ਬਿਜਲੀ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਜ਼ਿਲ੍ਹਾ ਅਕਾਲੀ ਦਲ ਨੇ ਦਿੱਤਾ ਧਰਨਾ
ਬਿਜਲੀ ਦੇ ਮਾੜੇ ਪ੍ਰਬੰਧਾਂ ਦੇ ਚਲਦਿਆਂ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਦਿੱਤਾ ਧਰਨਾ
Publish Date: Thu, 30 Apr 2026 07:33 PM (IST)
Updated Date: Thu, 30 Apr 2026 07:34 PM (IST)
-ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਕਾਰਨ ਲੱਗ ਰਹੇ ਲੰਮੇ ਲੰਮੇ ਬਿਜਲੀ ਕੱਟਾ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਵੱਲੋਂ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਾਇਆ ਗਿਆ। ਉਪਰੰਤ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਮੌਕੇ ਤੇ ਹਾਜ਼ਰ ਨਾ ਮਿਲਣ ਕਾਰਨ ਐੱਸਡੀਐੱਮ-1 ਨਵਦੀਪ ਸਿੰਘ ਨੂੰ ਰਾਜਪਾਲ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਗਰਮੀਆਂ ਦੀ ਸ਼ੁਰੂਆਤ ਮੌਕੇ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਪੰਜਾਬ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਕਈ ਕਸਬਿਆਂ, ਸ਼ਹਿਰਾਂ ਵਿਚ ਕਈ ਕਈ ਘੰਟਿਆਂ ਦੇ ਕੱਟ ਲਗ ਰਹੇ ਹਨ। ਜਿਸ ਕਾਰਨ ਜਿਥੇ ਘਰੇਲੂ ਹਾਲਾਤ ਤਾਂ ਤਰਸਯੋਗ ਬਣੇ ਹੋਏ ਹਨ ਉਥੇ ਸਮੁੱਚੇ ਰੂਪ ਵਿਚ ਇਹ ਸਥਿਤੀ ਹਰ ਤਰ੍ਹਾਂ ਦੇ ਉਤਪਾਦਨ ’ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਭਿਆਨਕ ਬਿਜਲੀ ਕੱਟ ਕੋਈ ਅਚਾਨਕ ਨਹੀਂ ਹਨ, ਇਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਮਾੜੀ ਯੋਜਨਾਬੰਦੀ ਤੇ ਪ੍ਰਸ਼ਾਸਕੀ ਅਯੋਗਤਾ ਦਾ ਨਤੀਜਾ ਹੈ। ਬਿਜਲੀ ਸੰਕਟ ਦੇ ਘਾਟੇ ਨੂੰ ਪੂਰਾ ਕਰਨ ਲਈ ਬਦਲਵੀਆਂ ਯੋਜਨਾਵਾਂ ਬਨਾਉਣ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਸਫ਼ਲ ਹੋ ਗਈ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ 24 ਘੰਟੇ ਬਿਜਲੀ ਦੇਣ ਦੇ ਵਾਅਦੇ ਕਰ ਰਹੇ ਸਨ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਵਾਏ ਗਏ ਥਰਮਲ ਪਲਾਂਟ ਬੰਦ ਕਰ ਦਿੱਤੇ ਹਨ। ਉਨ੍ਹਾਂ ਰਾਜਪਾਲ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਬਿਜਲੀ ਸਪਲਾਈ ਦੇਣ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਲਈ ਬਿਜਲੀ ਸੰਕਟ ਸਬੰਧੀ ਮਾੜੇ ਪ੍ਰਬੰਧਾਂ ਨੂੰ ਠੀਕ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਪੰਜਾਬ ਦੇ ਪਰੇਸ਼ਾਨ ਹੋ ਰਹੇ ਲੋਕਾਂ ਨੂੰ ਅਤੇ ਪੰਜਾਬ ਦੇ ਬਰਬਾਦ ਹੋ ਰਹੇ ਉਦਯੋਗ ਨੂੰ ਬਚਾਇਆ ਜਾ ਸਕੇ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਮਨਿੰਦਰਪਾਲ ਸਿੰਘ ਗੁੰਬਰ, ਵਿਨੋਦ ਕੌਲ, ਗੁਰਪ੍ਰੀਤ ਸਿੰਘ ਰੰਧਾਵਾ, ਅਰਜਨ ਬੈਹਲ,ਸੁਰਜੀਤ ਸਿੰਘ ਨੀਲਾਮਹਿਲ, ਮਨੀਸ਼ ਗਿੱਲ,ਗੁਰਬਚਨ ਸਿੰਘ ਕਥੂਰੀਆ,ਰਾਜਬੀਰ ਸਿੰਘ ਸ਼ੰਟੀ, ਰਵਿੰਦਰ ਸਿੰਘ ਸਵੀਟੀ, ਮਨਬੀਰ ਸਿੰਘ ਅਕਾਲੀ, ਦਲਵਿੰਦਰ ਸਿੰਘ ਬੜਿੰਗ, ਆਬਿਦ ਹਸਨ ਸਲਮਾਨੀ ,ਹਰਦੀਪ ਸਿੰਘ ਸਿੱਧੂ ਜਸਵੀਰ ਸਿੰਘ ਵਾਲੀਆ, ਜਗਦੇਵ ਸਿੰਘ ਜੰਗੀ, ਗੁਰਜੀਤ ਸਿੰਘ ਪੋਪਲੀ ਆਦਿ ਹਾਜ਼ਰ ਸਨ।