂ ਸਹਾਇਕ ਰਿਟਰਨਿੰਗ ਅਫਸਰਾਂ ਵੱਲੋਂ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ। ਪੋਲਿੰਗ ਪਾਰਟੀਆਂ ਨੇ ਬੂਥਾਂ ’ਤੇ ਪੁੱਜ ਕੇ ਚੋਣ ਸਮੱਗਰੀ ਦੀ ਸੈਟਿੰਗ ਵੀ ਕਰ ਲਈ। ਵੋਟਾਂ ਪੈਣ ਦਾ ਅਮਲ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਇਸ ਉਪਰੰਤ ਈਵੀਐੱਮ ਸਟਰਾਂਗ ਰੂਮਾਂ ’ਚ ਜਮ੍ਹਾਂ ਕਰਵਾ ਦਿੱਤੀਆ ਜਾਣਗੀਆਂ, ਜਿਸ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ 21 ਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਦੌਰਾਨ ਵੋਟਰਾਂ ਦੀ ਸਹੂਲਤ ਲਈ ਕੁੱਲ 1209 ਪੋਲਿੰਗ ਬੂਥ ਬਣਾਏ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਨਕੋਦਰ ਦੇ 19 ਜ਼ੋਨਾਂ ਲਈ 130 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਪੰਚਾਇਤ ਸੰਮਤੀ ਮਹਿਤਪੁਰ ਦੇ 15 ਜ਼ੋਨਾਂ ਲਈ 83, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਫਿਲੌਰ ਦੇ 20 ਜ਼ੋਨਾਂ ਲਈ 129, ਜ਼ਿਲ੍ਹਾ ਪ੍ਰੀਸ਼ਦ ਦੇ 3 ਤੇ ਪੰਚਾਇਤ ਸੰਮਤੀ ਆਦਮਪੁਰ ਦੇ 25 ਜ਼ੋਨਾਂ ਲਈ 200 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਭੋਗਪੁਰ ਦੇ 15 ਜ਼ੋਨਾਂ ਲਈ 108, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ 15 ਜ਼ੋਨਾਂ ਲਈ 86, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਰੁੜਕਾ ਕਲਾਂ ਦੇ 15 ਜ਼ੋਨਾਂ ਲਈ 96 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19 ਜ਼ੋਨਾਂ ਲਈ 116, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਨੂਰਮਹਿਲ ਦੇ 15 ਜ਼ੋਨਾਂ ਲਈ 88, ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਪੰਚਾਇਤ ਸੰਮਤੀ ਸ਼ਾਹਕੋਟ ਦੇ 15 ਜ਼ੋਨਾਂ ਲਈ 90 ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਤੇ ਪੰਚਾਇਤ ਸੰਮਤੀ ਲੋਹੀਆਂ ਖਾਸ ਦੇ 15 ਜ਼ੋਨਾਂ ਲਈ 83 ਪੋਲਿੰਗ ਬੂਥ ਬਣਾਏ ਗਏ ਹਨ। --- ਸ਼ਾਂਤਮਈ ਤੇ ਨਿਰਪੱਖ ਚੋਣਾਂ ਕਰਵਾਈਆਂ ਜਾਣਗੀਆਂ : ਡੀਸੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸ਼ਾਂਤਮਈ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਹਰੇਕ ਪੁਲਿੰਗ ਬੂਥ ’ਤੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਬਿਨ੍ਹਾਂ ਕਿਸੇ ਡਰ ਤੇ ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। --- ਚੋਣਾਂ ਦੌਰਾਨ ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ : ਐੱਸਐੱਸਪੀ ਐੱਸਐੱਸਪੀ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਸਮੇਤ 