ਡਾਇਰੀਆ ਕੰਟਰੋਲ ਪੰਦਰਵਾੜਾ 8 ਤੋਂ
diarrhea control program
Publish Date: Tue, 02 Jul 2019 07:14 PM (IST)
Updated Date: Tue, 02 Jul 2019 07:14 PM (IST)
ਸਟਾਫ ਰਿਪੋਰਟਰ, ਜਲੰਧਰ : ਬੱਚਿਆਂ ਨੂੰ ਸਿਹਤਮੰਦ ਬਣਾਉਣ ਤੇ ਡਾਇਰੀਏ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ 8 ਜੁਲਾਈ ਤੋਂ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਦਰਵਾੜੇ ਦੌਰਾਨ 3.34 ਲੱਖ ਓਆਰਐੱਸ ਦੇ ਪੈਕਟ ਤੇ 5 ਲੱਖ ਜਿੰਕ ਦੀਆਂ ਗੋਲੀਆਂ ਤਕਸੀਮ ਕੀਤੀਆਂ ਜਾਣਗੀਆਂ। ਆਸ਼ਾ ਤੇ ਏਐੱਨਐੱਮਜ਼ ਵਰਕਰਾਂ ਵੱਲੋਂ ਜਿਨ੍ਹਾਂ ਘਰਾਂ 'ਚ 5 ਸਾਲ ਤਕ ਦੇ ਬੱਚੇ ਹਨ, ਨੂੰ ਘਰ-ਘਰ ਸਰਵੇ ਕਰ ਕੇ ਕਵਰ ਕੀਤਾ ਜਾਵੇਗਾ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰਾਂ ਵਿਚ ਜਾ ਕੇ ਓਆਰਐੱਸ ਤਿਆਰ ਕਰਨ ਦੀ ਸਹੀ ਵਿਧੀ ਬਾਰੇ ਦੱਸਿਆ ਜਾਵੇਗਾ ਜਿਸ ਰਾਹੀਂ ਮਾਤਾਵਾਂ ਵੱਲੋਂ ਬੱਚਿਆਂ ਨੂੰ ਓਆਰਐੱਸ ਦਾ ਘੋਲ ਪਿਲਾ ਕੇ ਉਨ੍ਹਾਂ ਨੂੰ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇਗਾ। ਇਸ ਤੋਂ ਇਲਾਵਾ ਰਾਸ਼ਟਰੀ ਬਾਲ ਸਵੱਛ ਕਰਿਆਕ੍ਰਮ ਤਹਿਤ ਵੱਖਰੀਆਂ ਟੀਮਾਂ ਵੱਲੋਂ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਖਾਣ ਤੋਂ ਪਹਿਲਾਂ ਹੱਥਾਂ ਨੂੰ ਧੋਣ ਬਾਰੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।
ਡੀਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਘਰਾਂ ਦਾ ਦੌਰਾ ਕਰ ਕੇ ਕੁਪੋਸ਼ਣ ਦਾ ਸ਼ਿਕਾਰ ਹੋਏ ਬੱਚਿਆਂ ਦੀ ਪਛਾਣ ਕਰ ਕੇ ਸਿਹਤ ਵਿਭਾਗ ਨੂੰ ਰਿਪੋਰਟ ਭੇਜੀ ਜਾਵੇਗੀ, ਤਾਂ ਜੋ ਇਨ੍ਹਾਂ ਬੱਚਿਆਂ ਵੱਲ ਖਾਸ ਧਿਆਨ ਦਿੱਤਾ ਜਾ ਸਕੇ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡਾਇਰੀਏ ਸਬੰਧੀ ਜਾਗਰੂਕ ਕਰਨ ਲਈ ਮੀਟਿੰਗਾਂ ਕਰਨ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਸਥਾਨਾਂ 'ਤੇ ਪੋਸਟਰ, ਬੈਨਰ ਤੇ ਹੋਰਡਿੰਗ ਲਗਾਏ ਜਾਣਗੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਜਲੰਧਰ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਸੀਨੀਅਰ ਮੈਡੀਕਲ ਅਫ਼ਸਰਾਂ ਤੇ ਮੈਡੀਕਲ ਅਫ਼ਸਰਾਂ ਨੂੰ ਪਹਿਲਾਂ ਹੀ ਸਿਖਲਾਈ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ 1425 ਆਸ਼ਾ ਵਰਕਰਾਂ ਤੇ 300 ਏਐੱਨਐੱਮਜ਼ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ, ਕਮਿਊਨਟੀ ਅਤੇ ਮੁੱਢਲੇ ਤੇ ਆਂਗਨਵਾੜੀ ਸੈਂਟਰਾਂ ਵਿਖੇ ਕਾਊਂਸਿਲੰਗ ਸੈਂਟਰ ਸਥਾਪਿਤ ਕੀਤੇ ਜਾਣਗੇ।
ਸਿਹਤ ਵਿਭਾਗ ਵੱਲੋਂ ਸਿਵਲ ਤੇ ਈਐੱਸਆਈ ਹਸਪਤਾਲਾਂ, ਮੁੱਢਲੇ ਸਿਹਤ ਕੇਂਦਰਾਂ, ਸਬ ਸੈਂਟਰਾਂ, ਮਿੰਨੀ ਸਿਹਤ ਕੇਂਦਰਾਂ ਅਤੇ ਪ੍ਰਰਾਈਵੇਟ ਕਲੀਨਿਕਾਂ 'ਤੇ ਹੈਲਥ ਕਾਰਨਰ ਸਥਾਪਿਤ ਕੀਤੇ ਜਾਣਗੇ ਤੇ ਇੱਥੇ ਆਉਣ ਵਾਲੇ ਬੱਚਿਆਂ ਨੂੰ ਓਆਰਐੱਸ ਦੇ ਪੈਕਟ ਤੇ ਜਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬੱਚਿਆਂ ਨੂੰ ਪਹਿਲੇ 6 ਮਹੀਨੇ ਤਕ ਮਾਂ ਦਾ ਦੁੱਧ ਪਿਲਾਉਣ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।