ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਯੂਨੀਕ ਹੋਮ ’ਚ ਮਨਾਇਆ ਬੱਚਿਆਂ ਦਾ ਜਨਮ ਦਿਨ
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਯੂਨੀਕ ਹੋਮ ਦਾ ਕੀਤਾ ਦੌਰਾ, ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ
Publish Date: Fri, 24 Apr 2026 10:56 PM (IST)
Updated Date: Fri, 24 Apr 2026 10:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੱਕ ਨਿੱਘੇ ਤੇ ਹਮਦਰਦੀ ਭਰੇ ਕਦਮ ਤਹਿਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨਿਰਭਓ ਸਿੰਘ ਗਿੱਲ ਨੇ ਯੂਨੀਕ ਹੋਮ ਸੰਸਥਾ ਵਿਚ ਰਹਿ ਰਹੇ ਬੱਚਿਆਂ ਦੇ ਸਾਂਝੇ ਜਨਮ ਦਿਨ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਇਸ ਸੰਸਥਾ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸ਼੍ਰੀ ਰਾਹੁਲ ਕੁਮਾਰ ਆਜ਼ਾਦ, ਸੀਜੇਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਜਲੰਧਰ ਵੀ ਮੌਜੂਦ ਸਨ। ਇਸ ਦੌਰੇ ਦਾ ਮੁੱਖ ਉਦੇਸ਼ ਬੱਚਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਉਣਾ ਅਤੇ ਕਾਨੂੰਨੀ ਤੇ ਸਮਾਜਿਕ ਸੁਰੱਖਿਆ ਤਹਿਤ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਸੀ। ਜਿੱਥੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਤੇ ਰਾਹੁਲ ਕੁਮਾਰ ਆਜ਼ਾਦ ਨੇ ਬੱਚਿਆਂ ਨਾਲ ਨੇੜਿਓਂ ਗੱਲਬਾਤ ਕੀਤੀ। ਨਿਆਇਕ ਅਧਿਕਾਰੀਆਂ ਨੇ ਬੱਚਿਆਂ ਨਾਲ ਰਲ ਕੇ ਕੇਕ ਕੱਟਿਆ। ਇਹ ਕੇਕ ਉਨ੍ਹਾਂ ਸਾਰੇ ਬੱਚਿਆਂ ਦੇ ਸਾਂਝੇ ਜਨਮ ਦਿਨ ਵਜੋਂ ਕੱਟਿਆ ਗਿਆ ਜਿਨ੍ਹਾਂ ਨੂੰ ਆਪਣੀ ਜਨਮ ਮਿਤੀ ਬਾਰੇ ਪਤਾ ਨਹੀਂ ਹੈ। ਇਸ ਦੌਰਾਨ ਅਧਿਕਾਰੀਆਂ ਨੇ ਯੂਨੀਕ ਹੋਮ ਵਿਚ ਬੱਚਿਆਂ ਦੇ ਰਹਿਣ-ਸਹਿਣ, ਖ਼ੁਰਾਕ ਅਤੇ ਵਿੱਦਿਅਕ ਸਹੂਲਤਾਂ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਉਨ੍ਹਾਂ ਹੋਮ ਦੇ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਸੀਨੀਅਰ ਸਹਾਇਕ ਜਗਨ ਨਾਥ ਵੀ ਮੌਜੂਦ ਸਨ।