2500 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਚੋਣ ਦੌਰਾਨ ਕਾਨੂੰਨ-ਵਿਵਸਥਾ ਬਣੀ ਰਹੇ। ਉਨ੍ਹਾਂ ਦੱਸਿਆ ਕਿ 3 ਐੱਸਪੀਜ਼, 12 ਡੀਐੱਸਪੀਜ਼ ਤੇ 15 ਐੱਸਐੱਚਓਜ਼ ਤਾਇਨਾਤ ਹਨ ਤੇ ਆਪੋ-ਆਪਣੇ ਇਲਾਕਿਆਂ ਦੀ ਨਿਗਰਾਨੀ ਕਰ ਰਹੇ ਹਨ। ਹਰ ਸਬ ਡਵੀਜ਼ਨ ’ਚ 2 ਡੀਐੱਸਪੀ ਰੈਂਕ ਦੇ ਅਧਿਕਾਰੀ ਤੇ 2 ਸਬ ਡਿਵੀਜ਼ਨਾਂ ਲਈ 1 ਐੱਸਪੀ ਰੈਂਕ ਦਾ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਚੋਣ ਦੌਰਾਨ ਕੋਈ ਵੀ ਸ਼ੱਕੀ ਹਲਚਲ, ਤਕਰਾਰ, ਗਲਤ ਗਤੀਵਿਧੀ ਜਾਂ ਕਾਨੂੰਨ ਦੀ ਉਲੰਘਣਾ ਦੇਖਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 112 ਹੈਲਪਲਾਈਨ ਜਾਂ ਜਲੰਧਰ ਦਿਹਾਤੀ ਪੁਲਿਸ ਕੰਟਰੋਲ ਰੂਮ 78373-40100 ’ਤੇ ਕਾਲ ਵੀ ਕੀਤੀ ਜਾ ਸਕਦੀ ਹੈ। ------------------- ਚੋਣਾਂ ਦੌਰਾਨ 14 ਤਰ੍ਹਾਂ ਦੇ ਦਸਤਾਵੇਜ਼ ਦਿਖਾ ਕੇ ਪਾਈ ਜਾ ਸਕੇਗੀ ਵੋਟ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ’ਚ ਚੋਣਾਂ ਦੌਰਾਨ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ ਸਮਰੱਥ ਅਥਾਰਟੀਆਂ ਵੱਲੋਂ ਜਾਰੀ ਕੀਤੇ ਗਏ 14 ਤਰ੍ਹਾਂ ਦੇ ਹੋਰ ਯੋਗ ਦਸਤਾਵੇਜ਼ ਦਿਖਾਕੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਪਛਾਣ ਲਈ ਰਾਜ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024 ਦੌਰਾਨ ਅਪਣਾਈ ਗਈ ਪ੍ਰਕਿਰਿਆ ਨੂੰ ਅਪਣਾਇਆ ਗਿਆ ਹੈ। ਜੇ ਕਿਸੇ ਵੋਟਰ ਪਾਸ ਵੈਲਿਡ ਵੋਟਰ ਫੋਟੋ ਸ਼ਨਾਖਤੀ ਕਾਰਡ ਮੌਜੂਦ ਨਹੀਂ ਹੈ, ਤਾਂ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਅਧਾਰ ਕਾਰਡ, ਮਗਨਰੇਗਾ ਜਾਬ ਕਾਰਡ, ਬੈਂਕ/ਡਾਕਖਾਨੇ ਵੱਲੋਂ ਫੋਟੋ ਸਮੇਤ ਜਾਰੀ ਪਾਸਬੁੱਕ, ਕਿਰਤ ਮੰਤਰਾਲੇ ਵੱਲੋਂ ਜਾਰੀ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਡਰਾਇਵਿੰਗ ਲਾਇਸੰਸ, ਪੈਨ ਕਾਰਡ, ਆਰਜੀਆਈ ਵੱਲੋਂ ਜਾਰੀ ਸਮਾਰਟ ਕਾਰਡ, ਇੰਡੀਅਨ ਪਾਸਪੋਰਟ, ਰਾਸ਼ਨ/ਨੀਲਾ ਕਾਰਡ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਕੇਂਦਰ/ਰਾਜ ਸਰਕਾਰ/ਪੀਐੱਸਯੂ/ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਜਾਰੀ ਸਰਵਿਸ ਪਛਾਣ ਕਾਰਡ, ਐੱਮਪੀਜ਼ ਤੇ ਐੱਮਐੱਲਏਜ਼ ਨੂੰ ਜਾਰੀ ਆਫ਼ੀਸ਼ੀਅਲ ਕਾਰਡ, ਯੂਨੀਕ ਦਿਵਿਆਂਗਤਾ ਪਛਾਣ ਕਾਰਡ, ਮਾਨਤਾ ਪ੍ਰਾਪਤ ਸੰਸਥਾ ਵੱਲੋਂ ਜਾਰੀ ਵਿਦਿਆਰਥੀ ਪਛਾਣ ਕਾਰਡ ਦਿਖਾ ਕੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਸਮੇਂ ਆਪਣੇ ਨਾਲ ਵੈਲਿਡ ਦਸਤਾਵੇਜ਼ ਜ਼ਰੂਰ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਸਮੇਂ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।