ਆਗਮਨ ਪੁਰਬ ਮੌਕੇ ਸਜਾਏ ਨਗਰ ਕੀਰਤਨ ਦਾ ਸੰਗਤਾਂ ਨੇ ਲਿਆ ਲਾਹਾ
ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਮੌਕੇ ਸਜਾਏ ਨਗਰ ਕੀਰਤਨ ਦਾ ਸੰਗਤਾਂ ਨੇ ਲਿਆ ਲਾਹਾ
Publish Date: Wed, 29 Apr 2026 09:28 PM (IST)
Updated Date: Wed, 29 Apr 2026 09:31 PM (IST)

-ਨਿਹੰਗ ਸਿੰਘਾਂ ਨੇ ਵਿਖਾਏ ਗੱਤਕੇ ਦੇ ਜੌਹਰ, ਪ੍ਰਬੰਧਕਾਂ ਨੇ ਸੇਵਾਵਾਂ ਨਿਭਾਉਣ ਵਾਲਿਆ ਨੂੰ ਕੀਤਾ ਸਨਮਾਨਿਤ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਡਿਫੈਂਸ ਕਾਲੋਨੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਗਿਆ ਨਗਰ ਕੀਰਤਨ ਸ਼ਹਿਰ ਦੀਆਂ ਵੱਖ-ਵੱਖ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਗਤਕਾ ਅਖਾੜੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਗੜ੍ਹਾ ਰੋਡ, ਬੱਸ ਸਟੈਂਡ, ਗ੍ਰੀਨ ਪਾਰਕ,ਮਾਸਟਰ ਮੋਤਾ ਸਿੰਘ ਨਗਰ, ਕੂਲ ਰੋਡ, ਐੱਸਜੀਐੱਲ ਹਸਪਤਾਲ ਆਦਿ ਇਲਾਕਿਆਂ ’ਚੋਂ ਹੁੰਦਾ ਹੋਇਆ ਸ਼ਹਿਰ ਦੇ ਕੇਂਦਰੀ ਗੁਰਦੁਆਰਾ ਸਾਹਿਬ ’ਚ ਸਮਾਪਤ ਹੋਇਆ। ਪਾਲਕੀ ਸਾਹਿਬ ’ਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ’ਤੇ ਚੌਰ ਸਾਹਿਬ ਦੀ ਸੇਵਾ ਨਿਰਮਲ ਕੁਟੀਆ ਦੇ ਸੰਤ ਬਾਬਾ ਜੀਤ ਸਿੰਘ ਦੁਆਰਾ ਕੀਤੀ ਗਈ। ਸੰਗਤ ਨੇ ਪਾਲਕੀ ਸਾਹਿਬ ਦੇ ਅੱਗੇ ਰਸਤੇ ਦੀ ਸਫਾਈ ਅਤੇ ਫੁੱਲਾਂ ਦੀ ਵਰਖਾ ਕਰਨ ਦੀ ਸੇਵਾ ਨਿਭਾਈ। ਪੈਦਲ ਚੱਲ ਰਹੇ ਸ਼ਰਧਾਲੂਆਂ ਦੇ ਨਾਲ-ਨਾਲ ਉਨ੍ਹਾਂ ਦੇ ਨਾਲ ਆਏ ਰਾਗੀ ਅਤੇ ਢਾਡੀ ਜਥਿਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਣਾਂ ਦੀ ਉਸਤਤ ਕਰਦੇ ਹੋਏ ਕੀਰਤਨ ਦੀ ਹਾਜ਼ਰੀ ਭਰੀ। ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਦੇ ਰਸਤੇ ਤੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕੀਤਾ। ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ। ਨਗਰ ਕੀਰਤਨ ’ਚ ਠੰਢੇ ਮਿੱਠੇ ਜਲ ਦੀ ਸੇਵਾ ਭਾਈ ਕਨ੍ਹਈਆ ਜੀ ਸੇਵਕ ਦਲ ਦੁਆਰਾ ਕੀਤੀ ਗਈ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ, ਜਥੇਦਾਰ ਜਗਜੀਤ ਸਿੰਘ ਗਾਬਾ, ਦਲਜੀਤ ਸਿੰਘ ਗਾਬਾ,ਬੇਅੰਤ ਸਿੰਘ ਸਰਹੱਦੀ, ਸਤਪਾਲ ਸਿੰਘ ਸਿਦਕੀ, ਗੁਰਮੀਤ ਸਿੰਘ ਬਿੱਟੂ, ਕੰਵਲਜੀਤ ਸਿੰਘ ਓਬਰਾਏ, ਮੁਹਿੰਦਰਜੀਤ ਸਿੰਘ, ਜੋਗਿੰਦਰ ਸਿੰਘ ਲਾਇਲਪੁਰੀ, ਗੁਰਨਾਮ ਸਿੰਘ ਪੇਲੀਆ, ਚਰਨਜੀਤ ਸਿੰਘ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖਾਲਸਾ, ਗਿਆਨੀ ਗੁਰਮੀਤ ਸਿੰਘ, ਰਛਪਾਲ ਸਿੰਘ ਅਕਾਲੀ, ਹਰਜੋਤ ਸਿੰਘ ਲੱਕੀ, ਦਵਿੰਦਰ ਸਿੰਘ, ਅਵਤਾਰ ਸਿੰਘ ਵਾਲੀਆ, ਹਰਵਿੰਦਰ ਸਿੰਘ ਸੰਧੂ, ਹਰਬਲਬੀਰ ਸਿੰਘ, ਗਗਨਪਾਲ ਸਿੰਘ, ਗੁਰਿੰਦਰ ਸਿੰਘ, ਭੁਪਿੰਦਰਪਾਲ ਸਿੰਘ ਖਾਲਸਾ ਆਦਿ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਨੇ ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਨਾਲ-ਨਾਲ ਹਾਜ਼ਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ।