ਡਿਪਟੀ ਡਾਇਰੈਕਟਰ ਵੱਲੋਂ ਰੂਡਸੈਟ ਸੰਸਥਾ ਦਾ ਦੌਰਾ
ਡਿਪਟੀ ਡਾਇਰੈਕਟਰ ਨੀਲਮ ਮਹੇ ਵੱਲੋਂ ਰੂਡਸੈਟ ਸੰਸਥਾ ਦਾ ਦੌਰਾ
Publish Date: Tue, 12 May 2026 07:12 PM (IST)
Updated Date: Tue, 12 May 2026 07:15 PM (IST)

-ਸਿਖਿਆਰਥਣਾਂ ਨੂੰ ਬਿਹਤਰ ਭਵਿੱਖ ਲਈ ਲਗਨ ਤੇ ਮਿਹਨਤ ਨਾਲ ਕੋਰਸ ਪੂਰਾ ਕਰਨ ਲਈ ਪ੍ਰੇਰਿਆ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਨੀਲਮ ਮਹੇ ਵੱਲੋਂ ਅੱਜ ਸਥਾਨਕ ਪੇਂਡੂ ਵਿਕਾਸ ਅਤੇ ਸਵੈ ਰੁਜ਼ਗਾਰ ਸੰਸਥਾ (ਰੂਡਸੈਟ) ਦਾ ਦੌਰਾ ਕੀਤਾ ਗਿਆ। ਦੌਰੇ ਦਾ ਮੁੱਖ ਮੰਤਵ ਸਿਲਾਈ-ਕਢਾਈ ਅਤੇ ਬਿਊਟੀ ਪਾਰਲਰ ਦੇ ਕੋਰਸਾਂ ਤਹਿਤ ਸਿਖਲਾਈ ਪ੍ਰਾਪਤ ਕਰ ਰਹੀਆਂ ਸਿਖਿਆਰਥਣਾਂ ਨੂੰ ਬਿਹਤਰ ਭਵਿੱਖ ਲਈ ਲਗਨ ਤੇ ਮਿਹਨਤ ਨਾਲ ਕੋਰਸ ਪੂਰਾ ਕਰਨ ਲਈ ਪ੍ਰੇਰਿਤ ਕਰਨਾ ਸੀ। ਡਿਪਟੀ ਡਾਇਰੈਕਟਰ ਨੇ ਸਿਖਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਸਿਖਲਾਈ ਉਪਰੰਤ ਢੁੱਕਵੀਂ ਪਲੇਸਮੈਂਟ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਇਲਾਵਾ ਸਵੈ-ਰੁਜ਼ਗਾਰ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਵੈ-ਰੁਜ਼ਗਾਰ ਸ਼ੁਰੂ ਕਰਨ ਦੀਆਂ ਚਾਹਵਾਨ ਸਿਖਿਆਰਥਣਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਸਬਸਿਡੀ ਦਰਾਂ ‘ਤੇ ਮੁਹੱਈਆ ਕਰਵਾਏ ਜਾਣ ਵਾਲੇ ਕਰਜ਼ਿਆਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸੰਜੀਵ ਚੌਹਾਨ ਨੇ ਸਿਖਿਆਰਥਣਾਂ ਨੂੰ ਬੈਂਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਵੈ-ਰੁਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ ਅਪਲਾਈ ਕਰਨ ਦੀ ਢੁੱਕਵੀਂ ਕਾਰਜ-ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਿਪਟੀ ਡਾਇਰੈਕਟਰ ਨੇ ਸਿਲਾਈ-ਕਢਾਈ ਦਾ ਕੋਰਸ ਕਰ ਰਹੀਆਂ ਸਿਖਿਆਰਥਣਾਂ ਨੂੰ ਟੂਲ ਕਿੱਟਾਂ ਤੇ ਬਿਊਟੀ ਪਾਰਲਰ ਦਾ ਕੋਰਸ ਕਰ ਰਹੀਆਂ ਸਿਖਿਆਰਥਣਾਂ ਨੂੰ ਲੋੜੀਂਦੀ ਸਹਾਇਤਾ ਸਮੱਗਰੀ ਵੀ ਵੰਡੀ। ਇਸ ਮੌਕੇ ਸੰਸਥਾ ਦੇ ਫੈਕਲਟੀ ਮੈਂਬਰ ਪ੍ਰਗਟ ਵਾਲੀਆ ਵੀ ਮੌਜੂਦ ਸਨ।