ਜਤਿੰਦਰ ਪੰਮੀ, ਜਲੰਧਰ 18 ਅਗਸਤ ਨੂੰ ਸਤਲੁਜ 'ਚ ਪਾਣੀ ਦਾ ਪੱਧਰ ਵੱਧਣ ਨਾਲ ਜ਼ਿਲ੍ਹੇ ਅੰਦਰ ਪੈਂਦੇ 70 ਕਿਲੋਮੀਟਰ ਲੰਮੇ ਧੁੱਸੀ ਬੰਨ੍ਹ 'ਚ ਪਏ 18 ਪਾੜਾਂ 'ਚੋਂ ਫਿਲੌਰ ਸਬ-ਡਵੀਜ਼ਨ 'ਚ ਪੈਂਦੇ ਧੁੱਸੀ ਬੰਨ੍ਹ ਪਏ ਪਾੜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਤ ਸਮਾਜ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਲਗਪਗ ਪੂਰ ਲਏ ਗਏ ਹਨ।
ਜਤਿੰਦਰ ਪੰਮੀ, ਜਲੰਧਰ
18 ਅਗਸਤ ਨੂੰ ਸਤਲੁਜ 'ਚ ਪਾਣੀ ਦਾ ਪੱਧਰ ਵੱਧਣ ਨਾਲ ਜ਼ਿਲ੍ਹੇ ਅੰਦਰ ਪੈਂਦੇ 70 ਕਿਲੋਮੀਟਰ ਲੰਮੇ ਧੁੱਸੀ ਬੰਨ੍ਹ 'ਚ ਪਏ 18 ਪਾੜਾਂ 'ਚੋਂ ਫਿਲੌਰ ਸਬ-ਡਵੀਜ਼ਨ 'ਚ ਪੈਂਦੇ ਧੁੱਸੀ ਬੰਨ੍ਹ ਪਏ ਪਾੜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਤ ਸਮਾਜ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਲਗਪਗ ਪੂਰ ਲਏ ਗਏ ਹਨ। ਪ੍ਰਸ਼ਾਸਨ ਵੱਲੋਂ ਹੁਣ ਸ਼ਾਹਕੋਟ ਸਬ-ਡਵੀਜ਼ਨ 'ਚ ਪੈਂਦੇ ਧੁੱਸੀ ਬੰਨ੍ਹ ਦੇ ਪਾੜ ਛੇਤੀ ਪੂਰਨ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਪਾੜ ਪੂਰਨ ਦੇ ਕੰਮ 'ਚ ਹੋਰ ਤੇਜ਼ੀ ਲਿਆਂਦੀ ਗਈ ਹੈ। ਜਾਨੀਆ ਚਾਹਲ 'ਚ ਪਏ ਸਭ ਤੋਂ ਵੱਡੇ 700 ਫੁੱਟ ਦਾ ਪਾੜ ਪੂਰਨ ਲਈ ਫੌਜ, ਸਮਾਜ ਸੇਵੀ ਸੰਸਥਾਵਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਵੱਲੋਂ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪਿੰਡ ਮੰਡਾਲਾ ਵਿਖੇ ਧੁੱਸੀ ਬੰਨ੍ਹ 'ਚ ਪਏ 250 ਫੁੱਟ ਪਾੜ ਨੂੰ ਪੂਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਵੱਖ-ਵੱਖ ਸੰਸਥਾਵਾਂ ਦੇ ਵਲੰਟੀਅਰਾਂ ਤੇ ਸੈਂਕੜੇ ਨਰੇਗਾ ਵਰਕਰਾਂ ਵੱਲੋਂ ਮਿੱਟੀ ਦੇ ਬੋਰਿਆਂ ਨਾਲ ਬੰਨ੍ਹ ਦੇ ਪਾੜ੍ਹ ਨੂੰ ਪੂਰਨ ਲਈ ਲਾਇਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਫਿਲੌਰ ਸਬ-ਡਵੀਜ਼ਨ 'ਚ ਪੈਂਦੇ ਧੁੱਸੀ ਬੰਨ੍ਹ ਦੇ ਪਾੜ ਲਗਪਗ ਪੂਰ ਲਏ ਗਏ ਹਨ ਅਤੇ ਹੁਣ ਸ਼ਾਹਕੋਟ ਸਬ-ਡਵੀਜ਼ਨ 'ਚ ਪੈਂਦੇ ਧੁੱਸੀ ਬੰਨ੍ਹ ਦੇ ਪਾੜ ਪੂਰਨ ਦੇ ਕੰਮ 'ਚ ਹੋਰ ਤੇਜ਼ੀ ਲਿਆਂਦੀ ਗਈ ਹੈ ਜਿਥੇ ਕਿ ਪਹਿਲਾਂ ਹੀ ਕੰਮ ਜੰਗੀ ਪੱਧਰੀ 'ਤੇ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦਰਿਆ ਸਤਲੁਜ ਦੇ ਨਾਲ ਲੱਗਦੇ ਪਿੰਡ ਜਾਨੀਆ ਚਾਹਲ ਦੇ ਧੁੱਸੀ ਬੰਨ 'ਚ ਪਏ ਸਭ ਤੋਂ ਵੱਡੇ 500 ਫੁੱਟ ਪਾੜ ਪੂਰਨ ਲਈ ਫੌਜ ਤੇ ਮਗਨਰੇਗਾ ਵਰਕਰਾਂ ਵੱਲੋਂ ਦਿਨ-ਰਾਤ ਕੰਮ ਚੱਲ ਰਿਹਾ ਹੈ। ਪਿੰਡ ਜਾਨੀਆਂ ਚਾਹਲ 'ਚ ਹੁਣ ਤਕ 145 ਫੁੱਟ ਪਾੜ 'ਚ ਮਿੱਟੀ ਦੇ ਬੋਰੇ ਤੇ 135 ਫੁੱਟ ਪਾੜ 'ਚ ਪੱਥਰਾਂ ਨਾਲ ਕੰਢਾ ਬਣਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਅੌਖੀ ਘੜੀ 'ਚੋਂ ਛੇਤੀ ਤੋਂ ਛੇਤੀ ਬਾਹਰ ਕੱਢਣ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ 'ਚ ਪਏ ਪਾੜ ਪੂਰਨ ਲਈ ਭਾਰਤੀ ਫੌਜ ਨੂੰ ਸਹਾਇਤਾ ਲਈ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬੰਨ੍ਹ 'ਚ ਪਏ ਪਾੜਾਂ ਨੂੰ ਮਿੱਟੀ ਦੇ ਬੋਰਿਆਂ, ਪੱਥਰਾਂ ਤੇ ਹੋਰ ਸਾਮਾਨ ਨਾਲ ਮਜ਼ਬੂਤ ਬਣਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਇਸ ਕੰਮ ਨੂੰ ਬਿਨਾਂ ਕਿਸੇ ਦੇਰੀ ਦੇ ਪੂਰਾ ਕੀਤਾ ਜਾ ਸਕੇ।
ਪੰਜ ਪਿੰਡਾਂ 'ਚ ਹਾਲੇ ਵੀ 4-5 ਫੁੱਟ ਤਕ ਪਾਣੀ
ਹੜ੍ਹ ਕਾਰਨ ਸ਼ਾਹਕੋਟ ਸਬ-ਡਵੀਜ਼ਨ ਦੇ 21 ਪਿੰਡ ਪਾਣੀ 'ਚ ਡੁੱਬ ਗਏ ਸਨ, ਜਿਨ੍ਹਾਂ 'ਚੋਂ ਬਹੁਤੇ ਪਿੰਡਾਂ 'ਚੋਂ ਪਾਣੀ ਨਿਕਲ ਗਿਆ ਹੈ ਪਰ ਪੰਜ ਪਿੰਡ ਹਾਲੇ ਵੀ 4-5 ਫੁੱਟ ਪਾਣੀ 'ਚ ਡੁੱਬੇ ਹੋਏ ਹਨ। ਪਿੰਡ ਮਰਾਜਵਾਲਾ ਤਕ ਰਸਤਾ ਖੁੱਲ੍ਹ ਗਿਆ ਹੈ ਪਰ ਇਸ ਤੋਂ ਅਗਲੇ ਪਿੰਡਾਂ 'ਚ ਜਾਣ ਲਈ ਵੱਡੇ ਵਾਹਨ ਹੀ ਜਾ ਰਹੇ ਹਨ ਜਦਕਿ ਸਕੂਟਰ-ਮੋਟਰਸਾਈਕਲ ਨਹੀਂ ਲੰਘ ਰਹੇ ਕਿਉਂਕਿ ਇਨ੍ਹਾਂ ਪਿੰਡਾਂ ਦੀਆਂ ਸੜਕਾਂ 'ਤੇ ਵੀ ਪਾਣੀ ਭਰਿਆ ਹੋਇਆ ਹੈ। ਇਨ੍ਹਾਂ ਪਿੰਡਾਂ 'ਚ ਪਾਣੀ ਨਾ ਸੁੱਕਣ ਦਾ ਕਾਰਨ ਇਹ ਹੈ ਕਿ ਹਾਲੇ ਜਾਨੀਆ ਚਾਹਲ ਤੇ ਮੰਡਾਲਾ ਛੰਨਾ ਵਾਲੇ ਪਾੜ ਪੂਰਨ ਦਾ ਕੰਮ ਚੱਲ ਰਿਹਾ ਹੈ ਤੇ ਇਨ੍ਹਾਂ ਪਾੜਾਂ ਰਾਹੀਂ ਦਰਿਆ ਦਾ ਪਾਣੀ ਲਗਾਤਾਰ ਇਨ੍ਹਾਂ ਪਿੰਡਾਂ ਵੱਲ ਨੂੰ ਆ ਰਿਹਾ ਹੈ। ਇਸ ਲਈ ਜਿੰਨੀ ਦੇਰ ਤਕ ਪਾੜ ਪੂਰੀ ਤਰ੍ਹਾਂ ਪੂਰ ਨਹੀਂ ਲਏ ਜਾਂਦੇ, ਓਨੀ ਦੇਰ ਤਕ ਇਹ ਪਾਣੀ ਸੁੱਕਣ 'ਚ ਸਮਾਂ ਲੱਗੇਗਾ।
ਹੌਲ਼ੀ-ਹੌਲ਼ੀ ਲੀਹ 'ਤੇ ਆਉਣ ਲੱਗੀ ਜ਼ਿੰਦਗੀ
ਪਿਛਲੇ 10 ਦਿਨਾਂ ਤੋਂ ਹੜ੍ਹ ਦੇ ਪਾਣੀ 'ਚ ਿਘਰੇ ਜ਼ਿਲ੍ਹੇ ਦੇ ਬਹੁਤੇ ਪਿੰਡਾਂ 'ਚੋਂ ਪਾਣੀ ਨਿਕਲ ਗਿਆ ਹੈ, ਹਾਲਾਂਕਿ ਲੋਹੀਆਂ ਬਲਾਕ ਦੇ ਕੁਝ ਪਿੰਡਾਂ 'ਚ ਪਾਣੀ ਭਰਿਆ ਹੋਇਆ ਹੈ। ਫਿਲੌਰ ਤਹਿਸੀਲ ਦੇ ਬਹੁਤੇ ਪਿੰਡਾਂ 'ਚ ਲੋਕਾਂ ਨੇ ਆਪਣੇ ਘਰਾਂ ਦੀ ਸਾਫ਼-ਸਫ਼ਾਈ ਵੀ ਕਰ ਲਈ ਹੈ ਤੇ ਉਥੇ ਜ਼ਿੰਦਗੀ ਆਮ ਵਾਂਗ ਹੋਣੀ ਸ਼ੁਰੂ ਹੋ ਗਈ ਹੈ। ਇਨ੍ਹਾਂ ਪਿੰਡਾਂ 'ਚ ਬਿਜਲੀ ਤੇ ਪਾਣੀ ਦੀ ਸਹੂਲਤ ਵੀ ਬਹਾਲ ਹੋ ਚੁੱਕੀ ਹੈ। ਓਧਰ ਖੇਤਾਂ 'ਚ ਹਾਲੇ ਵੀ ਪਾਣੀ ਭਰਿਆ ਹੋਇਆ ਹੈ ਤੇ ਬਹੁਤੇ ਪਿੰਡਾਂ 'ਚ ਫਸਲਾਂ ਨੁਕਸਾਨੀਆਂ ਗਈਆਂ ਹਨ। ਇਸੇ ਦੇ ਉਲਟ ਲੋਹੀਆਂ ਬਲਾਕ ਦੇ ਪਿੰਡਾਂ 'ਚ ਜਨ-ਜੀਵਨ ਆਮ ਵਰਗਾ ਹੋਣ 'ਚ ਕੁਝ ਦਿਨ ਹੋਰ ਲੱਗਣਗੇ, ਖਾਸ ਕਰ ਕੇ ਧੁੱਸੀ ਅੰਦਰਲੇ ਇਲਾਕੇ 'ਚ ਵਸੇ ਪਿੰਡਾਂ ਤੇ ਡੇਰਿਆਂ 'ਚ ਸਥਿਤੀ ਹਾਲੇ ਵੀ ਬਦਤਰ ਹੈ।