ਨਵੀਂ ਸਬਜ਼ੀ ਮੰਡੀ ’ਚ ਗੋਲ਼ੀ ਚੱਲਣ ਨਾਲ ਦੋ ਜਣੇ ਜ਼ਖ਼ਮੀ
ਨਵੀਂ ਸਬਜੀ ਮੰਡੀ ’ਚ ਦੋ ਧਿਰਾਂ ਦਾ ਹੋਇਆ ਵਿਵਾਦ, ਗੋਲੀ ਚੱਲਣ ਨਾਲ ਦੋ ਵਿਅਕਤੀ ਹੋਏ ਜਖਮੀ
Publish Date: Tue, 12 May 2026 09:49 PM (IST)
Updated Date: Tue, 12 May 2026 09:51 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਥਾਣਾ ਇਕ ਅਧੀਨ ਆਉਂਦੀ ਨਵੀਂ ਸਬਜ਼ੀ ਮੰਡੀ ਮਕਸੂਦਾ 'ਚ ਸ਼ਾਮ ਨੂੰ ਹੋਏ ਦੋ ਧਿਰਾਂ ਦੇ ਵਿਵਾਦ ਦੌਰਾਨ ਇਕ ਧਿਰ ਵੱਲੋਂ ਗੋਲੀ ਚਲਾਈ ਜਾਣ ’ਤੇ ਦੋ ਵਿਅਕਤੀ ਜ਼ਖਮੀ ਹੋ ਗਏ। ਮੌਕੇ ’ਤੇ ਐੱਸਪੀ ਆਕਰਸ਼ੀ ਜੈਨ, ਏਸੀਪੀ ਅਸ਼ੋਕ ਮੀਨਾ, ਥਾਣਾ-1 ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਸਮੇਤ ਪੁਲਿਸ ਫੋਰਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਮਾਰਕੀਟ ਕਮੇਟੀ ਦੇ ਦਫਤਰ ਦੇ ਸਾਹਮਣੇ ਸਥਿਤ ਫੜ ਨੰਬਰ 135 ਤੇ ਫੜ ਨੂੰ ਲੈ ਕੇ ਹੋਏ ਦੋ ਧਿਰਾਂ ਦੇ ਵਿਵਾਦ ਦੌਰਾਨ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੰਨੀ ਬੱਤਰਾ ਤੇ ਮੋਨੂੰ ਪੁਰੀ ਵਿਚਾਲੇ ਝਗੜਾ ਹੋਇਆ ਹੈ। ਜ਼ਿਕਰਯੋਗ ਹੈ ਕਿ ਆੜ੍ਹਤੀ ਐਸੋਸੀਏਸ਼ਨ ਨੂੰ ਕੁਝ ਸਮਾਂ ਪਹਿਲਾਂ ਭੰਗ ਕਰ ਕੇ ਮੰਡੀ ਦੇ ਆੜ੍ਹਤੀਏ ਇਕੱਤਰ ਹੋਏ ਸਨ ਤੇ ਹੋਰ ਵਿਅਕਤੀਆਂ ਸਮੇਤ ਇਨ੍ਹਾਂ ਦੋਵਾਂ ਜ਼ਖਮੀਆਂ ਦੇ ਵੀ ਅਸਤੀਫੇ ਲੈ ਗਏ ਸਨ। ਸ਼ਾਮ ਵਕਤ ਜਦੋਂ ਸਾਰੇ ਆੜ੍ਹਤੀਏ ਘਰਾਂ ਨੂੰ ਚਲੇ ਗਏ ਤਾਂ ਦੋਵਾਂ ਧਿਰਾਂ ’ਚ ਵਿਵਾਦ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਣੇ ਇਲਾਜ ਲਈ ਵੱਖ ਵੱਖ ਨਿੱਜੀ ਹਸਪਤਾਲਾਂ ’ਚ ਦਾਖਲ ਹਨ। ਮੌਕੇ ’ਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਜ਼ਖਮੀ ਆੜਤੀ ਪਾਰਟੀ ਆਗੂ ਮੋਨੂੰ ਪੁਰੀ ਦਾ ਹਾਲ ਜਾਣਨ ਲਈ ਪੁੱਜੇ। ਜਾਣਕਾਰੀ ਦਿੰਦੇ ਹੋਏ ਏਸੀਪੀ ਅਸ਼ੋਕ ਮੀਨਾ ਨੇ ਦੱਸਿਆ ਕਿ ਫੜ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋਈ ਤੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਸ਼ਿਕਾਇਤ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਏਸੀਪੀ ਵੱਲੋਂ ਕਿੰਨੀਆਂ ਗੋਲੀਆਂ ਚੱਲੀਆਂ ਹਨ, ਦੀ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹੀ ਪੁਸ਼ਟੀ ਕੀਤੀ ਜਾ ਸਕਦੀ ਹੈ ਪਰ ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜ ਤੋਂ ਛੇ ਗੋਲੀਆਂ ਚੱਲੀਆਂ ਹਨ। ਮੌਕੇ ’ਤੇ ਫੋਰਾਂਸਿਕ ਟੀਮ ਵੱਲੋਂ ਜਾਂਚ ਆਰੰਭੀ ਗਈ ਹੈ।
-----------------------
ਥਾਣਾ ਮੁਖੀ ਦੇ ਸਾਹਮਣੇ ਚੱਲੀਆਂ ਗੋਲ਼ੀਆਂ
ਦੱਸਿਆ ਜਾ ਰਿਹਾ ਹੈ ਕਿ ਆੜ੍ਹਤੀ ਐਸੋਸੀਏਸ਼ਨ ਭੰਗ ਕਰਨ ਵੇਲੇ ਮੌਕੇ ’ਤੇ ਥਾਣਾ-1 ਦੀ ਪੁਲਿਸ ਫੋਰਸ ਸਮੇਤ ਥਾਣਾ ਮੁਖੀ ਵੀ ਮੌਜੂਦ ਸਨ, ਜਿਨ੍ਹਾਂ ਦੀ ਮੌਜੂਦਗੀ ’ਚ ਗੋਲੀਆਂ ਚੱਲੀਆਂ। ਥਾਣਾ ਮੁਖੀ ਦਾ ਕਹਿਣਾ ਹੈ ਕਿ ਭਾਵੇਂ ਉਹ ਮੌਕੇ ’ਤੇ ਮੌਜੂਦ ਸਨ ਪਰ ਇਕੱਤਰ ਭੀੜ ਵਿਚ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਸ ਵੱਲੋਂ ਗੋਲੀ ਚਲਾਈ ਗਈ ਹੈ। ਗੋਲੀ ਚੱਲਣ ਉਪਰੰਤ ਭੀੜ ਨੂੰ ਖਦੇੜ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।