ਐੱਨਓਸੀ ਦੇ ਬਾਵਜੂਦ ਨਿਗਮ ਦੀ ਟੀਮ ਪਟਾਕਾ ਮਾਰਕੀਟ ਦਾ ਕੰਮ ਰੋਕਣ ਪੁੱਜੀ
ਪੁਲਿਸ ਦੀ ਐੱਨਓਸੀ ਦੇ ਬਾਵਜੂਦ ਨਿਗਮ ਦੀ ਟੀਮ ਪਟਾਕਾ ਮਾਰਕੀਟ ਦਾ ਕੰਮ ਰੋਕਣ ਲਈ ਪਹੁੰਚੀ
Publish Date: Mon, 13 Oct 2025 10:46 PM (IST)
Updated Date: Mon, 13 Oct 2025 10:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਈ ਕੋਸ਼ਿਸ਼ਾਂ ਤੋਂ ਬਾਅਦ ਪਟਾਕਿਆਂ ਦੀ ਵਿਕਰੀ ਲਈ ਮਿਲੀ ਮਾਰਕੀਟ ਦੀ ਜਗ੍ਹਾ ਨੂੰ ਲੈ ਕੇ ਸੋਮਵਾਰ ਨੂੰ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ। ਪੁਲਿਸ ਵੱਲੋਂ ਪਠਾਨਕੋਟ ਚੌਕ ਦੇ ਨੇੜੇ ਸਰਕਸ ਗਰਾਊਂਡ ਲਈ ਐੱਨਓਸੀ ਮਿਲਣ ਤੋਂ ਬਾਅਦ ਪਟਾਕਾ ਵਪਾਰੀ ਇੱਥੇ ਸਟਾਲ ਬਣਾਉਣ ਦਾ ਕੰਮ ਸ਼ੁਰੂ ਕਰ ਚੁੱਕੇ ਸਨ, ਪਰ ਦੂਜੇ ਹੀ ਦਿਨ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਕੰਮ ਰੋਕਵਾਉਣ ਲਈ ਮੌਕੇ ਤੇ ਪਹੁੰਚ ਗਈ। ਪਟਾਕਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਭੰਡਾਰੀ ਨੇ ਜਦੋਂ ਉਨ੍ਹਾਂ ਤੋਂ ਕਿਸੇ ਇਤਰਾਜ ਦੇ ਬਾਰੇ ਪੁੱਛਿਆ ਤਾਂ ਨਿਗਮ ਦੀ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਗੈਰਕਾਨੂੰਨੀ ਨਿਰਮਾਣ ਦੀ ਸੂਚਨਾ ਮਿਲੀ ਸੀ। ਕਾਫ਼ੀ ਦੇਰ ਤਕ ਚੱਲੇ ਵਿਵਾਦ ਤੋਂ ਬਾਅਦ ਨਗਰ ਨਿਗਮ ਦੀ ਟੀਮ ਵਾਪਸ ਚਲੀ ਗਈ। ਜਾਣਕਾਰੀ ਮਿਲਦੇ ਹੀ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਵੀ ਮੌਕੇ ਦੀ ਜਾਂਚ ਕਰਨ ਪਹੁੰਚੇ। ਪਟਾਕਾ ਮਾਰਕੀਟ ਨੂੰ ਪਠਾਨਕੋਟ ਬਾਈਪਾਸ ਦੇ ਨੇੜੇ ਸਰਕਸ ਗਰਾਊਂਡ ’ਚ ਪਟਾਕੇ ਵੇਚਣ ਲਈ ਪ੍ਰਸ਼ਾਸਨ ਵੱਲੋਂ ਜਗ੍ਹਾ ਮੁਹੱਈਆ ਕਰਵਾਈ ਗਈ ਹੈ। ਜਾਣਕਾਰੀ ਅਨੁਸਾਰ, ਇਸ ਜਗ੍ਹਾ ਨੂੰ ਲੈ ਕੇ ਅਜੇ ਤੱਕ ਪ੍ਰਸ਼ਾਸਨ ਵੱਲੋਂ ਐੱਨਓਸੀ ਜਾਰੀ ਨਹੀਂ ਕੀਤੀ ਗਈ ਸੀ। ਇਸੇ ਕਾਰਨ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਮਾਰਕੀਟ ਤਿਆਰ ਕਰਨ ਦਾ ਕੰਮ ਰੋਕਣ ਲਈ ਪਹੁੰਚੀ। ਪਟਾਕਾ ਮਾਰਕੀਟ ਦੇ ਪ੍ਰਧਾਨ ਵਿਕਾਸ ਭੰਡਾਰੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਐੱਨਓਸੀ ਜਾਰੀ ਕੀਤੀ ਜਾ ਚੁੱਕੀ ਹੈ ਤੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਵੀ ਐੱਨਓਸੀ ਮਿਲ ਗਈ ਹੈ। ਫਿਰ ਵੀ ਨਗਰ ਨਿਗਮ ਦੀ ਟੀਮ ਬਿਨਾਂ ਕਿਸੇ ਆਧਾਰ ’ਤੇ ਕੰਮ ਰੋਕਣ ਆ ਗਈ। ਉਨ੍ਹਾਂ ਕਿਹਾ ਕਿ ਜਦੋਂ ਨਿਗਮ ਦੀ ਟੀਮ ਤੋਂ ਪੁੱਛਿਆ ਗਿਆ ਕਿ ਕੀ ਕੰਮ ਰੋਕਣ ਲਈ ਨਿਗਮ ਜਾਂ ਮੇਅਰ ਵੱਲੋਂ ਕੋਈ ਹੁਕਮ ਜਾਰੀ ਕੀਤੇ ਗਏ ਹਨ ਤਾਂ ਉਨ੍ਹਾਂ ਨੂੰ ਦਿਖਾਓ ਇਸ ਸਵਾਲ ’ਤੇ ਟੀਮ ਦਾ ਕੋਈ ਵੀ ਮੈਂਬਰ ਜਵਾਬ ਨਹੀਂ ਦੇ ਸਕਿਆ। ਵਿਕਾਸ ਭੰਡਾਰੀ ਨੇ ਕਿਹਾ ਕਿ ਵਪਾਰੀਆਂ ਨੇ ਨਿੱਜੀ ਤੌਰ ’ਤੇ ਪੈਸਾ ਖਰਚ ਕਰਕੇ ਜਗ੍ਹਾ ਦਾ ਪ੍ਰਬੰਧ ਕੀਤਾ ਹੈ ਤੇ ਪੁਲਿਸ ਨਾਲ ਨਾਲ ਫਾਇਰ ਬ੍ਰਿਗੇਡ ਵਿਭਾਗ ਤੋਂ ਵੀ ਐੱਨਓਸੀ ਲੈ ਲਈ ਹੈ, ਫਿਰ ਵੀ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇੱਥੇ ਪਟਾਕੇ ਸਟੋਰ ਨਹੀਂ ਕੀਤੇ ਗਏ। ਇਸ ਦੌਰਾਨ ਪ੍ਰਧਾਨ ਨੇ ਕਿਹਾ ਕਿ ਜਦੋਂ ਪਟਾਕਾ ਮਾਰਕੀਟ ਦੀਆਂ ਬਣ ਰਹੀਆਂ ਦੁਕਾਨਾਂ ਦਾ ਕੰਮ ਰੋਕਣ ਲਈ ਹੁਕਮ ਦੀ ਕਾਪੀ ਮੰਗੀ ਗਈ ਤਾਂ ਨਗਰ ਨਿਗਮ ਦੀ ਟੀਮ ਕੋਲ ਉਹ ਕਾਪੀ ਨਹੀਂ ਸੀ। ਦੂਜੇ ਪਾਸੇ, ਨਗਰ ਨਿਗਮ ਦੀ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੈਰਕਾਨੂੰਨੀ ਨਿਰਮਾਣ ਦੀ ਸੂਚਨਾ ਮਿਲੀ ਸੀ, ਜਿਸ ਕਾਰਨ ਉਹ ਮੌਕੇ ’ਤੇ ਪਹੁੰਚੇ ਸਨ। ਬਹਿਸ ਤੋਂ ਬਾਅਦ ਟੀਮ ਵਾਪਸ ਪਰਤ ਗਈ।