ਅੰਡਰਪਾਸ ਖੁੱਲ੍ਹਣ ਨਾਲ ਸਕੂਲਾਂ ਤੇ ਕਾਲੋਨੀਆਂ ਨੂੰ ਮਿਲੀ ਰਾਹਤ
ਧੰਨੋਵਾਲੀ ਅੰਡਰਪਾਸ ਲੋਕਾਂ ਲਈ ਖੁੱਲ੍ਹਿਆ, ਦੋ ਸਕੂਲਾਂ ਤੇ 10 ਤੋਂ ਵੱਧ ਕਾਲੋਨੀਆਂ ਦੇ ਵਸਨੀਕਾਂ ਨੂੰ ਮਿਲੀ ਰਾਹਤ
Publish Date: Tue, 21 Apr 2026 10:11 PM (IST)
Updated Date: Tue, 21 Apr 2026 10:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੇਲਵੇ ਵੱਲੋਂ ਧੰਨੋਵਾਲੀ ਫਾਟਕ ਨੂੰ ਗ੍ਰਿੱਲ ਲਗਾ ਕੇ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਣਾਇਆ ਗਿਆ ਅੰਡਰਪਾਸ ਹੁਣ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਨਾਲ ਦੋ ਸਕੂਲਾਂ ਅਤੇ 10 ਤੋਂ ਵੱਧ ਕਾਲੋਨੀਆਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਫਾਟਕ ਅੰਮ੍ਰਿਤਸਰ-ਨਵੀਂ ਦਿੱਲੀ ਅਤੇ ਨਵੀਂ ਦਿੱਲੀ–ਜੰਮੂ ਰੇਲ ਲਾਈਨ ‘ਤੇ ਸਥਿਤ ਹੈ। ਦਿਨ ਦੇ ਸਮੇਂ ਲਗਭਗ 115 ਰੇਲਗੱਡੀਆਂ ਦੇ ਲੰਘਣ ਕਕਾਰਨ ਫਾਟਕ ਵਾਰ-ਵਾਰ ਬੰਦ ਰਹਿੰਦਾ ਸੀ। ਇਸ ਤੋਂ ਇਲਾਵਾ ਇਹ ਫਾਟਕ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ਨਾਲ ਵੀ ਜੁੜਿਆ ਹੋਇਆ ਹੈ, ਜਿਸ ਕਾਰਨ ਫਾਟਕ ਬੰਦ ਹੋਣ ‘ਤੇ ਲੰਮੇ ਜਾਮ ਲੱਗ ਜਾਂਦੇ ਸਨ। ਜਾਮ ਹਾਈਵੇ ਤੱਕ ਫੈਲ ਜਾਂਦਾ ਸੀ ਅਤੇ ਆਵਾਜਾਈ ਬਹੁਤ ਪ੍ਰਭਾਵਿਤ ਹੁੰਦੀ ਸੀ। ਹੁਣ ਅੰਡਰਪਾਸ ਤਿਆਰ ਹੋ ਕੇ ਖੁੱਲ੍ਹਣ ਨਾਲ ਦਿੱਲੀ ਪਬਲਿਕ ਸਕੂਲ, ਸਰਕਾਰੀ ਸਕੂਲ ਧੰਨੋਵਾਲੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਧੰਨੋਵਾਲੀ, ਦਕੋਹਾ, ਅਰਮਾਨ ਨਗਰ, ਅਜੀਤ ਵਿਹਾਰ, ਅਜੀਤ ਕਾਲੋਨੀ, ਤਰਨ ਐਨਕਲੇਵ, ਭੁੱਲਰ ਕਾਲੋਨੀ, ਬਾਬਾ ਬੁੱਢਾ ਜੀ ਕਾਲੋਨੀ, ਵੇਦ ਮਾਤਾ ਕਾਲੋਨੀ, ਸਿਮਰਨ ਕਾਲੋਨੀ, ਸਲੇਮਪੁਰ ਅਤੇ ਤੱਲ੍ਹਣ ਸਥਿਤ ਗੁਰਦੁਆਰਾ ਸਾਹਿਬ ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਸੁਵਿਧਾ ਮਿਲੇਗੀ। ਇਹ ਅੰਡਰਪਾਸ ਯੂ-ਸ਼ੇਪ ਵਿਚ ਬਣਾਇਆ ਗਿਆ ਹੈ ਤੇ ਇਸ ਨੂੰ ਰੇਲਵੇ ਦੀ ਜ਼ਮੀਨ ‘ਤੇ ਰੇਲ ਲਾਈਨ ਦੇ ਨਾਲ-ਨਾਲ ਤਿਆਰ ਕੀਤਾ ਗਿਆ ਹੈ। ਇਸ ਦੀ ਲੰਬਾਈ 24 ਮੀਟਰ ਅਤੇ ਉੱਚਾਈ 5 ਮੀਟਰ ਹੈ। ਧੰਨੋਵਾਲੀ ਅੰਡਰਪਾਸ ਦਾ ਨਿਰਮਾਣ ਮਾਰਚ 2025 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਮੌਨਸੂਨ ਦੌਰਾਨ ਤਿੰਨ ਮਹੀਨੇ ਕੰਮ ਰੁਕਿਆ ਰਿਹਾ। ਇਸ ਤਰ੍ਹਾਂ ਲਗਪਗ ਇਕ ਸਾਲ ’ਚ ਇਹ ਅੰਡਰਪਾਸ ਤਿਆਰ ਹੋ ਗਿਆ। ਅੰਡਰਪਾਸ ਤੱਕ ਪੁੱਜਣ ਲਈ 130 ਮੀਟਰ ਲੰਬੀ ਅਪ੍ਰੋਚ ਰੋਡ ਬਣਾਈ ਗਈ ਹੈ। ਇਸ ਦੇ ਨਾਲ 4.78 ਮੀਟਰ ਉੱਚਾਈ ‘ਤੇ ਹਾਈਟ ਗੇਜ ਵੀ ਲਗਾਏ ਗਏ ਹਨ, ਤਾਂ ਜੋ ਇਸ ਤੋਂ ਵੱਧ ਉਚਾਈ ਵਾਲੇ ਵਾਹਨਾਂ ਦੀ ਆਵਾਜਾਈ ਰੋਕੀ ਜਾ ਸਕੇ। ਜ਼ਿਕਰਯੋਗ ਹੈ ਕਿ ਅੰਡਰਪਾਸ ਖੋਲ੍ਹਣ ਲਈ ਰੇਲਵੇ ਵੱਲੋਂ 17 ਤੋਂ 21 ਅਪ੍ਰੈਲ ਤੱਕ ਧੰਨੋਵਾਲੀ ਫਾਟਕ ‘ਤੇ ਬਲਾਕ ਲਿਆ ਗਿਆ ਸੀ ਤਾਂ ਜੋ ਸਾਰੇ ਕੰਮ ਬਿਨਾਂ ਰੁਕਾਵਟ ਦੇ ਪੂਰੇ ਕੀਤੇ ਜਾ ਸਕਣ। ਹੁਣ ਇਸ ਤੋਂ ਬਾਅਦ ਦਕੋਹਾ ਫਾਟਕ ’ਤੇ ਜਾਮ ਦੀ ਸਮੱਸਿਆ ਨੂੰ ਘਟਾਉਣ ਲਈ ਵੀ ਜਲਦੀ ਯੋਜਨਾਵਾਂ ’ਤੇ ਕੰਮ ਕੀਤਾ ਜਾਵੇਗਾ।