ਪਿੰਡ ਮਾਹਲਾ ਦੇ ਗੁਰਦੁਆਰੇ ਸ਼੍ਰੀ ਗੁਰੂ ਨਾਨਕ ਦੁਆਰ ’ਚ ਬੇਅਦਬੀ, ਸੰਗਤ ’ਚ ਰੋਸ
ਸੰਵਾਦ ਸਹਿਯੋਗੀ, ਜਲੰਧਰ/ਗੁਰਾਇਆ :
Publish Date: Tue, 20 Jan 2026 10:58 PM (IST)
Updated Date: Tue, 20 Jan 2026 11:00 PM (IST)

ਸੰਵਾਦ ਸਹਿਯੋਗੀ, ਜਲੰਧਰ/ਗੁਰਾਇਆ : ਗੁਰਾਇਆ ਦੇ ਪਿੰਡ ਮਾਹਲਾ ਸਥਿਤ ਇਤਿਹਾਸਕ ਗੁਰਦੁਆਰੇ ਸ਼੍ਰੀ ਗੁਰੂ ਨਾਨਕ ਦੁਆਰ ’ਚ ਬੇਅਦਬੀ ਦੀ ਇਕ ਘਟਨਾ ਵਾਪਰੀ ਹੈ, ਜਿਸ ਨਾਲ ਸੰਗਤ ’ਚ ਭਾਰੀ ਰੋਸ ਪੈਦਾ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਜਸਪ੍ਰੀਤ ਕੌਰ ਨੇ ਦੱਸਿਆ ਕਿ ਸ਼ਾਮ ਲਗਪਗ ਪੰਜ ਵਜੇ ਉਸ ਨੇ ਗੁਰਦੁਆਰੇ ਸਾਹਿਬ ਦੇ ਦਰਵਾਜ਼ੇ ਖੋਲ੍ਹੇ ਸਨ। ਉਸ ਸਮੇਂ ਅੰਦਰ ਕੋਈ ਮੌਜੂਦ ਨਹੀਂ ਸੀ ਤੇ ਉਹ ਬਾਹਰੋਂ ਮੱਥਾ ਟੇਕ ਕੇ ਚਲੀ ਗਈ। ਇਹ ਬੇਅਦਬੀ ਦੀ ਘਟਨਾ ਲਗਪਗ ਸ਼ਾਮ ਛੇ ਵਜੇ ਦੇ ਨੇੜੇ-ਤੇੜੇ ਵਾਪਰੀ। ਜਾਣਕਾਰੀ ਮਿਲੀ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਫਾੜ ਕੇ ਸੁੱਟ ਦਿੱਤਾ। ਇਹ ਘਟਨਾ ਉਸ ਵੇਲੇ ਪਤਾ ਲੱਗਾ ਜਦੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਗੁਰਦੁਆਰੇ ਸਾਹਿਬ ’ਚ ਬੇਅਦਬੀ ਹੋਈ ਹੈ, ਜਿਸ ਤੋਂ ਬਾਅਦ ਪਿੰਡ ਦੇ ਵਾਸੀ ਤੁਰੰਤ ਗੁਰਦੁਆਰੇ ਸਾਹਿਬ ਪੁੱਜੇ। ਗੁਰਦੁਆਰੇ ਸਾਹਿਬ ’ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਕਿਸੇ ਵੀ ਕੈਮਰੇ ਦੀ ਰਿਕਾਰਡਿੰਗ ਚਾਲੂ ਨਹੀਂ ਸੀ। ਕਾਬਿਲੇਗ਼ੌਰ ਹੈ ਕਿ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੁਆਰ ਪਿੰਡ ਮਾਹਲਾ ਦਾ ਸਭ ਤੋਂ ਪੁਰਾਣਾ ਤੇ ਸ਼ਰਧਾ ਦਾ ਮੁੱਖ ਕੇਂਦਰ ਹੈ। ਇੱਥੇ ਕੋਈ ਪੱਕਾ ਗ੍ਰੰਥੀ ਸਿੰਘ ਨਿਯੁਕਤ ਨਹੀਂ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪੁੱਜ ਗਿਆ। ਗੁਰਦੁਆਰੇ ਸਾਹਿਬ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਬੇਅਦਬੀ ਕਰਨ ਵਾਲੇ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਇਸ ਮਾਮਲੇ ਨੂੰ ਪਹਿਲਾਂ ਹੋਈ ਕਿਸੇ ਆਪਸੀ ਰੰਜਿਸ ਜਾਂ ਝਗੜੇ ਨਾਲ ਜੋੜ ਕੇ ਵੀ ਜਾਂਚ ਕਰ ਰਹੀ ਹੈ। ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਕਿਹਾ ਕਿ ਗੁਰਦੁਆਰੇ ਸਾਹਿਬ ਦੀ ਕੋਈ ਕਮੇਟੀ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਫਾੜਨਾ ਬਹੁਤ ਹੀ ਨਿੰਦਣਯੋਗ ਅਤੇ ਦੁਖਦਾਈ ਘਟਨਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਮੌਕੇ ’ਤੇ ਡੀਐੱਸਪੀ ਫਿਲੌਰ ਤੇ ਐੱਸਐੱਚਓ ਗੁਰਾਇਆ ਵੀ ਪੁੱਜ ਕੇ ਮਾਮਲੇ ਦੀ ਜਾਂਚ ’ਚ ਜੁਟੇ ਹੋਏ ਹਨ।